ਮਜ਼ਦੂਰ ਜਥੇਬੰਦੀਆਂ ਵਲੋਂ ਝੰਡਾ ਮਾਰਚ.
ਝੰਡਾ ਮਾਰਚ ਕਰਕੇ ਸੰਘਰਸ਼ਸ਼ੀਲ ਮਜਦੂਰਾਂ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਗਈ
ਲੁਧਿਆਣਾ, 3 ਮਾਰਚ 2026 : ਪਾਣੀਪਤ (ਹਰਿਆਣਾ), ਸੂਰਤ (ਗੁਜਰਾਤ), ਫਿਰ ਬਰੌਨੀ (ਬਿਹਾਰ) ਦੀਆਂ ਵੱਡੀਆਂ ਤੇਲ ਰਿਫਾਇਨਰੀਆਂ, ਲਾਰਾ ਪਾਵਰ ਪਲਾਂਟ ਅਤੇ ਏਸ਼ੀਅਨ ਪੇਂਟਸ ਵਿੱਚ ਹਜਾਰਾਂ ਮਜਦੂਰਾਂ ਦੇ ਜਾਰੀ ਸੰਘਰਸ਼ਾਂ ਦੀ ਹਿਮਾਇਤ ਵਿੱਚ ਅੱਜ ਲੁਧਿਆਣਾ ਦੇ ਸਮਰਾਲਾ ਚੌਂਕ ਇਲਾਕੇ ਵਿੱਚ ਝੰਡਾ ਮਾਰਚ ਕਰਕੇ ਮੁਜਾਹਰਾ ਕੀਤਾ ਗਿਆ। ਇਹ ਮੁਜਾਹਰਾ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੀਤਾ ਗਿਆ।
ਜੱਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮਜਦੂਰਾਂ ਦੀ ਮੰਗ ਹੈ ਕਿ ਉਹਨਾਂ ਦੀਆਂ ਕੰਮ ਹਾਲਤਾਂ ਵਿੱਚ ਬੇਹਤਰੀ ਲਈ ਸਖਤ ਕਦਮ ਚੁੱਕੇ ਜਾਣ, ਅੱਠ ਘੰਟੇ ਕੰਮ ਦਿਹਾੜੀ ਦਾ ਕਨੂੰਨ ਸਖਤੀ ਨਾਲ਼ ਲਾਗੂ ਕੀਤਾ ਜਾਵੇ, ਕੰਮ ਦੌਰਾਨ ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਸਮੇਂ ਸਿਰ ਤਨਖਾਹ ਦਿੱਤੀ ਜਾਵੇ ਤੇ ਹੋਰ ਕਨੂੰਨੀ ਕਿਰਤ ਹੱਕ ਲਾਗੂ ਕੀਤੇ ਜਾਣੇ। ਵੱਖ-ਵੱਖ ਥਾਂਵਾਂ ਉੱਤੇ ਉੱਠਿਆ ਮਜਦੂਰਾਂ ਦਾ ਇਹ ਰੋਹ ਮਜਦੂਰਾਂ ਦੀਆਂ ਬਦਤਰ ਹਾਲਤਾਂ ਵਿਰੁੱਧ ਹੈ। ਵੱਡੇ-ਛੋਟੇ, ਦੇਸੀ-ਵਿਦੇਸ਼ੀ ਸਰਮਾਏਦਾਰਾਂ, ਉਹਨਾਂ ਦੀਆਂ ਸੇਵਾਦਾਰ ਸਰਕਾਰਾਂ ਹੱਥੋਂ ਲੁੱਟ-ਖੋਹ-ਅਨਿਆਂ ਕਾਰਨ ਮਜਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਹੱਢ ਭੰਨਵੀਂ ਮਿਹਨਤ ਤੋਂ ਬਾਅਦ ਵੀ ਮਜਦੂਰਾਂ ਦੀ ਜਿੰਦਗੀ ਦੀਆਂ ਮੁੱਢਲੀਆਂ ਜਰੂਰਤਾਂ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਮਜਦੂਰਾਂ ਦੇ ਕੁਰਬਾਨੀਆਂ ਭਰੇ ਸੰਘਰਸ਼ਾਂ ਦੀ ਬਦੌਲਤ ਉਹਨਾਂ ਨੂੰ ਮਿਲੇ ਥੋੜ੍ਹੇ ਬਹੁਤ ਕਨੂੰਨੀ ਕਿਰਤ ਹੱਕ ਵੀ ਖਤਮ ਕੀਤੇ ਜਾ ਰਹੇ ਹਨ। ਇਸ ਖਿਲਾਫ ਜੋਰਦਾਰ ਇੱਕਮੁੱਠ ਸੰਘਰਸ਼ ਨਾਲ਼ ਹੀ ਸਰਮਾਏਦਾਰਾ ਲੁੱਟ-ਖੋਹ-ਅਨਿਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਆਪਣੀ ਜਿੰਦਗੀ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ। ਇਹੋ ਰਾਹ ਵੱਖ-ਵੱਖ ਸ਼ਹਿਰਾਂ ਵਿੱਚ ਸੰਘਰਸ਼ ਕਰ ਰਹੇ ਮਜਦੂਰਾਂ ਨੇ ਚੁਣਿਆ ਹੈ ਅਤੇ ਹੋਰ ਮਜਦੂਰਾਂ ਨੂੰ ਇੱਕ ਸਹੀ ਰਾਹ ਵਖਾਇਆ ਹੈ। ਦੇਸ਼ ਦੇ ਸਭਨਾਂ ਕਿਰਤੀ ਤੇ ਇਨਸਾਫਪਸੰਦ ਲੋਕਾਂ ਨੂੰ ਸੰਘਰਸ਼ਸ਼ੀਲ ਮਜਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ।
ਮੁਜਾਹਰੇ ਨੂੰ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਆਗੂ ਰਵਿੰਦਰ ਕੌਰ, ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਦੇ ਆਗੂ ਵਿਸ਼ਵਨਾਥ ਨੇ ਸੰਬੋਧਨ ਕੀਤਾ।
