ਚੁੱਪ ਕੀ ਹੈ ? .
ਬੰਦ ਕਿਸੇ ਉੱਜੜੇ ਮਕਾਨ ਕੋਲੋਂ ਪੁੱਛ
ਕੱਲ ਰਾਤੀ ਲੁੱਟੀ ਹੋਈ ਦੁਕਾਨ ਕੋਲੋਂ ਪੁੱਛ
ਟੁੱਟ ਚੁੱਕੇ ਕੱਚ ਦੇ ਸਮਾਨ ਕੋਲੋਂ ਪੁੱਛ
ਪੁੱਛਣਾ ਏ ਜਾ ਕੇ ਸ਼ਮਸ਼ਾਨ ਕੋਲੋਂ ਪੁੱਛ
ਚੁੱਪ ਕੀ ਹੈ ?
ਕਿਸੇ ਅੱਲ੍ਹੜ ਦੇ ਬਿਖਰੇ ਖੁਆਬ ਕੋਲੋਂ ਪੁੱਛ
ਸਦੀਆਂ ਤੋਂ ਬੰਦ ਜੋ ਕਿਤਾਬ ਕੋਲੋਂ ਪੁੱਛ
ਟਾਹਣੀ ਨਾਲੋਂ ਟੁੱਟੇ ਤੂੰ ਗੁਲਾਬ ਕੋਲੋਂ ਪੁੱਛ
ਪੁੱਛਣਾ ਏੰ ਵੱਖ ਹੋਏ ਪੰਜਾਬ ਕੋਲੋਂ ਪੁੱਛ
ਚੁੱਪ ਕੀ ਹੈ ?
ਹਾੜ੍ਹ ਦੀਆਂ ਤਿੱਖੀਆਂ ਦੁਪਿਹਰਾਂ ਕੋਲੋਂ ਪੁੱਛ
ਭੀੜ ਵਿੱਚ ਗੁੰਮ ਹੋਏ ਸ਼ਹਿਰਾਂ ਕੋਲੋਂ ਪੁੱਛ
ਤੜਕੇ ਨੂੰ ਹੁੰਦੀਆਂ ਜੋ ਸੈਰਾਂ ਕੋਲੋਂ ਪੁੱਛ
ਜਾ ਕੇ ਕਿਸੇ ਵੇਸਵਾ ਦੇ ਪੈਰਾਂ ਕੋਲੋਂ ਪੁੱਛ
ਚੁੱਪ ਕੀ ਹੈ ?
- ਸਿੰਮੀ ਧੀਮਾਨ