ਜਵੱਦੀ ਟਕਸਾਲ ਵਿਖੇ ਸਿਮਰਨ ਸਮਾਗਮ .

ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਸਿਮਰਨ ਦਾ ਜੀਵਨ ਧਾਰਨ ਕਰੀਏ- ਸੰਤ ਬਾਬਾ ਅਮੀਰ ਸਿੰਘ ਜੀ
ਸਮਝਾਇਆ- 'ਨਾਮ ਹੀਣ' ਮਨੁੱਖ ਇਉ ਹੈ ਜਿਵੇਂ ਕੋਈ ਸਾਰਾ ਦਿਨ ਵਿਗਾਰ ਕਰੇ ਤੇ ਉਸਦੇ ਪੱਲੇ ਕੁਝ ਕੁਝ ਨਹੀਂ ਪੈਂਦਾ

ਲੁਧਿਆਣਾ (  ਪ੍ਰਿਤਪਾਲ ਸਿੰਘ ਪਾਲੀ )- ਅਸੀਂ ਸਰੀਰ ਲੈ ਕੇ ਇਸ ਸੰਸਾਰ ਵਿੱਚ ਦਾਖਲ ਹੋਏ ਸਾਂ, ਪਰ ਜੇ ਅਸੀਂ ਆਪਣਾ-ਆਪ ਨਹੀਂ ਪਛਾਣਿਆ, ਆਪਣਾ ਮੂਲ ਨਹੀਂ ਸਮਝਿਆ, ਜੀਵਨ ਮਨੋਰਥ ਦੀ ਸੋਝੀ ਪ੍ਰਾਪਤ ਨਹੀਂ ਕੀਤੀ ਤਾਂ ਅਸੀਂ ਪਸ਼ੂਆਂ ਵਰਗੇ ਹੀ ਹਾਂ। ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸਮਝਾਇਆ ਕਿ ਜੀਵਨ ਦੇ ਰਹੱਸ ਨੂੰ ਕੋਈ ਐਸਾ ਵਿਰਲਾ ਮਨੁੱਖ ਹੀ ਜਾਨਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੇ ਭਾਗ ਉੱਤਮ ਹੁੰਦੇ ਹਨ। ਇਹ ਦੁਰਲੱਭ ਮਨੁੱਖਾ ਜਨਮ ਦਾ ਲਾਹਾ ਲੈਂਦੇ ਹਨ, ਪਰ ਦੁਨੀਆ ਵਿੱਚ ਰੱਬੀ ਹੁਕਮ ਅਨੁਸਾਰ ਐਸੇ ਵੀ ਹਨ ਜਿਨਾਂ ਦੇ ਭਾਗਾਂ ਵਿੱਚ ਇਹ ਗਿਆਨ ਨਹੀਂ ਅਤੇ ਉਹ ਸੰਸਾਰਕ ਕਿਿਰਆ ਤੱਕ ਹੀ ਸੀਮਤ ਰਹਿ ਕੇ ਸੰਸਾਰਕ ਜੀਵਨ ਗੁਜ਼ਾਰ ਜਾਂਦੇ ਹਨ ਜਾਂ ਅਨਮੋਲ ਜੀਵਨ ਗਵਾ ਲੈਂਦੇ ਹਨ। ਉਹਨਾਂ ਦੀ ਸਾਰੀ ਜੀਵਨ ਕਿਿਰਆ ਖਾਣਾ-ਪੀਣਾ ਪਹਿਨਣਾ ਜਾਗਣਾ ਸੌਣਾ ਅਤੇ ਸਰੀਰ ਅਤੇ ਸਰੀਰਕ ਸਬੰਧ ਕੁਟੰਬ ਸਾਖ ਆਦਿ ਸਭ ਧ੍ਰਿਗ, ਵਿਅਰਥ ਨੇ ਪਰ ਉਹ ਕੀਮਤੀ ਜਨਮ ਨੂੰ ਵਿਅਰਥ ਗਵਾ ਲੈਂਦੇ ਹਨ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਸਮਝਾਇਆ "ਜੀਵਨ ਲਕਸ਼ ਨੂੰ ਸਮਝਣ ਤੋਂ ਬਿਨਾਂ ਮਨੁੱਖ ਦੀ ਸੰਸਾਰਕ ਯਾਤਰਾ ਵਿਅਰਥ ਹੈ। ਕੇਵਲ ਸਰੀਰ ਤੱਕ ਸੀਮਤ ਰਹਿ ਕੇ ਇਸ ਨੂੰ ਸੰਵਾਰਨਾ-ਸਿੰਗਾਰਨਾ ਵਿਅਰਥ ਹੈ। ਨਾਮ ਹੀਣ ਮਨੁੱਖ ਇਉ ਹੈ ਜਿਵੇਂ ਕੋਈ ਮਨੁੱਖ ਸਾਰਾ ਦਿਨ ਵਿਗਾਰ ਕਰਦਾ ਹੈ ਅਤੇ ਉਸ ਦੇ ਆਪਣੇ ਪੱਲੇ ਕੁਝ ਨਹੀਂ ਪੈਂਦਾ। ਜਿਸਦਾ ਗੁਰੂ ਸਾਹਿਬ ਜੀ ਨੇ ਇਹ ਨਿਰਣਾ ਦਿੱਤਾ ਕਿ ਜਿਸ ਮਨੁੱਖ ਉੱਤੇ ਉਸ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿੱਚ ਆਪਣਾ ਨਾਮ ਵਸਾ ਦਿੰਦਾ ਹੈ, ਉਹ ਸਾਧ ਸੰਗਤ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ।" ਇਸ ਲਈ ਜੀਵਨ ਮਨੋਰਥ ਨੂੰ ਸਮਝੀਏ ਅਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਸਿਮਰਨ ਦਾ ਜੀਵਨ ਧਾਰਨ ਕਰੀਏ, ਗੁਰੂ ਜੀ ਦਾ ਇਹ ਨਿਰਣਾ ਹੈ ਕਿ ਨਾਮ ਹੀ ਸਾਰੇ ਸੁੱਖਾਂ ਦਾ ਸਾਗਰ ਹੈ ਇਹ  ਗੱਲ ਮੈਂ ਸਾਰੇ ਸੰਸਾਰ ਵਿੱਚ ਪਰਤਾ ਕੇ ਵੇਖ ਲਈ ਹੈ। ਸਾਰੀ ਗੁਰਬਾਣੀ ਵਿੱਚ ਇਹ ਸਿਧਾਂਤ ਬਾਰ-ਬਾਰ ਦੱਸਿਆ ਹੈ ਕਿ ਪ੍ਰਭੂ ਸਿਮਰਨ ਨਾਲ ਸਰਬ ਦੁੱਖਾਂ ਦਾ ਵਿਨਾਸ ਹੋ ਜਾਂਦਾ ਹੈ ਅਤੇ ਸਰਬ ਸੁੱਖਾਂ ਦੀ ਸਦੀਵ ਕਾਲ ਲਈ ਪ੍ਰਾਪਤੀ ਹੋ ਜਾਂਦੀ ਹੈ। ਅੱਜ ਦੇ ਨਾਮ ਸਿਮਰਨ ਸਮਾਗਮ ਵਿੱਚ ਉਚੇਚੇ ਤੌਰ 'ਤੇ ਪੁੱਜੇ ਪੰਥ ਦੇ ਗੁਣਵਾਨ ਕੀਰਤਨੀਏ ਭਾਈ ਰਣਧੀਰ ਸਿੰਘ ਸਾ: ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬਸੰਤ ਰਾਗ ਅਧਾਰਿਤ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।