AI and Farmers.


ਏਆਈ ਕਿਵੇਂ ਬਦਲ ਸਕਦੀ ਹੈ ਭਾਰਤ ਦੇ ਕਿਸਾਨਾਂ ਦੀ ਤਕਦੀਰ?

 

ਲੇਖਿਕਾ- ਸੁਸ਼੍ਰੀ ਰੂਬਲ ਚਿਬ, ਸਹਿ-ਸੰਸਥਾਪਕ, ਕਿਊਜੈਂਸ ਲੈਬਸ

 

ਭਾਰਤ ਵਿੱਚ ਹੁਣ ਏਆਈ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਚਰਚਾ ਸਿਰਫ਼ ਨਵੀਂ ਤਕਨੀਕ ਵਜੋਂ ਨਹੀਂ ਹੋ ਰਹੀ ਹੈ। ਧਿਆਨ ਇਸ ਗੱਲ ‘ਤੇ ਦਿੱਤਾ ਜਾ ਰਿਹਾ ਹੈ ਕਿ ਏਆਈ ਆਮ ਲੋਕਾਂ ਦੀਆਂ ਅਸਲ ਸਮੱਸਿਆਵਾਂ ਕਿਵੇਂ ਹੱਲ ਕਰ ਸਕਦੀ ਹੈ। ਖੇਤੀਬਾੜੀ ਅਤੇ ਫੂਡ ਸੈਕਟਰ ਇਸ ਦੀਆਂ ਸਭ ਤੋਂ ਵੱਡੀਆਂ ਉਦਾਹਰਣਾਂ ਹਨ, ਕਿਉਂਕਿ ਇੱਥੇ ਸਮੱਸਿਆਵਾਂ ਛੋਟੀਆਂ ਨਹੀਂ ਸਗੋਂ ਪੂਰੀ ਵਿਵਸਥਾ ਨਾਲ ਜੁੜੀਆਂ ਹਨ। ਇੱਥੇ ਕੋਈ ਵੀ ਤਕਨੀਕ ਉਦੋਂ ਹੀ ਸਫਲ ਹੋਵੇਗੀ ਜਦੋਂ ਉਹ ਮੌਸਮ, ਢੋਆ-ਢੁਆਈ ਅਤੇ ਬਜ਼ਾਰ ਜਿਹੀਆਂ ਸਥਾਨਕ ਸਥਿਤੀਆਂ ਨੂੰ ਸਮਝੇ।

 

ਭਾਰਤ ਇੰਨਾ ਅੰਨ ਪੈਦਾ ਕਰਦਾ ਹੈ ਕਿ ਪੂਰੀ ਆਬਾਦੀ ਦਾ ਪੇਟ ਭਰ ਸਕੇ, ਫਿਰ ਵੀ ਹਰ ਸਾਲ ਲਗਭਗ 6.8 ਕਰੋੜ ਟਨ ਭੋਜਨ ਬਰਬਾਦ ਹੋ ਜਾਂਦਾ ਹੈ। ਵਾਢੀ ਦੇ ਬਾਅਦ ਤੋਂ 35 ਤੋਂ 40 ਪ੍ਰਤੀਸ਼ਤ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਇਹ ਸਮੱਸਿਆ ਉਤਪਾਦਨ ਦੀ ਕਮੀ ਦੀ ਨਹੀਂ, ਸਗੋਂ ਸਮੇਂ ਸਿਰ ਸਹੀ ਜਾਣਕਾਰੀ ਅਤੇ ਬਿਹਤਰ ਵਿਵਸਥਾ ਨਾ ਹੋਣ ਦੀ ਹੈ। ਯਾਨੀ ਖੇਤ ਤੋਂ ਬਜ਼ਾਰ ਤੱਕ ਤਾਲਮੇਲ ਦੀ ਘਾਟ ਹੈ ਅਤੇ ਫੈਸਲੇ ਸਮੇਂ ਸਿਰ ਨਹੀਂ ਹੋ ਪਾਉਂਦੇ। ਅਜਿਹੇ ਵਿੱਚ ਭਾਰਤੀ ਸਥਿਤੀਆਂ ਦੇ ਅਨੁਸਾਰ ਬਣਾਈ ਗਈ ਏਆਈ ਇਸ ਨੁਕਸਾਨ ਨੂੰ ਘੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। 

 

ਕਿਊਜੈਂਸ ਲੈਬਸ ਵਿੱਚ ਅਸੀਂ ਇਸ ਗੱਲ ‘ਤੇ ਗੌਰ ਕੀਤਾ ਕਿ ਭਾਰਤ ਦੀ ਡਿਜੀਟਲ ਵਿਵਸਥਾ ਨੇ ਭੁਗਤਾਨ, ਪਛਾਣ ਅਤੇ ਸੇਵਾਵਾਂ ਨੂੰ ਬਦਲ ਦਿੱਤਾ ਹੈ, ਪਰ ਖੁਰਾਕ ਦੇ ਖੇਤਰ ਵਿੱਚ ਗੁਣਵੱਤਾ ਦੀ ਜਾਂਚ ਹੁਣ ਵੀ ਪੁਰਾਣੇ ਢੰਗਾਂ ਨਾਲ ਹੁੰਦੀ ਹੈ। ਇਸੇ ਸੋਚ ਦੇ ਨਾਲ ਅਸੀਂ QScan ਨਾਮ ਦੀ ਏਆਈ ਤਕਨੀਕ ਵਿਕਸਿਤ ਕੀਤੀ, ਜੋ ਕਿ ਇਨਫ੍ਰਾਡੇਡ ਤਕਨੀਕ ਅਤੇ ਆਰਟੀਫਿਸ਼ੀਅਲ ਢੰਗ ਨਾਲ ਸੂੰਘਣ ਦੀ ਮਦਦ ਨਾਲ ਫਲਾਂ-ਸਬਜ਼ੀਆਂ ਦੇ ਅੰਦਰ ਦੀ ਗੁਣਵੱਤਾ ਨੂੰ ਪਛਾਣ ਕੇ ਤੁਰੰਤ ਕੰਮ ਆਉਣ ਵਾਲੀ ਜਾਣਕਾਰੀ ਦਿੰਦੀ ਹੈ। ਉਦਾਹਰਣ ਦੇ ਤੌਰ ‘ਤੇ ਕੋਈ ਫਲ ਜਾਂ ਸਬਜ਼ੀ ਕਿੰਨੇ ਦਿਨਾਂ ਤੱਕ ਚੱਲ ਸਕਦੀ ਹੈ, ਕਿੰਨੇ ਦਿਨਾਂ ਤੱਕ ਸਟੋਰ ਕਰ ਸਕਦੇ ਹਾਂ ਆਦਿ। ਇਸ ਦਾ ਮਕਸਦ ਘੱਟ ਮੁਨਾਫੇ ‘ਤੇ ਕੰਮ ਕਰਨ ਵਾਲੇ ਕਿਸਾਨਾਂ, ਦੁਕਾਨਦਾਰਾਂ ਅਤੇ ਗ੍ਰਾਹਕਾਂ ਦੀ ਉਲਝਣ ਨੂੰ ਘੱਟ ਕਰਨਾ ਹੈ। 

 

ਅਨੁਭਵ ਦੱਸਦੇ ਹਨ ਕਿ ਏਆਈ ਤਦ ਹੀ ਸਫਲ ਹੋਵੇਗਾ ਜਦੋਂ ਉਹ ਭਾਰਤ ਦੀਆਂ ਅਸਲ ਸਥਿਤੀਆਂ ਨੂੰ ਸਮਝੇ। ਵਿਦੇਸ਼ਾਂ ਦੇ ਡੇਟਾ ‘ਤੇ ਬਣੇ ਮਾਡਲ ਭਾਰਤ ਜਿਹੇ ਵਿਭਿੰਨ ਦੇਸ਼ਾਂ ਵਿੱਚ ਅਕਸਰ ਸਹੀ ਕੰਮ ਨਹੀਂ ਕਰਦੇ, ਕਿਉਂਕਿ ਹਰ ਖੇਤਰ ਵਿੱਚ ਫਸਲ, ਮੌਸਮ, ਭੰਡਾਰਣ ਅਤੇ ਬਜ਼ਾਰ ਵੱਖਰੇ ਹਨ। ਜੇਕਰ ਏਆਈ ਭਾਰਤੀ ਹਾਲਾਤ ਨੂੰ ਨਹੀਂ ਸਮਝੇਗਾ, ਤਾਂ ਉਹ ਬੇਕਾਰ ਸਾਬਤ ਹੋ ਸਕਦਾ ਹੈ ਜਾਂ ਗਲਤ ਸਿੱਟੇ ਵੀ ਦੇ ਸਕਦਾ ਹੈ। ਇਸੇ ਕਾਰਨ ਸਵਦੇਸ਼ੀ ਏਆਈ ‘ਤੇ ਜ਼ੋਰ ਦੇਣਾ ਸਮੇਂ ਦੀ ਜ਼ਰੂਰਤ ਹੈ। ਸਰਕਾਰ ਦੀ IndiaAI Mission ਪਹਿਲ ਦਰਸਾਉਂਦੀ ਹੈ ਕਿ ਹੁਣ ਏਆਈ ਨੂੰ ਸਿਰਫ਼ ਉੱਨਤ ਤਕਨੀਕ ਨਹੀਂ, ਸਗੋਂ ਦੇਸ਼ ਦੇ ਵਿਕਾਸ ਦਾ ਜ਼ਰੂਰੀ ਸਾਧਨ ਮੰਨਿਆ ਜਾ ਰਿਹਾ ਹੈ। ਭਾਰਤੀ ਡੇਟਾ, ਦੇਸ਼ ਵਿੱਚ ਬਣੇ ਸਮਾਧਾਨ ਅਤੇ ਵੱਖ-ਵੱਖ ਖੇਤਰਾਂ ਲਈ ਖਾਸ ਤਕਨੀਕ ਨੂੰ ਹੁਲਾਰਾ ਦੇ ਕੇ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿੱਥੇ ਨਵੀਨਤਾ ਸਿੱਧੇ ਲੋਕਾਂ ਦੀਆਂ ਜ਼ਰੂਰਤਾਂ ਨਾਲ ਜੁੜੀ ਹੋਵੇ।


ਖੁਰਾਕ ਅਤੇ ਖੇਤੀਬਾੜੀ ਦਾ ਖੇਤਰ ਦੱਸਦਾ ਹੈ ਕਿ ਇਹ ਕਿਉਂ ਜ਼ਰੂਰੀ ਹੈ। ਜੇਕਰ ਵਾਢੀ ਤੋਂ ਬਾਅਦ ਹੋਣ ਵਾਲਾ ਨੁਕਸਾਨ ਘੱਟ ਹੋ ਜਾਵੇ, ਤਾਂ ਕਿਸਾਨਾਂ ਦੀ ਆਮਦਨ ਵਧੇਗੀ, ਭੋਜਨ ਦੀਆਂ ਕੀਮਤਾਂ ਸਥਿਰ ਰਹਿਣਗੀਆਂ ਅਤੇ ਪਾਣੀ, ਜ਼ਮੀਨ ਅਤੇ ਊਰਜਾ ਦੀ ਬੱਚਤ ਹੋਵੇਗੀ। ਇਸ ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਵੇਗਾ ਅਤੇ ਪੂਰੀ ਵਿਵਸਥਾ ਵਧੇਰੇ ਮਜ਼ਬੂਤ ਬਣੇਗੀ। ਇੱਕ ਹੋਰ ਜ਼ਰੂਰੀ ਪਹਿਲੂ ਹੈ ਸਾਰਿਆਂ ਦੀ ਭਾਗੀਦਾਰੀ। ਏਆਈ ਅਜਿਹਾ ਹੋਣਾ ਚਾਹੀਦਾ ਹੈ ਜੋ ਛੋਟੇ ਕਿਸਾਨਾਂ, ਸਥਾਨਕ ਭਾਸ਼ਾਵਾਂ ਅਤੇ ਛੋਟੇ ਬਜ਼ਾਰਾਂ ਵਿੱਚ ਵੀ ਅਸਾਨੀ ਨਾਲ ਕੰਮ ਕਰ ਸਕੇ। ਜੋ ਤਕਨੀਕ ਲੋਕਾਂ ‘ਤੇ ਫੈਸਲੇ ਥੋਪਦੀ ਹੈ, ਉਸ ‘ਤੇ ਭਰੋਸਾ ਨਹੀਂ ਬਣੇਗਾ। ਪਰ ਜੋ ਤਕਨੀਕ ਲੁਕੀ ਹੋਈ ਜਾਣਕਾਰੀ ਨੂੰ ਅਸਾਨ ਢੰਗ ਨਾਲ ਸਾਹਮਣੇ ਲਿਆ ਕੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰੇਗੀ, ਉਹੀ ਲੰਬੇ ਸਮੇਂ ਤੱਕ ਟਿਕੇਗੀ ਅਤੇ ਫੈਲ ਸਕੇਗੀ।

16 ਤੋਂ 20 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ India AI Impact Summit ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਦੁਨੀਆ ਏਆਈ ਦੇ ਅਸਰ ਬਾਰੇ ਗੰਭੀਰ ਚਰਚਾ ਕਰ ਰਹੀ ਹੈ। ਭਾਰਤ ਕੋਲ ਮੌਕਾ ਹੈ ਕਿ ਉਹ ਅਜਿਹਾ ਰਸਤਾ ਦਿਖਾਏ ਜਿੱਥੇ ਏਆਈ ਆਮ ਲੋਕਾਂ ਦੇ ਕੰਮ ਆਏ, ਸਥਾਨਕ ਜ਼ਰੂਰਤਾਂ ਨੂੰ ਸਮਝੇ ਅਤੇ ਅਸਲੀ ਆਰਥਿਕ ਵਿਵਸਥਾਵਾਂ ਨਾਲ ਜੁੜੀ ਹੋਵੇ। ਖੇਤੀਬਾੜੀ, ਫੂਡ ਸਪਲਾਈ ਅਤੇ ਜਲਵਾਯੂ ਨਾਲ ਜੁੜੀਆਂ ਚੁਣੌਤੀਆਂ ਇਸ ਦਿਸ਼ਾ ਦੇ ਕੇਂਦਰ ਵਿੱਚ ਹਨ।

 

ਇਹ ਵੀ ਸਮਝਣਾ ਜ਼ਰੂਰੀ ਹੈ ਕਿ ਏਆਈ ਆਪਣੇ-ਆਪ ਤਬਦੀਲੀ ਨਹੀਂ ਲਿਆਉਂਦੀ। ਇਸ ਲਈ ਸਹੀ ਸਮਝ, ਸਹੀ ਨੀਤੀ ਅਤੇ ਮਿਲ ਕੇ ਕੰਮ ਕਰਨਾ ਪੈਂਦਾ ਹੈ। ਪਰ ਜਦੋਂ ਇਸ ਨੂੰ ਸਹੀ ਢੰਗ ਨਾਲ ਅਪਣਾਇਆ ਜਾਂਦਾ ਹੈ, ਤਾਂ ਇਹ ਬਿਨਾ ਸ਼ੋਰ ਕੀਤੇ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ।

 

ਇੰਪੈਕਟ ਸਮਿਟ ਦੇ ਮੱਦੇਨਜ਼ਰ ਅਸਲੀ ਚੁਣੌਤੀ ਏਆਈ ਨੂੰ ਤੇਜ਼ੀ ਨਾਲ ਅਪਣਾਉਣ ਦੀ ਨਹੀਂ, ਸਗੋਂ ਸੋਚ-ਸਮਝ ਕੇ ਸਹੀ ਜਗ੍ਹਾ ਇਸਤੇਮਾਲ ਕਰਨ ਦੀ ਹੈ। ਅੰਤ ਵਿੱਚ ਸਫਲਤਾ ਦਾ ਅਸਲੀ ਪੈਮਾਨਾ ਇਹੀ ਹੋਣਾ ਚਾਹੀਦਾ ਹੈ ਕਿ ਕੀ ਏਆਈ ਨਾਲ ਖੁਰਾਕ ਦੀ ਬਰਬਾਦੀ ਘੱਟ ਹੁੰਦੀ ਹੈ, ਕੀ ਕਿਸਾਨਾਂ ਦੀ ਆਮਦਨ ਵਧਦੀ ਹੈ ਅਤੇ ਕੀ ਦੇਸ਼ ਦੀ ਵਿਵਸਥਾ ਮਜ਼ਬੂਤ ਹੁੰਦੀ ਹੈ।

****