start-ups .
ਨਵੀਨਤਾ, ਸਮਾਵੇਸ਼ ਅਤੇ ਭਾਰਤ ਦੇ ਵਿਕਾਸ ਨੂੰ ਗਤੀ ਦਿੰਦੇ ਹਨ ਸਟਾਰਟਅੱਪਸ
ਸ਼੍ਰੀ ਪੀਯੂਸ਼ ਗੋਇਲ
ਸਟਾਰਟਅੱਪ ਇੰਡੀਆ ਪਹਿਲਕਦਮੀ ਪੂਰੇ ਦੇਸ਼ ਵਿੱਚ ਇੱਕ ਸੰਪੂਰਨ ਅਤੇ ਨਵੀਂ ਸੋਚ ਵਾਲੇ ਈਕੋਸਿਸਟਮ ਵਜੋਂ ਵਿਕਸਿਤ ਹੋਈ ਹੈ। ਇਹ ਨੌਜਵਾਨਾਂ ਦੀ ਉੱਦਮਸ਼ੀਲ ਊਰਜਾ ਨੂੰ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੀ ਦਿਸ਼ਾ ਵਿੱਚ ਲਗਾ ਕੇ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਮਿਸ਼ਨ ਨੂੰ ਸਾਕਾਰ ਕਰਨ ਦਾ ਰਾਹ ਤਿਆਰ ਕਰ ਰਹੀ ਹੈ।
ਭਾਰਤ ਵਿੱਚ ਅੱਜ ਦੁਨੀਆ ਦੇ ਸਭ ਨਾਲੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਿੱਚੋਂ ਇੱਕ ਮੌਜੂਦ ਹੈ। ਅੱਜ ਉੱਦਮਤਾ ਇੱਕ ਵਿਸ਼ਵਵਿਆਪੀ ਅੰਦੋਲਨ ਬਣ ਚੁੱਕੀ ਹੈ, ਜੋ ਕਿ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ਨਵਾਂ ਆਕਾਰ ਦੇ ਰਹੀ ਹੈ ਅਤੇ ਵਿਕਾਸ ਅਤੇ ਰੁਜ਼ਗਾਰ ਸਿਰਜਣਾ ਦਾ ਇੱਕ ਨਵਾਂ ਇੰਜਣ ਬਣ ਰਹੀ ਹੈ।
ਇਹ ਪਰਿਵਰਤਨ ਰਾਤੋਂ-ਰਾਤ ਨਹੀਂ ਹੋਇਆ। ਜਦੋਂ ਪ੍ਰਧਾਨ ਮੰਤਰੀ ਨੇ 2015 ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਸਟਾਰਟਅੱਪ ਇੰਡੀਆ ਦਾ ਐਲਾਨ ਕੀਤਾ, ਤਾਂ ਉਨ੍ਹਾਂ ਨੇ ਇੱਕ ਸਪਸ਼ਟ ਅਤੇ ਖਾਹਿਸ਼ੀ ਦ੍ਰਿਸ਼ਟੀ ਰੱਖੀ ਕਿ ਉੱਦਮਸ਼ੀਲਤਾ ਦੇਸ਼ ਦੇ ਹਰ ਜ਼ਿਲ੍ਹੇ ਅਤੇ ਹਰ ਬਲਾਕ ਤੱਕ ਪਹੁੰਚੇ।
16 ਜਨਵਰੀ 2016 ਨੂੰ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਵੱਲੋਂ ਸ਼ੁਰੂ ਕੀਤੇ ਜਾਣ ਦੇ ਬਾਅਦ ਤੋਂ ਸਟਾਰਟਅੱਪ ਇੰਡੀਆ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਸਟਾਰਟਅੱਪ ਦੇਸ਼ ਦੀ ਅਰਥਵਿਵਸਥਾ ਦੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਨਵੀਂ ਊਰਜਾ ਭਰ ਰਹੇ ਹਨ। ਆਈਟੀ ਸੇਵਾਵਾਂ, ਸਿਹਤ ਅਤੇ ਜੀਵਨ ਵਿਗਿਆਨ, ਸਿੱਖਿਆ, ਖੇਤੀਬਾੜੀ ਅਤੇ ਨਿਰਮਾਣ ਜਿਹੇ ਖੇਤਰਾਂ ਵਿੱਚ ਸਭ ਤੋਂ ਵੱਧ ਸਟਾਰਟਅੱਪ ਕਿਰਿਆਸ਼ੀਲ ਹਨ। ਇਸ ਤੋਂ ਇਲਾਵਾ, ਜਲਵਾਯੂ ਤਕਨੀਕ ਅਤੇ ਬੁਨਿਆਦੀ ਢਾਂਚੇ ਸਮੇਤ 50 ਤੋਂ ਵੱਧ ਹੋਰ ਉਦਯੋਗਾਂ ਵਿੱਚ ਵੀ ਨਵੇਂ ਉੱਦਮ ਸਾਹਮਣੇ ਆਏ ਹਨ। ਇਹ ਵਿਆਪਕਤਾ ਵੱਖ-ਵੱਖ ਖੇਤਰਾਂ ਵਿੱਚ ਨਵੀਨਤਾ ਅਤੇ ਮਜ਼ਬੂਤੀ ਨੂੰ ਦਰਸਾਉਂਦੀ ਹੈ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜੋ ਰਾਸ਼ਟਰੀ ਵਿਕਾਸ ਦੀਆਂ ਤਰਜੀਹਾਂ ਲਈ ਬਹੁਤ ਮਹੱਤਵਪੂਰਨ ਹਨ।
ਨਵੀਨਤਾ ਅਤੇ ਏਆਈ: ਪਿਛਲੇ ਇੱਕ ਦਹਾਕੇ ਵਿੱਚ ਇੱਕ ਵੱਡਾ ਬਦਲਾਅ ਨਵੀਨਤਾ ਅਤੇ ਡੂੰਘੀ ਤਕਨੀਕ ‘ਤੇ ਵਧਦੇ ਧਿਆਨ ਵਜੋਂ ਦੇਖਿਆ ਗਿਆ ਹੈ। ਆਲਮੀ ਨਵੀਨਤਾ ਸੂਚਕਾਂਕ (ਗਲੋਬਲ ਇਨੋਵੇਟਿਵ ਇੰਡੈਕਸ) ਵਿੱਚ ਭਾਰਤ ਦਾ ਰੈਂਕ 2015 ਵਿੱਚ 81ਵੇਂ ਸਥਾਨ ਤੋਂ ਵਧ ਕੇ ਪਿਛਲੇ ਵਰ੍ਹੇ 38ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਅਤੇ ਡੂੰਘੀ ਤਕਨੀਕ ਨਾਲ ਜੁੜੇ ਸਟਾਰਟਅੱਪਸ ਨੂੰ ਸਰਕਾਰ ਦਾ ਸਮਰਥਨ ਇਸ ਨੂੰ ਅੱਗੇ ਹੋਰ ਬਿਹਤਰ ਕਰੇਗਾ। ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ ਪਹਿਲ ਦੇ ਅਧਾਰ ‘ਤੇ ਆਈ ਸਟਾਰਟਅੱਪਸ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ।
ਡੂੰਘੀ ਤਕਨੀਕ ਵਾਲਾ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਤਹਿਤ ਰਿਸਰਚ ਨੈਸ਼ਨਲ ਰਿਸਰਚ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ, ਅਤੇ ਇੰਡੀਆ ਏਆਈ ਮਿਸ਼ਨ ਅਤੇ ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ ਦੇ ਸਟਾਰਟਅੱ ਏਅਰੋਨੌਟਿਕਸ, ਏਅਰੋਸਪੇਸ ਅਤੇ ਰੱਖਿਆ, ਰੋਬੋਟਿਕਸ, ਗ੍ਰੀਨ ਟੈਕਨੋਲੋਜੀ, ਇੰਟਰਨੈੱਟ ਆਫ ਥਿੰਗਸ ਅਤੇ ਸੈਮੀਕੰਡਕਟਰ ਜਿਹੇ ਖੇਤਰਾਂ ਵਿੱਚ ਵੀ ਨਵੀਨਤਾ ਕਰ ਰਹੇ ਹਨ। ਬੌਧਿਕ ਸੰਪਦਾ ਦੇ ਨਿਰਮਾਣ ਵਿੱਚ ਤੇਜ਼ ਵਾਧਾ ਇਸ ਪ੍ਰਵਿਰਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਭਾਰਤੀ ਸਟਾਰਟਅੱਪਸ ਨੇ 16,400 ਤੋਂ ਵੱਧ ਨਵੀਆਂ ਪੇਟੈਂਟ ਐਪਲੀਕੇਸ਼ਨਾਂ ਦਾਖਲ ਕੀਤੀਆਂ ਹਨ, ਜੋ ਕਿ ਮੌਲਿਕ ਨਵੀਨਤਾ, ਲੰਬੇ ਸਮੇਂ ਦੀ ਵੈਲਿਊ ਕ੍ਰਿਏਸ਼ਨ ਅਤੇ ਆਲਮੀ ਮੁਕਾਬਲੇਬਾਜ਼ੀ ‘ਤੇ ਵਧਦੇ ਫੋਕਸ ਨੂੰ ਦਰਸਾਉਂਦੀਆਂ ਹਨ।
ਪੂਰੇ ਭਾਰਤ ਵਿੱਚ ਵਿਕਾਸ (ਆਲ ਇੰਡੀਆ ਡਿਵੈਲਪਮੈਂਟ): ਉੱਦਮਤਾ ਨੂੰ ਦੇਸ਼ ਭਰ ਵਿੱਚ ਮਿਲ ਰਿਹਾ ਸਮਰਥਨ ਵੀ ਓਨਾ ਹੀ ਮਹੱਤਵਪੂਰਨ ਹੈ। ਸਾਲ 2016 ਵਿੱਚ ਸਿਰਫ਼ ਚਾਰ ਰਾਜਾਂ ਵਿੱਚ ਸਟਾਰਟਅੱਪ ਨੀਤੀਆਂ ਸਨ, ਜਦਕਿ ਅੱਜ ਭਾਰਤ ਦੇ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਸਟਾਰਟਅੱਪ ਢਾਂਚੇ ਮੌਜੂਦ ਹਨ। ਹੁਣ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਡੀਪੀਆਈਆਈਟੀ ਤੋਂ ਮਾਨਤਾ ਪ੍ਰਾਪਤ ਸਟਾਰਟਅੱਪ ਹਨ, ਜੋ ਸੰਸਥਾਗਤ ਸਮਰਥਨ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ।
ਹੁਣ ਤੱਕ 2 ਲੱਖ ਤੋਂ ਵੱਧ ਸਟਾਰਟਅੱਪਸ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ, ਜੋ ਨੀਤੀ-ਅਧਾਰਿਤ ਈਕੋਸਿਸਟਮ ਵਿਧੀ ਦੇ ਇੱਕ ਦਹਾਕੇ ਦੇ ਟਿਕਾਊ ਵਿਕਾਸ ਨੂੰ ਦਰਸਾਉਂਦਾ ਹੈ। ਸਿਰਫ਼ 2025 ਵਿੱਚ ਹੀ 49,400 ਤੋਂ ਵੱਧ ਸਟਾਰਟਅੱਪਸ ਨੂੰ ਮਾਨਤਾ ਮਿਲੀ, ਜੋ ਸਟਾਰਟਅੱਪਸ ਇੰਡੀਆ ਦੀ ਸ਼ੁਰੂਆਤ ਦੇ ਬਾਅਦ ਸਭ ਤੋਂ ਵੱਧ ਸਲਾਨਾ ਵਾਧਾ ਹੈ।
ਸਮਾਵੇਸ਼ਨ ਇਸ ਪੂਰੀ ਯਾਤਰਾ ਦੀ ਇੱਕ ਮਜ਼ਬੂਤ ਨੀਂਹ ਰਿਹਾ ਹੈ। ਮਹਿਲਾ ਅਗਵਾਈ ਵਾਲੇ ਉੱਦਮ ਇੱਕ ਵੱਡੀ ਤਾਕਤ ਬਣ ਕੇ ਉਭਰੇ ਹਨ, ਜਿੱਥੇ 45 ਪ੍ਰਤੀਸ਼ਤ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਡਾਇਰੈਕਟਰ ਹੈ। ਇਸ ਤੋਂ ਇਲਾਵਾ, ਲਗਭਗ ਅੱਧੇ ਸਟਾਰਟਅੱਪ ਗੈਰ-ਮੈਟ੍ਰੋ ਸ਼ਹਿਰਾਂ ਵਿੱਚ ਸਥਿਤ ਹਨ, ਜੋ ਇਨੋਵੇਸ਼ਨ ਅਤੇ ਰੁਜ਼ਗਾਰ ਦੇ ਨਵੇਂ ਕੇਂਦਰ ਦੇ ਰੂਪ ਵਿੱਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੇ ਹਨ।
ਲੋਕਲ ਤੋਂ ਗਲੋਬਲ: ਜਿਵੇਂ-ਜਿਵੇ ਭਾਰਤੀ ਸਟਾਰਟਅੱਪਸ ਦਾ ਵਿਸਤਾਰ ਹੋ ਰਿਹਾ ਹੈ, ਪੂਰੀ ਦੁਨੀਆ ਉਨ੍ਹਾਂ ਦੇ ਬਜ਼ਾਰ ਬਣਦੀ ਜਾ ਰਹੀ ਹੈ। ਗਲੋਬਲ ਮਹੱਤਵਅਕਾਂਖਿਆਵਾਂ ਨੂੰ ਸਮਰਥਨ ਦੇਮ ਲਈ ਸਟਾਰਟਅੱਪ ਇੰਡੀਆ ਨੇ ਮਜ਼ਬੂਤ ਅੰਤਰਰਾਸ਼ਟਰੀ ਸਾਂਝੇਦਾਰੀਆਂ ਬਣਾਈਆਂ ਹਨ। ਹੁਣ 21 ਅੰਤਰਰਾਸ਼ਟਰੀ ਬ੍ਰਿਜ ਅਤੇ 2 ਰਣਨੀਤਕ ਗਠਬੰਧਨ ਮੌਜੂਦ ਹਨ, ਜੋ ਯੂਕੇ, ਜਾਪਾਨ, ਦੱਖਣੀ ਕੋਰੀਆ, ਸਵੀਡਨ ਅਤੇ ਇਜ਼ਰਾਈਲ ਸਮੇਤ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਬਜ਼ਾਰ ਤੱਕ ਪਹੁੰਚ, ਸਹਿਯੋਗ ਅਤੇ ਵਿਸਤਾਰ ਨੂੰ ਅਸਾਨ ਬਣਾਉਂਦੇ ਹਨ। ਇਨ੍ਹਾਂ ਪਹਿਲਕਦਮੀਆਂ ਤੋਂ ਹੁਣ ਤੱਕ 850 ਤੋਂ ਵੱਧ ਸਟਾਰਟਅੱਪਸ ਲਾਭਵੰਦ ਹੋ ਚੁੱਕੇ ਹਨ।
ਸਵੀਡਨ, ਸਵਿਟਜ਼ਰਲੈਂਡ, ਨਿਊਜ਼ੀਲੈਂਡ ਅਤੇ ਇਜ਼ਰਾਈਲ ਦੀ ਮੇਰੀ ਹਾਲੀਆ ਯਾਤਰਾਵਾਂ ਵਿੱਚ ਸਟਾਰਟਅੱਪਸ ਭਾਰਤ ਦੇ ਵਪਾਰਕ ਵਫ਼ਦਾਂ ਦਾ ਅਹਿਮ ਹਿੱਸਾ ਰਹੇ। ਇਨ੍ਹਾਂ ਯਤਨਾਂ ਨੇ ਗਲੋਬਲ ਪਲੈਟਫਾਰਮ ‘ਤੇ ਭਾਰਤੀ ਨਵੀਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ, ਨਾਲ ਹੀ ਸਾਡੇ ਉੱਦਮੀਆਂ ਨੂੰ ਵਿਕਸਿਤ ਅਰਥਵਿਵਸਥਾਵਾਂ ਦੀ ਨਵੀਨਤਾ ਅਤੇ ਵਪਾਰਕ ਕਾਰਜ ਪ੍ਰਣਾਲੀਆਂ ਤੋਂ ਜਾਣੂ ਕਰਵਾਇਆ।
ਸੁਧਾਰ ਅਤੇ ਬਜ਼ਾਰ ਤੱਕ ਪਹੁੰਚ: ਇਸ ਵਿਕਾਸ ਨੂੰ ਸੰਭਵ ਬਣਾਉਣ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਸੁਧਾਰਣਾ ਇੱਕ ਮੁੱਖ ਅਧਾਰ ਰਿਹਾ ਹੈ। ਯੋਗ ਸਟਾਰਟਅੱਪਸ ਆਪਣੇ ਪਹਿਲੇ ਦਸ ਵਰ੍ਹਿਆਂ ਵਿੱਚੋਂ ਕਿਸੇ ਵੀ ਤਿੰਨ ਲਗਾਤਾਰ ਵਰ੍ਹਿਆਂ ਲਈ ਟੈਕਸ ਛੁੱਟੀ ਦਾ ਲਾਭ ਲੈ ਸਕਦੇ ਹਨ। ਹੁਣ ਤੱਕ 41,000 ਤੋਂ ਵੱਧ ਸਟਾਰਟਅੱਪਸ ਨੂੰ ਇਸ ਲਈ ਯੋਗ ਸਰਟੀਫਿਕੇਟ ਮਿਲ ਚੁੱਕੇ ਹਨ।
60 ਤੋਂ ਵੱਧ ਰੈਗੂਲੇਟਰੀ ਸੁਧਾਰਾਂ ਰਾਹੀਂ ਪਾਲਣਾ ਦਾ ਬੋਝ ਘੱਟ ਕੀਤਾ ਗਿਆ ਹੈ, ਪੂੰਜੀ ਜੁਟਾਉਣ ਨੂੰ ਅਸਾਨ ਬਣਾਇਆ ਗਿਆ ਹੈ ਅਤੇ ਘਰੇਲੂ ਸੰਸਥਾਗਤ ਨਿਵੇਸ਼ ਨੂੰ ਮਜ਼ਬੂਤ ਕੀਤਾ ਗਿਆ ਹੈ। ਏਂਜਲ ਟੈਕਸ ਨੂੰ ਸਮਾਪਤ ਕਰਨ ਅਤੇ ਵਿਕਲਪਿਕ ਨਿਵੇਸ਼ ਫੰਡਾਂ (ਏਟੀਐੱਫ) ਲਈ ਦੀਰਘਕਾਲੀ ਪੂੰਜੀ ਦੇ ਰਸਤੇ ਖੋਲ੍ਹਣ ਨਾਲ ਸਟਾਰਟਅੱਪਸ ਫੰਡਿੰਗ ਦਾ ਈਕੋਸਿਸਟਮ ਹੋਰ ਸਸ਼ਕਤ ਹੋਇਆ ਹੈ। ਬਜ਼ਾਰ ਤੱਕ ਪਹੁੰਚ ਨੂੰ ਤਰਜੀਹ ਦਿੱਤੀ ਗਈ ਹੈ।
ਸਰਕਾਰ ਈ-ਮਾਰਕਿਟਪਲੈਸ (ਜੈੱਮ) ਦੇ ਰਾਹੀਂ 35,700 ਤੋਂ ਵੱਧ ਸਟਾਰਟਅੱਪਸ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ਨੂੰ 51,200 ਕਰੋੜ ਤੋਂ ਵੱਧ ਕੀਮਤ ਦੇ ਪੰਜ ਲੱਖ ਤੋਂ ਵੱਧ ਆਰਡਰ ਮਿਲੇ ਹਨ। ਇਨ੍ਹਾਂ ਯਤਨਾਂ ਦੇ ਨਾਲ ਮਜ਼ਬੂਤ ਵਿੱਤੀ ਸਹਿਯੋਗ ਵੀ ਦਿੱਤਾ ਗਿਆ ਹੈ। ਸਟਾਰਟਅੱਪਸ ਲਈ ਫੰਡ ਆਫ ਫੰਡਸ ਯੋਜਨਾ ਦੇ ਤਹਿਤ ਵਿਕਲਪਿਕ ਨਿਵੇਸ਼ ਫੰਡਾਂ ਦੇ ਜ਼ਰੀਏ 25,500 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਨਾਲ 1,300 ਤੋਂ ਵੱਧ ਉੱਦਮਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, ਸਟਾਰਟਅੱਪਸ ਲਈ ਕ੍ਰੈਡਿਟ ਗਰੰਟੀ ਯੋਜਨਾ ਦੇ ਤਹਿਤ 800 ਕਰੋੜ ਤੋਂ ਵੱਧ ਦੇ ਬਿਨਾਂ ਜਮਾਨਤ ਲੋਨ ਦੀ ਗਰੰਟੀ ਦਿੱਤੀ ਗਈ ਹੈ।
945 ਕਰੋੜ ਦੇ ਖਰਚੇ ਵਾਲੀ ਸਟਾਰਟਅੱਪ ਇੰਡੀਆ ਸੀਡ ਫੰਡ ਯੋਜਨਾ ਦੇ ਤਹਿਤ ਸਟਾਰਟਅੱਪਸ ਨੂੰ ਕਾਨਸੈਪਟ ਦੀ ਜਾਂਚ, ਪ੍ਰੋਟੋਟਾਈਪ ਵਿਕਾਸ, ਉਤਪਾਦ ਟ੍ਰੇਨਿੰਗ, ਬਜ਼ਾਰ ਵਿੱਚ ਪ੍ਰਵੇਸ਼ ਅਤੇ ਵਪਾਰੀਕਰਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਸੱਭਿਆਚਾਰਕ ਬਦਲਾਅ: ਭਾਰਤੀ ਸਟਾਰਟਅੱਪਸ ਨੇ ਦੇਸ਼ ਵਿੱਚ ਇੱਕ ਵੱਡਾ ਸੱਭਿਆਚਾਰਕ ਪਰਿਵਰਤਨ ਲਿਆਂਦਾ ਹੈ। ਪਹਿਲਾਂ ਬੱਚਿਆਂ ਨੂੰ ਮੁੱਖ ਤੌਰ ‘ਤੇ ਸਰਕਾਰੀ ਨੌਕਰੀ, ਇੰਜੀਨੀਅਰਿੰਗ ਜਾਂ ਚਿਕਿਤਸਾ ਜਿਹੇ ਕੁਝ ਹੀ ਖੇਤਰਾਂ ਵਿੱਚ ਜਾਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਸੀ। ਅੱਜ ਕਈ ਯੁਵਾ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣਨ ਦਾ ਸੁਪਨਾ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਉੱਦਮਸ਼ੀਲ ਇੱਛਾਵਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਹੁਲਾਰਾ ਦਿੰਦੇ ਹਨ।
ਅੰਤ ਵਿੱਚ ਭਾਰਤ ਦੀ ਸਟਾਰਟਅੱਪ ਯਾਤਰਾ: ਸਾਡੇ ਯੁਵਾ ਉੱਦਮੀਆਂ ‘ਤੇ ਵਿਸ਼ਵਾਸ, ਨੀਤੀ-ਅਧਾਰਿਤ ਵਿਕਾਸ ਅਤੇ ਦੁਨੀਆ ਲਈ ਨਵੀਨਤਾ ਕਰਨ ਦੀ ਭਾਰਤ ਦੀ ਸਮਰੱਥਾ ਦੀ ਕਹਾਣੀ ਹੈ। 2047 ਤੱਕ ਇੱਕ ਵਿਕਸਿਤ ਦੇਸ਼ ਬਣਨ ਦੇ ਆਪਣੇ ਟੀਚੇ ਵੱਲ ਵਧਦੇ ਹੋਏ, ਸਟਾਰਟਅੱਪਸ ਸਮ੍ਰਿੱਧ, ਸਮਾਵੇਸ਼ੀ ਅਤੇ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ੀ ਭਾਰਤ ਦੇ ਨਿਰਮਾਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਰਹਿਣਗੇ।
*( ਲੇਖਕ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਹਨ)*
