Missing of Photos of Martyrs from Jallianwala bagh is deplorable - Bawa.

ਜਲਿਆਵਾਲਾ ਬਾਗ ਵਿੱਚੋਂ ਸ਼ਹੀਦਾਂ ਦੀਆਂ ਫੋਟੋਆਂ ਗਾਇਬ ਹੋਣਾ ਅਤੇ ਸ਼ਹੀਦ ਊਧਮ ਸਿੰਘ ਦੀ ਫੋਟੋ ਨਾਲੋਂ ਸ਼ਹੀਦ ਸ਼ਬਦ ਹਟਾਉਣਾ ਚਿੰਤਾ ਦਾ ਵਿਸ਼ਾ- ਬਾਵਾ

 

ਅੰਗਰੇਜ਼ ਹਕੂਮਤ ਖਿਲਾਫ ਕੇਸ ਲੜਨ ਵਾਲੇ ਵਕੀਲ ਚੇਤੂਰ ਸ਼ੰਕਰਨ ਨਾਇਰ ਦੀ ਤਸਵੀਰ ਅਤੇ ਲਿਖਤਾਂ ਹਟਾਉਣਾ ਅਤੀ ਮੰਦਭਾਗਾ- ਸ਼ਹੀਦ--ਆਜ਼ਮ ਭਗਤ ਸਿੰਘ ਦੀ ਫੋਟੋ ਦਫਤਰਾਂ ਵਿੱਚ ਲਗਾਉਣ ਵਾਲੀ ਸਰਕਾਰ ਧਿਆਨ ਦੇਵੇ

 

ਲੁਧਿਆਣਾ, 11 ਮਾਰਚ (ਤਮੰਨਾ ਬੇਦੀ)- ਜਲਿਆਵਾਲਾ ਬਾਗ ਅੰਮ੍ਰਿਤਸਰ ਵਿਖੇ ਨਵੀਨੀਕਰਨ ਅਤੇ ਸੁੰਦਰੀਕਰਨ ਕਰਨ ਸਮੇਂ ਆਪਣੀ ਜਾਨ ਦੀ ਅਹੂਤੀ ਦੇਸ਼ ਲਈ ਦੇਣ ਵਾਲੇ ਮਹਾਨ ਸ਼ਹੀਦਾਂ ਦੀਆਂ ਗੈਲਰੀ ਵਿੱਚ ਤਸਵੀਰਾਂ ਅਤੇ ਤਖਤੀਆਂ ਗਾਇਬ ਹੋਣਾ ਚਿੰਤਾ ਦਾ ਵਿਸ਼ਾ ਹੈ ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਪੰਜਾਬੀ ਦੇ ਪ੍ਰਮੁੱਖ ਅਖਬਾਰ ਵਿੱਚ ਲੱਗੀ ਖਬਰ ਪੜਨ ਤੋਂ ਬਾਅਦ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਹੇ

           ਸ੍ਰੀ ਬਾਵਾ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਹਨ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਸੂਬਾ ਸਰਕਾਰ ਵੱਲੋਂ ਮਨਮਾਨੀਆਂ ਕਰਕੇ ਸ਼ਹੀਦਾਂ ਦੀਆਂ ਫੋਟੋਆਂ ਸਿਰਫ ਦਫਤਰਾਂ ਵਿੱਚ ਲਗਾਉਣਾ ਲੋਕ ਵਿਖਾਵਾ ਬਣ ਕੇ ਰਹਿ ਗਈਆਂ ਹਨ ਪਰ ਉਹਨਾਂ ਦੀ ਸੋਚ, ਸੱਚਾਈ, ਦੇਸ਼ ਭਗਤੀ ਤੋਂ ਕੋਹਾਂ ਦੂਰ ਸੋਚ ਦੇ ਮਾਲਕ ਸਿਆਸੀ ਕੁਰਸੀਆਂ 'ਤੇ ਬਿਰਾਜਮਾਨ ਹੋ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਭਾਸ਼ਣ ਸਿਰਫ 15 ਅਗਸਤ ਅਤੇ 26 ਜਨਵਰੀ ਨੂੰ ਦਿੰਦੇ ਹਨ

           ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਤਸਵੀਰ ਨਾਲੋਂ ਸ਼ਹੀਦ ਸ਼ਬਦ ਹਟਾਉਣਾ ਅਤੀ ਨਿੰਦਣਯੋਗ ਕਾਰਵਾਈ ਹੈ ਉਹਨਾਂ ਕਿਹਾ ਕਿ ਜਿਸ ਵਕੀਲ ਨੇ ਜਲਿਆਵਾਲੇ ਬਾਗ ਦੀ ਘਟਨਾ ਦਾ ਕੇਸ ਲੜਿਆ ਅਤੇ ਸੱਚਾਈ ਬਿਆਨ ਕੀਤੀ ਉਸ ਵਕੀਲ ਚੇਤੂਰ ਸ਼ੰਕਰਨ ਨਾਇਰ ਦੀ ਤਸਵੀਰ ਅਤੇ ਲਿਖਤਾਂ ਗਾਇਬ ਕਰਨ ਵਾਲੀ ਸੰਸਥਾ ਖਿਲਾਫ ਉਪਰੋਕਤ ਬੇਨਿਯਮੀਆਂ ਨੂੰ ਦੇਖਦੇ ਹੋਏ ਐਕਸ਼ਨ ਲਿਆ ਜਾਵੇ

           ਬਾਵਾ ਨੇ ਕਿਹਾ ਕਿ ਭਾਰਤ ਦੇ ਖੂਬਸੂਰਤ ਗੁਲਦਸਤੇ ਦੇ ਰਾਖੇ ਮਹਾਨ ਸ਼ਹੀਦਾਂ ਦੇ ਨਾਮ 'ਤੇ ਸਿਰਫ ਸਿਆਸੀ ਰੋਟੀਆਂ ਹੀ ਸੇਕਦੇ ਹਨ ਉਹਨਾਂ ਅੰਦਰ ਦੇਸ਼ ਭਗਤੀ, ਦੇਸ਼ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਉਹਨਾਂ ਕਿਹਾ ਕਿ ਲੋੜ ਹੈ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕਰੀਏ ਜਿਨਾਂ ਬਾਰੇ ਕਿਹਾ ਜਾਂਦਾ ਸੀ-

ਲਾਲ ਕਿਲੇ ਸੇ ਆਈ ਆਵਾਜ਼- ਢਿੱਲੋਂ, ਸਹਿਗਲ, ਸ਼ਾਹਨਵਾਜ਼

           ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਵਰਗਾਂ ਦੇ ਲੋਕਾਂ ਦਾ ਯੋਗਦਾਨ ਹੈ ਇਸ ਨੂੰ ਭੁੱਲਣਾ ਨਹੀਂ ਚਾਹੀਦਾ।