ACCUPUNCTURE CAMP AT HOLA MAHALLA.

ਹੋਲਾ ਮਹੱਲਾ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲੱਗਿਆ ਦੋ ਦਿਨਾਂ ਦਾ ਮੁਫ਼ਤ ਐਕਿਊਪੰਕਚਰ ਕੈਂਪ ਸਫਲਤਾਪੂਰਵਕ ਸੰਪੰਨ

ਹੋਲਾ ਮਹੱਲਾ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਡਾ. ਕੋਟਿਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ 2 ਅਤੇ 3 ਮਾਰਚ 2026 ਨੂੰ ਲਗਾਇਆ ਗਿਆ ਦੋ ਦਿਨਾਂ ਦਾ ਮੁਫ਼ਤ ਐਕਿਊਪੰਕਚਰ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਈ ਸੰਗਤ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਲਗਭਗ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਹੋਲਾ ਮਹੱਲਾ ਸਿੱਖ ਧਰਮ ਦਾ ਪ੍ਰਸਿੱਧ ਤਿਉਹਾਰ ਹੈ ਜੋ ਹਰ ਸਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ ਸੰਨ 1701 ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ; ਇਹ ਤਿਉਹਾਰ ਖਾਲਸਾ ਪੰਥ ਦੀ ਵੀਰਤਾ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ ਜਿਸ ਦੌਰਾਨ ਘੁੜਸਵਾਰੀ, ਗਤਕਾ, ਤਲਵਾਰਬਾਜ਼ੀ, ਨਕਲੀ ਯੁੱਧ, ਕੀਰਤਨ, ਨਗਰ ਕੀਰਤਨ ਅਤੇ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ। ਕੈਂਪ ਦੌਰਾਨ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਵਾਲੀ ਪ੍ਰਮਾਣਿਤ ਐਕਿਊਪੰਕਚਰ ਪੱਧਤੀ ਰਾਹੀਂ ਕਮਰ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਨਸਾਂ ਦੀ ਕਮਜ਼ੋਰੀ, ਨਿਊਰੋਪੈਥੀ, ਮਾਈਗ੍ਰੇਨ, ਅਨਿੰਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜੁਕਾਮ, ਐਲਰਜੀ, ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਅੱਖਾਂ ਦੀ ਕਮਜ਼ੋਰੀ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਸੰਬੰਧੀ ਬਿਮਾਰੀਆਂ ਲਈ ਇਲਾਜ ਅਤੇ ਮੁਫ਼ਤ ਸਲਾਹ ਪ੍ਰਦਾਨ ਕੀਤੀ ਗਈ ਅਤੇ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਯੋਗ ਮਾਰਗਦਰਸ਼ਨ ਦਿੱਤਾ ਗਿਆ। ਇਹ ਕੈਂਪ ਸ. ਇਕਬਾਲ ਸਿੰਘ ਗਿੱਲ (ਆਈ.ਪੀ.ਐਸ.), ਜਨਰਲ ਸਕੱਤਰ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ ਅਤੇ ਇਸ ਮੌਕੇ ‘ਤੇ ਸ. ਜਸਵੰਤ ਸਿੰਘ, ਚੇਅਰਮੈਨ, ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਸ. ਤਰਲੋਚਨ ਸਿੰਘ ਵਿਰਕ (ਯੂ.ਐਸ.ਏ.) ਅਤੇ ਸ. ਜਸਵੰਤ ਸਿੰਘ ਛਾਪਾ, ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਦੀ ਵਿਸ਼ੇਸ਼ ਹਾਜ਼ਰੀ ਰਹੀ। ਇਸ ਅਵਸਰ ‘ਤੇ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਉਣਾ ਸਮਾਜ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਡਾ. ਬਲਜਿੰਦਰ ਸਿੰਘ ਢਿੱਲੋਂ, ਡਾ. ਰਘਵੀਰ ਸਿੰਘ, ਗਗਨ ਭਾਟੀਆ, ਪ੍ਰਵੇਸ਼, ਮਨਪ੍ਰੀਤ ਸਿੰਘ, ਰਵਪ੍ਰੀਤ ਕੌਰ ਅਤੇ ਅਲੀਸ਼ਾ ਆਦਿ ਨੇ ਵੀ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇ ਕੇ ਕੈਂਪ ਨੂੰ ਸਫਲ ਬਣਾਇਆ।