ਚੁੱਪ ਹੀ ਰਹਿਣਾ ਚੰਗਾ ਹੁੰਦਾ .
ਪਹੁੰਚ ਤੋਂ ਵਿਸਰੇ ਚਾਵਾਂ ਨਾਲੋਂ,
ਔਕਾਤ ਤੋਂ ਉੱਚੀਆਂ ਹਵਾਵਾਂ ਨਾਲੋਂ,
ਮਕਸਦ ਭੜਕਾਉਂਦੇ ਰਾਹਵਾਂ ਨਾਲੋਂ,
ਘਰ ਬਹਿਣਾ ਹੀ ਚੰਗਾ ਹੁੰਦਾ।
ਜੇ ਮਸਲਾ ਗੱਲ ਨਾਲ ਵਜ਼ਨੀਂ ਹੋਵੇ,
ਚੁੱਪ ਰਹਿਣਾ ਹੀ ਚੰਗਾ ਹੁੰਦਾ।
ਬੇਵੱਸ ਕਲਮ ਦਵਾਤਾਂ ਅੱਗੇ,
ਜਕੜ੍ਹੇ ਹੋਏ ਜਜ਼ਬਾਤਾਂ ਅੱਗੇ,
ਇਨ੍ਹਾਂ ਕਮਬਖ਼ਤ ਹਲਾਤਾਂ ਅੱਗੇ,
ਦੁੱਖ ਸਹਿਣਾ ਹੀ ਚੰਗਾ ਹੁੰਦਾ।
ਜੇ ਮਸਲਾ ਗੱਲ ਨਾਲ ਵਜ਼ਨੀਂ ਹੋਵੇ,
ਚੁੱਪ ਰਹਿਣਾ ਹੀ ਚੰਗਾ ਹੁੰਦਾ।
ਵਿਛੜ ਗਿਆਂ ਨੂੰ ਮਿਲਾਉਣ ਵਾਸਤੇ,
ਸਭ ਸ਼ਿਕਵਿਆਂ ਨੂੰ ਮੁਕਾਉਣ ਵਾਸਤੇ,
ਸੈਂਕੜੇ ਹੀ ਰਿਸ਼ਤੇ ਬਚਾਉਣ ਵਾਸਤੇ,
ਨਾ ਖਹਿਣਾ ਹੀ ਚੰਗਾ ਹੁੰਦਾ।
ਜੇ ਮਸਲਾ ਗੱਲ ਨਾਲ ਵਜ਼ਨੀਂ ਹੋਵੇ,
ਚੁੱਪ ਰਹਿਣਾ ਹੀ ਚੰਗਾ ਹੁੰਦਾ।
ਗਰੀਬ ਦੇ ਲਹੂ ਦੀ ਸਿਆਹੀ ਨਾਲੋਂ,
ਕਿਸੇ ਝੂਠੀ ਭਰੀ ਗਵਾਹੀ ਨਾਲੋਂ,
ਜ਼ਮੀਰ ਦੀ ਹੋਈ ਤਬਾਹੀ ਨਾਲੋਂ,
ਤਨ ਢਹਿਣਾ ਹੀ ਚੰਗਾ ਹੁੰਦਾ।
ਜੇ ਮਸਲਾ ਗੱਲ ਨਾਲ ਵਜ਼ਨੀਂ ਹੋਵੇ,
ਚੁੱਪ ਰਹਿਣਾ ਹੀ ਚੰਗਾ ਹੁੰਦਾ।
~ਇਮਾਮ