ਕਵਿਤਾ / ਵਗਦੀ ਪੌਣ / (ਡਾ. ਲਖਵਿੰਦਰ ਕੌਰ).

 

ਰਾਤ ਦੇ ਉਜਲੇ ਚਿਰਾਗਾਂ ਨੂੰ ਮਹਿਸੂਸ ਤਾਂ ਕਰ,                        

ਹਵਾ ਵਿੱਚ ਬਿਖਰੇ ਖਾਬਾਂ ਨੂੰ ਮਹਿਸੂਸ ਤਾਂ ਕਰ ,

ਸੂਰਜ ਦੀ ਕਿਰਨ ਨਿਕਲੀ ਜੋ ਬਨੇਰੇ ਤੇ,

ਚਮਕਦੇ ਅਹਿਸਾਸਾਂ ਨੂੰ ਮਹਿਸੂਸ ਤਾਂ ਕਰ।


ਪੌਣ ਵਗਦੀ ਹੈ ਅੱਥਰੀ ,ਇਹਦਾ ਹੈ ਸੁਭਾਅ,

ਲੱਗਦਾ ਹੈ ਦੂਰ ਕਿਤੇ ਕੋਈ ਰਿਹਾ ਵੰਝਲੀ ਵਜਾ,

ਸਮੁੰਦਰ ਵਿੱਚ ਪੈ ਰਿਹਾ ਜ਼ੋਰ ਉਸ ਦੇ ,

ਦਿਲ ਦੇ ਸਾਜ਼ਾਂ ਨੂੰ ਮਹਿਸੂਸ ਤਾਂ ਕਰ ।


ਸੁਣਿਆ ਹੈ ਮਿਲ ਗਿਆ ਹੈ ਜ਼ਹਿਰ ਹਵਾਵਾਂ ਵਿੱਚ,

ਸਿਮਟੀ ਹੈ  ਜ਼ਿੰਦਗੀ ਆਉਂਦੇ ਜਾਂਦੇ ਸਾਹਾਂ ਵਿੱਚ ,

ਉੱਠ, ਤੁਰ ਕਰ ਤੈਅ ਜਿੰਦਗੀ ਦਾ ਸਫ਼ਰ

ਮਨ ਚ ਉਠਦੇ ਚਾਵਾਂ ਨੂੰ ਮਹਿਸੂਸ ਤਾਂ ਕਰ।


ਮਾੜਾ ਦੌਰ ਹੈ ਚਲਾ ਜਾਵੇਗਾ ਛੱਡ ਕੇ ਨਿਸ਼ਾਨ ,

ਕਾਹਦਾ ਹੈ ਦੱਸ ਇੱਥੇ ਜਿੰਦਗੀ ਦਾ ਗੁਮਾਨ,

ਤੂੰ ਲਾ ਖੰਭ ਭਰ ਉੱਡਾਰੀ ਉੱਚੇ  ਅਸਮਾਨਾਂ ਵਿੱਚ ,

ਪੈਰਾਂ ਵਿੱਚ ਵਿਛੇ ਅੰਗਾਰਾਂ ਨੂੰ ਮਹਿਸੂਸ ਤਾਂ ਕਰ।

                                - ਡਾ ਲਖਵਿੰਦਰ ਕੌਰ

              (ਸੀ ਟੀ ਯੂਨੀਵਰਸਿਟੀ ਲੁਧਿਆਣਾ)