Dr Amanpreet Singh Young Sikh Scholar Award function to be held at Talwandi Sabo on 22nd.
ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਅਵਾਰਡ ਸਮਾਗਮ 22 ਫਰਵਰੀ ਨੂੰ ਤਲਵੰਡੀ ਸਾਬੋ ਵਿਖੇ
ਲੁਧਿਆਣਾ (ਤਮੰਨਾ ਬੇਦੀ) : ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੋਸਾਇਟੀ (ਰਜਿ) ਲੁਧਿਆਣਾ ਦੇ ਪ੍ਰਧਾਨ ਸ ਸਤਨਾਮ ਸਿੰਘ ਸਲ੍ਹੋਪੁਰੀ ਅਤੇ ਸਕੱਤਰ ਸ ਰਾਜਪਾਲ ਸਿੰਘ ਅੰਮ੍ਰਿਤਸਰ ਨੇ ਪ੍ਰੈਸ ਨੋਟ ਰਾਹੀਂ ਸਾਂਝੇ ਬਿਆਨ ਵਿੱਚ ਦੱਸਿਆ ਕਿ ਗੁਰਪੁਰਵਾਸੀ ਡਾਕਟਰ ਅਮਨਪ੍ਰੀਤ ਸਿੰਘ ਦੀ ਮਿੱਠੀ ਤੇ ਨਿੱਗੀ ਯਾਦ ਵਿੱਚ "ਡਾਕਟਰ ਅਮਨਪ੍ਰੀਤ ਸਿੰਘ ਸਾਹਿਤ ਸੇਵਾ ਪੰਜਵਾਂ ਯਾਦਗਾਰੀ ਸਮਾਗਮ" 22 ਫਰਵਰੀ 2026 ਦਿਨ ਐਤਵਾਰ ਸਵੇਰੇ 10 ਵਜੇ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਜਿਲਾ ਬਠਿੰਡਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਮੀਤ ਸਕੱਤਰ ਤੇ ਗੁਰਪੁਰਬ ਵਾਸੀ ਡਾਕਟਰ ਅਮਰਪ੍ਰੀਤ ਸਿੰਘ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਡਾਕਟਰ ਸਾਹਿਬ ਧਰਮ ਅਧਿਅਨ ਵਿਭਾਗ ਵਿੱਚ ਖੋਜ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ/ਖੋਜਾਰਥੀਆਂ ਨੂੰ ਹਮੇਸ਼ਾ ਉਤਸਾਹਿਤ ਕਰਦੇ ਸਨ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਸਨ, ਉਨ੍ਹਾਂ ਦੀ ਰੀਝ ਸੀ ਕਿ ਵੱਧ ਤੋਂ ਵੱਧ ਨੌਜਵਾਨ ਧਰਮ ਅਧਿਐਨ ਚ ਖੋਜ ਕਰਨ ਲਈ ਅੱਗੇ ਆਉਣ। ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਲਈ ਡਾਕਟਰ ਸਾਹਿਬ ਦੇ ਨਾਮ ਤੇ ਸੁਸਾਇਟੀ ਦੀ ਸਥਾਪਨਾ ਕਰਕੇ ਚਾਰ ਅਵਾਰਡ ਸਮਾਗਮ ਕੀਤੇ ਜਾ ਚੁੱਕੇ ਹਨ।
ਸਮਾਗਮ ਦੀ ਸਰਪਰਸਤੀ ਸਿੰਘ ਸਾਹਿਬ ਬਾਬਾ ਟੇਕ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਕਰਨਗੇ। ਡਾ. ਗੁਰਮੇਲ ਸਿੰਘ, ਉਪ ਕੁਲਪਤੀ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਡਾ. ਨਰਿੰਦਰ ਸਿੰਘ ਪ੍ਰਿੰਸੀਪਲ, ਗੁਰੂ ਨਾਨਕ ਕਾਲਜ ਬੁਢਲਾਡਾ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਭਾਈ ਜਗਤਾਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚਣਗੇ।
ਅਵਾਰਡ ਪ੍ਰਾਪਤ ਕਰਨ ਵਾਲੇ 5 ਖੋਜਾਰਥੀਆਂ ਦੀ ਚੋਣ ਵੱਖ-ਵੱਖ ਪੰਜ ਯੂਨੀਵਰਸਿਟੀਆਂ ਵਿੱਚੋਂ ਕੀਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਲਵਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਜਸਬੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਬੀ ਲਵਪ੍ਰੀਤ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਮਨਦੀਪ ਸਿੰਘ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੁਖਦੀਪ ਸਿੰਘ ਦੇ ਨਾਵਾਂ ਦੀ ਅਵਾਰਡ ਦੇਣ ਲਈ ਚੋਣ ਕੀਤੀ ਗਈ ਹੈ।
ਅਵਾਰਡ ਵਿੱਚ ਪ੍ਰਤੀ ਅਵਾਰਡੀ 11000 ਰੁਪਏ ਦੀ ਨਗਦ ਰਾਸੀ, ਅਵਾਰਡ ਸਰਟੀਫਿਕੇਟ, ਮੁਮੈੰਟੋ,ਸੈਨੀਟੇਸਨ, ਡਾ. ਅਮਨਪ੍ਰੀਤ ਸਿੰਘ ਦੀਆਂ ਖੋਜ ਪੁਸਤਕਾਂ ਦਾ ਸੈੱਟ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਸਾਹਿਤਕ ਪ੍ਰੇਮੀਆਂ, ਖੋਜਾਰਥੀਆਂ, ਵਿਦਵਾਨਾਂ, ਵਿਦਿਆਰਥੀਆਂ ਨੂੰ ਇਹ ਸਮਾਗਮ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਡਾ. ਅਮਨਪ੍ਰੀਤ ਸਿੰਘ ਦੀ ਸੋਚ ਨੂੰ ਜਿੰਦਾ ਰੱਖਿਆ ਜਾ ਸਕੇ, ਅੱਗੇ ਤੋਰਿਆ ਜਾ ਸਕੇ।
