ਚੁੱਪ .

 

ਚੁੱਪ ਇਸ਼ਕੇ ਦਾ ਝੱਲਾਪਣ ਨਹੀਂ ਹੁੰਦਾ

ਅੱਲੵੜ ਦੇ ਬੁਣੇ ਖੁਆਬ ਹੁੰਦੀ ਏ ਚੁੱਪ।


ਚੁੱਪ

ਸਿਰਫ ਦੱਬ ਜਾਣਾ ਨਹੀ ਹੁੰਦਾ

ਬੇਲੋੜੀ ਬਹਿਸ ਦਾ ਜਵਾਬ ਹੁੰਦੀ ਏ ਚੁੱਪ।


ਚੁੱਪ

ਅਵਾਮ ਦਾ ਜ਼ਾਲਿਮ ਰਾਜ ਤੋਂ ਡਰ ਨਹੀ ਹੁੰਦੀ 

ਤੂਫਾਨ ਤੋਂ ਪਹਿਲਾਂ ਦਾ ਸੰਨਾਟਾ ਹੁੰਦੀ ਏ ਚੁੱਪ।


ਚੁੱਪ

ਹਾਰੇ ਹੋਏ ਦੀ ਉਦਾਸੀ ਨਹੀਂ ਹੁੰਦੀ

ਜਿੱਤ ਲਈ ਸੁਲਗਦੀ ਅੱਗ ਹੁੰਦੀ ਏ ਚੁੱਪ।


ਚੁੱਪ

ਦੁਨੀਆ ਤੋਂ  ਟੁੱਟ ਜਾਣਾ ਨਹੀ ਹੁੰਦਾ

ਖੁਦ ਨੂੰ ਪਛਾਣ ਲੈਣਾ ਹੁੰਦੀ ਏ ਚੁੱਪ।


ਚੁੱਪ

ਸਿਰਫ ਇੱਕਲਾਪਣ ਨਹੀ ਹੁੰਦਾ

ਕਵੀ ਲਈ ਵਰਦਾਨ ਹੁੰਦੀ ਏ ਚੁੱਪ।


ਚੁੱਪ

ਸਿਰਫ ਨਰਾਜਗੀ ਨਹੀ ਹੁੰਦੀ

ਰਿਸ਼ਤੇ ਬਚਾਉਣ ਦੀ ਲੋੜ ਹੁੰਦੀ ਏ ਚੁੱਪ!


ਚੁੱਪ ਸਿਰਫ ਚੁੱਪ ਨਹੀ ਹੁੰਦੀ

ਅੰਦਰ ਦਾ ਸ਼ੋਰ ਹੁੰਦੀ ਏ ਚੁੱਪ!!

 -ਪ੍ਰਭਦਿਆਲ ਸਿੱਧੂ