ਸ਼ੁਰੂਆਤੀ ਕਦਮਾਂ ਤੋਂ ਭਵਿੱਖ ਦੇ ਸੁਪਨਿਆਂ ਤਕ.
शुरुआती कदमों से भविष्य के सपनों तक: हर बच्चे के लिए सीखने का नया स्वरूप
ਸ਼ੁਰੂਆਤੀ ਕਦਮਾਂ ਤੋਂ ਭਵਿੱਖ ਦੇ ਸੁਪਨਿਆਂ ਤੱਕ: ਹਰ ਬੱਚੇ ਲਈ ਸਿੱਖਣ ਦਾ ਨਵਾਂ ਸਵਰੂਪ
ਸ਼੍ਰੀ ਧਰਮੇਂਦਰ ਪ੍ਰਧਾਨ
ਰਾਸ਼ਟਰੀ ਨਵੀਨੀਕਰਣ ਦਾ ਪਲ
ਹਰ ਸਾਲ, ਜਦੋਂ ਸਕੂਲਾਂ ਦੇ ਦਰਵਾਜ਼ੇ ਨਵੇਂ ਅਕਾਦਮਿਕ ਸੈਸ਼ਨਾਂ ਲਈ ਖੁੱਲ੍ਹਦੇ ਹਨ, ਤਾਂ ਭਾਰਤ ਸਮੂਹਿਕ ਸੰਕਲਪ ਦੀਆਂ ਸਭ ਤੋਂ ਡੂੰਘੀਆਂ ਉਦਾਹਰਣਾਂ ਵਿੱਚੋਂ ਇੱਕ ਦਾ ਗਵਾਹ ਬਣਦਾ ਹੈ। ਪਹਾੜਾਂ ਅਤੇ ਤੱਟਵਰਤੀਆਂ ਤੋਂ ਲੈ ਕੇ ਸ਼ਹਿਰਾਂ ਅਤੇ ਦੂਰ-ਦੁਰਾਡੇ ਪਿੰਡਾਂ ਤੱਕ, ਲੱਖਾਂ ਬੱਚੇ ਕਦੇ-ਕਦੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ - ਨਵੇਂ ਜੋਸ਼, ਨਵੀਂਆਂ ਇੱਛਾਵਾਂ ਅਤੇ ਬੇਅੰਤ ਸੰਭਾਵਨਾਵਾਂ ਨਾਲ ਆਪਣੇ ਕਲਾਸਰੂਮਾਂ ਵਿੱਚ ਕਦਮ ਰੱਖਦੇ ਹਨ। ਇਹ ਇੱਕ ਸ਼ਾਂਤ ਪਰ ਸ਼ਕਤੀਸ਼ਾਲੀ ਰਾਸ਼ਟਰੀ ਪਲ ਹੈ। ਇਸ ਸਾਲ ਵੀ ਲਗਭਗ 2 ਕਰੋੜ ਬੱਚਿਆਂ ਨੇ ਪਹਿਲੀ ਜਮਾਤ ਵਿੱਚ ਦਾਖਲਾ ਲਿਆ ਹੈ – ਜੋ ਉਮੀਦ ਅਤੇ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਦੋਵਾਂ ਨੂੰ ਸਾਂਭੇ ਹੋਏ ਹੈ।
ਭਾਰਤ ਦਾ ਸਕੂਲੀ ਢਾਂਚਾ ਬਹੁਤ ਵਿਸ਼ਾਲ ਹੈ। ਇਸ ਵਿੱਚ 14.7 ਲੱਖ ਤੋਂ ਵੱਧ ਸਕੂਲ, ਲਗਭਗ 25 ਕਰੋੜ ਨਾਮਜ਼ਦ ਵਿਦਿਆਰਥੀ ਅਤੇ 1 ਕਰੋੜ ਤੋਂ ਜ਼ਿਆਦਾ ਅਧਿਆਪਕ ਸ਼ਾਮਲ ਹਨ। ਇਹ ਗਿਣਤੀ ਸਿਰਫ ਪ੍ਰਸ਼ਾਸਨਿਕ ਪੱਧਰ ਨੂੰ ਮਾਪਣ ਦਾ ਜ਼ਰੀਆ ਹੀ ਨਹੀਂ ਹੈ, ਸਗੋਂ ਇਹ ਸਿੱਖਿਆ ਰਾਹੀਂ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੀ ਇੱਕ ਮਜ਼ਬੂਤ ਵਚਨਬੱਧਤਾ ਦਾ ਐਲਾਨ ਕਰਦੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੇ ਰੱਟਣ ਦੀ ਆਦਤ ਤੋਂ ਅੱਗੇ ਵਧ ਕੇ ਉਤਸੁਕਤਾ, ਸਮਝ ਅਤੇ ਸੰਪੂਰਨ ਵਿਕਾਸ (ਹੋਲੀਸਟਿਕ ਡਿਵੈਲਪਮੈਂਟ) ਨੂੰ ਸਿੱਖਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਹਰ ਨਵਾਂ ਅਕਾਦਮਿਕ ਸੈਸ਼ਨ ਉਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਅਰਥਪੂਰਨ ਕਦਮ ਹੈ।
ਬਾਲਵਾਟਿਕਾ ਲਾਗੂ ਹੋਣ ਨਾਲ ਹੁਣ ਛੋਟੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਸਕੂਲ ਪ੍ਰਣਾਲੀ ਦਾ ਹਿੱਸਾ ਬਣ ਗਈ ਹੈ। ਇਸ ਨਾਲ ਬੱਚੇ ਪਹਿਲੀ ਕਲਾਸ ਵਿੱਚ ਬਿਹਤਰ ਤਿਆਰੀ ਅਤੇ ਮਜ਼ਬੂਤ ਬੁਨਿਆਦੀ ਹੁਨਰਾਂ ਨਾਲ ਦਾਖਲ ਹੁੰਦੇ ਹਨ। ਬੱਚੇ ਦਾ ਸਕੂਲ ਵਿੱਚ ਦਾਖਲਾ ਉਸ ਦੇ ਜਿੰਦਗੀ ਭਰ ਦੇ ਸਿੱਖਣ ਅਤੇ ਸਮਾਜ ਨਾਲ ਜੁੜਨ ਦੀ ਸ਼ੁਰੂਆਤ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਯਾਤਰਾ ਖੁਸ਼ੀ, ਚੰਗੇ ਮਾਹੌਲ ਅਤੇ ਆਪਣੇਪਣ ਮਹਿਸੂਸ ਕਰਵਾਉਣ ਵਾਲਾ ਹੋਵੇ।
ਸਿੱਖਣ ਦਾ ਸਫ਼ਰ: ਪਹਿਲੇ ਕਦਮ ਤੋਂ ਆਤਮ ਵਿਸ਼ਵਾਸ ਤੱਕ
ਸਕੂਲ ਦਾ ਪਹਿਲਾ ਦਿਨ ਖਾਸ ਹੁੰਦਾ ਹੈ। ਇਸ ਵਿੱਚ ਥੋੜੀ ਝਿਜਕ ਹੁੰਦੀ ਹੈ, ਤਾਂ ਨਵੀਂ ਸ਼ੁਰੂਆਤ ਦੀ ਖੁਸ਼ੀ ਵੀ ਹੁੰਦੀ ਹੈ। ਛੋਟੇ –ਛੋਟੇ ਬੱਚੇ ਆਪਣੇ ਵੱਡੇ-ਵੱਡੇ ਭਾਵ ਲੈ ਕੇ ਸਕੂਲ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਉਤਸੁਕ ਅੱਖਾਂ ਇੱਕ ਨਵੀਂ ਦੁਨੀਆਂ ਵੇਖਦੀਆਂ ਹਨ। ਜਦੋਂ ਬੱਚੇ ਖੁਦ ਨੂੰ ਸੁਰੱਖਿਅਤ ਅਤੇ ਮਹੱਤਵਪੂਰਨ ਮਹਿਸੂਸ ਕਰਦੇ ਹਨ, ਤਾਂ ਉਹ ਖੁੱਲ੍ਹਣ ਲੱਗ ਪੈਂਦੇ ਹਨ। ਉਹ ਜ਼ਿਆਦਾ ਹਿੱਸਾ ਲੈਂਦੇ ਹਨ, ਸਵਾਲ ਪੁੱਛਦੇ ਹਨ ਅਤੇ ਉਨ੍ਹਾਂ ਦੀ ਉਤਸੁਕਤਾ ਵਧਦੀ ਹੈ। ਹੌਲੀ-ਹੌਲੀ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਮਜ਼ਬੂਤ ਹੁੰਦਾ ਜਾਂਦਾ ਹੈ। ਸ਼ੁਰੂਆਤੀ ਸਾਲ ਖੇਡ, ਖੋਜ ਅਤੇ ਨਵੀਆਂ ਚੀਜ਼ਾਂ ਸਿੱਖਣ 'ਤੇ ਅਧਾਰਿਤ ਹੋਣੇ ਚਾਹੀਦੇ ਹਨ, ਇਹ ਹੀ ਜੀਵਨ ਭਰ ਦੀ ਸਿੱਖਣ ਦੀ ਯਾਤਰਾ ਦੀ ਸ਼ੁਰੂਆਤ ਹੈ।
ਚੰਗੇ ਰਿਸ਼ਤੇ ਬਹੁਤ ਮਾਇਨੇ ਰੱਖਦੇ ਹਨ। ਇੱਕ ਸਮਝਦਾਰ ਅਤੇ ਦੇਖਭਾਲ ਕਰਨ ਵਾਲਾ ਅਧਿਆਪਕ ਬੱਚੇ ਦੀ ਜ਼ਿੰਦਗੀ ਬਦਲ ਸਕਦਾ ਹੈ। ਸਹਿਯੋਗੀ ਕਲਾਸ ਦਾ ਮਾਹੌਲ ਬੱਚੇ ਦੀ ਚੁੱਪੀ ਨੂੰ ਭਾਗੀਦਾਰੀ ਵਿੱਚ ਅਤੇ ਭਾਗੀਦਾਰੀ ਨੂੰ ਆਤਮਵਿਸ਼ਵਾਸ ਵਿੱਚ ਬਦਲ ਸਕਦਾ ਹੈ। ਜਦੋਂ ਕਿ ਬੱਚਾ ਖੁਦ ਨੂੰ ਸੱਚਮੁੱਚ ਵਿੱਚ ਸਮਝਾ ਅਤੇ ਸੁਣਿਆ ਹੋਇਆ ਮਹਿਸੂਸ ਕਰਦਾ ਹੈ, ਤਾਂ ਜੋ ਉਸ ਦੀ ਉਤਸੁਕਤਾ ਹਿੰਮਤ ਵਿੱਚ ਬਦਲ ਜਾਂਦੀ ਹੈ। ਅਤੇ ਜਦੋਂ ਉਸ ਨੂੰ ਆਪਣਾਪਣ ਮਹਿਸੂਸ ਹੁੰਦਾ ਹੈ, ਤਾਂ ਉਹ ਆਪਣੀ ਆਵਾਜ਼ ਪਛਾਣਨ ਲਗਦਾ ਹੈ।
ਇਨ੍ਹਾਂ ਸ਼ੁਰੂਆਤੀ ਵਰ੍ਹਿਆਂ ਦੇ ਕੇਂਦਰ ਵਿੱਚ ਬੁਨਿਆਦੀ ਸਾਖਰਤਾ ਅਤੇ ਅੰਕਗਣਿਤ ਪ੍ਰਤੀ ਇੱਕ ਮਜ਼ਬੂਤ ਰਾਸ਼ਟਰੀ ਵਚਨਬੱਧਤਾ ਨਿਹਿਤ ਹੈ। NIPUN ਭਾਰਤ ਮਿਸ਼ਨ ਰਾਹੀਂ, ਭਾਰਤ ਨੇ ਇੱਕ ਸਪੱਸ਼ਟ ਟੀਚਾ ਨਿਰਧਾਰਿਤ ਕੀਤਾ ਹੈ: ਕਲਾਸ 2 ਦੇ ਅੰਤ ਤੱਕ ਹਰੇਕ ਬੱਚਾ ਸਮਝ ਦੇ ਨਾਲ ਪੜ੍ਹ ਸਕਣ ਅਤੇ ਬੁਨਿਆਦੀ ਅੰਕਗਣਿਤ ਕਰ ਸਕਣ। ਧਿਆਨ ਜਵਾਬਾਂ ਨੂੰ ਰੱਟੇ ਮਾਰਨ ਤੋਂ ਹਟਾ ਕੇ ਧਾਰਨਾਵਾਂ ਨੂੰ ਸਮਝਣ ‘ਤੇ ਕੇਂਦ੍ਰਿਤ ਹੈ। ਕਲਾਸਰੂਮਾਂ ਨੂੰ ਬੱਚਿਆਂ ਨੂੰ ਸਿਰਫ਼ ਜਵਾਬ ਦੁਹਰਾਉਣ ਦੀ ਬਜਾਏ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਦ੍ਰਿਸ਼ਟੀਕੋਣ ਅਕਾਦਮਿਕ ਸਿੱਖਿਆ ਤੋਂ ਪਰੇ ਹੈ। ਕਲਾ, ਖੇਡਾਂ ਅਤੇ ਕਦਰਾਂ-ਕੀਮਤਾਂ ਸਿੱਖਣ ਦੀਆਂ ਪ੍ਰਕਿਰਿਆ ਦੇ ਅਨਿੱਖੜਵੇਂ ਹਿੱਸੇ ਹਨ। ਸਿੱਖਿਆ ਨੂੰ ‘ਸੰਪੂਰਨ ਬੱਚੇ’ ਦਾ ਨਿਰਮਾਣ ਕਰਨਾ ਚਾਹੀਦਾ ਹੈ- ਨਾ ਸਿਰਫ਼ ਮਨ ਦਾ, ਸਗੋਂ ਸਰੀਰ ਅਤੇ ਦਿਲ ਦਾ ਵੀ। ਸਰੀਰਕ ਗਤੀਵਿਧੀ ਅਤੇ ਪੋਸ਼ਣ ਰੋਜ਼ਾਨਾ ਸਕੂਲੀ ਜੀਵਨ ਦੇ ਅਨਿੱਖੜਵੇਂ ਅੰਗ ਹਨ। ਇੱਕ ਸਿਹਤਮੰਦ ਬੱਚਾ ਬਿਹਤਰ ਸਿੱਖਦਾ ਹੈ, ਜ਼ਿਆਦਾ ਹਿੱਸਾ ਲੈਂਦਾ ਹੈ, ਅਤੇ ਆਤਮ-ਮਾਣ ਦੀ ਸਿਹਤਮੰਦ ਭਾਵਨਾ ਦੇ ਨਾਲ ਵਿਕਸਿਤ ਹੁੰਦਾ ਹੈ।
ਉਭਰਦੀ ਚੁਣੌਤੀਆਂ ਦਾ ਸਾਹਮਣਾ
ਆਲਮੀ ਪੱਧਰ ‘ਤੇ, ਬੱਚਿਆਂ ਦੀ ਜੀਵਨਸ਼ੈਲੀ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਸਰੀਰਕ ਗਤੀਵਿਧੀ ਵਿੱਚ ਕਮੀ ਕਈ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਭਾਰਤ ਇਸ ਚੁਣੌਤੀ ਦਾ ਸਰਗਰਮ ਤੌਰ ‘ਤੇ ਸਾਹਮਣਾ ਕਰ ਰਿਹਾ ਹੈ। ਲਾਜ਼ਮੀ ਸਰੀਰਕ ਸਿੱਖਿਆ, ਸਕੂਲਾਂ ਵਿੱਚ ਮੋਟਾਪੇ ਨਾਲ ਨਜਿੱਠਣ ਲਈ ‘ਔਈਲ ਬੋਰਡ’ ਅਤੇ ‘ਸ਼ੁਗਰ ਬੋਰਡ’ ਜਿਹੇ ਉਪਾਅ ਅਤੇ ਪੋਸ਼ਣ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦੇਣ ਵਾਲੀ ਮਜ਼ਬੂਤ ਪੀਐੱਮ-ਪੋਸ਼ਣ ਯੋਜਨਾ ਸਕੂਲਾਂ ਨੂੰ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਵੱਲ ਲੈ ਜਾ ਰਿਹਾ ਹੈ। ਇਨ੍ਹਾਂ ਯਤਨਾਂ ਦਾ ਉਦੇਸ਼ ਇੱਕ ਅਜਿਹੀ ਪੀੜ੍ਹੀ ਦਾ ਨਿਰਮਾਣ ਕਰਨਾ ਹੈ ਜੋ ਸਿਹਤ ਨੂੰ ਸੰਪੂਰਨ ਵਿਕਾਸ ਦਾ ਕੇਂਦਰ ਮੰਨਦੀ ਹੈ।
ਹਾਲਾਂਕਿ ਤਕਨਾਲੌਜੀ ਸਿੱਖਿਆ ਅਤੇ ਪਹੁੰਚ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ, ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਨਾਲ ਸਕ੍ਰੀਨ ਟਾਈਮ, ਧਿਆਨ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਇਹ ਇੱਕ ਆਲਮੀ ਚਿੰਤਾ ਹੈ, ਨਾ ਕਿ ਸਿਰਫ ਭਾਰਤ ਤੱਕ ਸੀਮਿਤ ਹੈ। ਸਕੂਲਾਂ ਅਤੇ ਪਰਿਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦੀ ਵਰਤੋਂ ਸਿੱਖਣ ਦੇ ਸਾਧਨ ਵਜੋਂ ਕੀਤਾ ਜਾਵੇਗਾ, ਨਾ ਕਿ ਧਿਆਨ ਭਟਕਾਉਣ ਦੇ ਸਾਧਨ ਵਜੋਂ।
ਇਸ ਦ੍ਰਿਸ਼ਟੀਕੋਣ ਵਿੱਚ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਭਲਾਈ ਵੀ ਮਹੱਤਵਪੂਰਨ ਹੈ। ਸਕੂਲੀ ਪਾਠਕ੍ਰਮ ਅਤੇ ਸਿੱਖਿਆ ਵਿਧੀਆਂ ਵਿੱਚ ਸਮਾਜਿਕ –ਭਾਵਨਾਤਮਕ ਸਿੱਖਿਆ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਦੇ ਵਿਕਾਸ ਵਿੱਚ ਸਹਿਯੋਗ ਮਿਲ ਸਕੇ, ਅਜਿਹੇ ਸਮੇਂ ਵਿੱਚ ਜਦੋਂ ਬੱਚੇ ਪਿਛਲੀ ਕਿਸੇ ਵੀ ਪੀੜ੍ਹੀ ਦੀ ਤੁਲਨਾ ਵਿੱਚ ਵਧੇਰੇ ਗੁੰਝਲਦਾਰ ਅਤੇ ਚੁਣੌਤੀਪੂਰਣ ਦੁਨੀਆ ਦਾ ਸਾਹਮਣਾ ਕਰ ਰਹੇ ਹਨ। ਸੁਰੱਖਿਆ ਅਤੇ ਤਣਾਅ ਮੁਕਤ ਵਾਤਾਵਰਣ ਬਣਾਉਣ ਲਈ ਸਕੂਲਾਂ, ਮਾਪਿਆਂ ਅਤੇ ਭਾਈਚਾਰਿਆਂ ਦੇ ਸਾਂਝੇ ਯਤਨ ਜ਼ਰੂਰੀ ਹਨ।
ਸਿੱਖਿਆ ਦੀ ਭੂਮਿਕਾ
ਸੁਧਾਰ ਸਿਰਫ਼ ਨੀਤੀਗਤ ਦਸਤਾਵੇਜ਼ਾਂ ਰਾਹੀਂ ਬੱਚਿਆਂ ਤੱਕ ਨਹੀਂ ਪਹੁੰਚਦੇ; ਇਹ ਅਧਿਆਪਕਾਂ ਰਾਹੀਂ ਹੀ ਲਾਗੂ ਹੁੰਦਾ ਹੈ। ਉਹ ਹੀ ਸਿੱਖਿਆ ਦੇ ਪਰਿਵਰਤਨ ਦੇ ਸੱਚੇ ਸੂਤਰਧਾਰ ਹਨ, ਜੋ ਦੂਰ ਦ੍ਰਿਸ਼ਟੀ ਅਤੇ ਕਲਾਸਰੂਮ ਦੀ ਹਕੀਕਤ ਵਿਚਕਾਰ ਪਾੜੇ ਨੂੰ ਪੂਰਾ ਕਰਦੇ ਹਨ। ਅਧਿਆਪਕਾਂ ਨੂੰ ਬਹੁ-ਭਾਸ਼ਾਈ ਵਾਤਾਵਰਣ ਵਿੱਚ ਪੜ੍ਹਾਉਣਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਦੀ ਮਾਤ੍ਰ ਭਾਸ਼ਾ ਦਾ ਸਨਮਾਨ ਕੀਤਾ ਜਾਵੇ ਅਤੇ ਉਸ ਨੂੰ ਸਿੱਖਣ ਲਈ ਸਸ਼ਕਤ ਸਾਧਨ ਵਜੋਂ ਵਰਤਿਆ ਜਾਵੇ। ਇਸ ਨੂੰ ਮਹੱਤਵ ਦੇ ਕੇ, ਅਸੀਂ ਇਹ ਹੀ ਯਕੀਨੀ ਬਣਾਉਂਦੇ ਹਾਂ ਕਿ ਰਸਮੀ ਸਿੱਖਿਆ ਵਿੱਚ ਉਨ੍ਹਾਂ ਦਾ ਸੰਕ੍ਰਮਣ ਸਹਿਜ, ਆਤਮਵਿਸ਼ਵਾਸ ਨਾਲ ਅਤੇ ਉਨ੍ਹਾਂ ਦੀ ਪਛਾਣ ਨਾਲ ਜੁੜਿਆ ਹੋਵੇ। ਮੈਂ ਆਪਣੇ ਅਧਿਆਪਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਹਰੇਕ ਬੱਚੇ ਦੀ ਗਤੀ, ਸ਼ਖਸਿਅਤ ਦਾ ਸਨਮਾਨ ਕਰਦੇ ਹੋਏ ਅਤੇ ਆਪਣੀ ਦੇਖਭਾਲ ਵਿੱਚ ਹਰੇਕ ਵਿਦਿਆਰਥੀ ਦੀ ਭਾਵਨਾਤਮਕ ਅਤੇ ਮਾਨਸਿਕ ਭਲਾਈ ਪ੍ਰਤੀ ਸੁਚੇਤ ਰਹਿੰਦੇ ਹੋਏ ਯੋਗਤਾ-ਅਧਾਰਿਤ ਸਿੱਖਿਆ ਨੂੰ ਤਰਜੀਹ ਦੇਣ।
ਮਾਪਿਆਂ ਦੀ ਭੂਮਿਕਾ
ਸਿੱਖਿਆ ਸਕੂਲ ਦੇ ਦਰਵਾਜ਼ਿਆਂ ਤੋਂ ਸ਼ੁਰੂ ਜਾਂ ਖ਼ਤਮ ਨਹੀਂ ਹੁੰਦੀ। ਘਰ ਹੀ ਪਹਿਲਾ ਕਲਾਸਰੂਮ ਹੁੰਦਾ ਹੈ ਅਤੇ ਮਾਪੇ ਹੀ ਪਹਿਲੇ ਅਧਿਆਪਕ। ਘਰ ਵਿੱਚ ਬੱਚੇ ਜੋ ਅਨੁਭਵ ਪ੍ਰਾਪਤ ਕਰਦੇ ਹਨ, ਉਹ ਹੀ ਉਨ੍ਹਾਂ ਦੇ ਸਕੂਲ ਵਿੱਚ ਸਿੱਖਣ ਦੇ ਤਰੀਕੇ ਨੂੰ ਆਕਾਰ ਦਿੰਦੇ ਹਨ। ਪੜ੍ਹਨ ਦੀ ਆਦਤ ਨੂੰ ਹੁਲਾਰਾ ਦੇਣਾ ਅਤੇ ਬੱਚੇ ਦੇ ਸਵਾਲਾਂ ਦੇ ਧੀਰਜ ਨਾਲ ਜਵਾਬ ਦੇਣਾ, ਗਿਆਨ ਦੀ ਉਤਸੁਕਤਾ ਨੂੰ ਪੋਸ਼ਿਤ ਕਰਨ ਦੇ ਸੂਖਮ ਕਾਰਜ ਹਨ। ਮੈਂ ਮਾਪਿਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਯਕੀਨੀ ਬਣਾਉਣ ਕੀ ਬੱਚਿਆਂ ਨੂੰ ਸੰਤੁਲਿਤ ਪੋਸ਼ਣ ਅਤੇ ਲੋੜੀਂਦੀ ਨੀਂਦ ਮਿਲੇ, ਉਨ੍ਹਾਂ ਨੂੰ ਰੋਜ਼ਾਨਾ ਜ਼ਰੂਰੀ ਸਰੀਰਕ ਗਤੀਵਿਧੀ ਅਤੇ ਬਾਹਰੀ ਵਾਤਾਵਰਣ ਦਾ ਅਨੁਭਵ ਮਿਲੇ। ਮਾਪਿਆਂ ਨੂੰ ਸਕੂਲ ਨਾਲ ਸਰਗਰਮ ਤੌਰ ‘ਤੇ ਜੁੜਨਾ ਚਾਹੀਦਾ ਹੈ ਅਤੇ ਬੱਚੇ ਦੀ ਸਫਲਤਾ ਨੂੰ ਸਿਰਫ਼ ਗ੍ਰੇਡਾਂ ਦੇ ਅਧਾਰ 'ਤੇ ਹੀ ਨਹੀਂ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ, ਦਿਆਲਤਾ ਅਤੇ ਸਿੱਖਣ ਵਿੱਚ ਨਿਰੰਤਰ ਦਿਲਚਸਪੀ ਦੇ ਅਧਾਰ 'ਤੇ ਵੀ ਮਾਪਣਾ ਚਾਹੀਦਾ ਹੈ। ਮਾਪੇ ਆਪਣੇ ਬੱਚੇ ਨੂੰ ਜੋ ਸਭ ਤੋਂ ਵੱਡਾ ਤੋਹਫ਼ਾ ਦੇ ਸਕਦੇ ਹਨ, ਉਹ ਹੈ ਇਹ ਵਿਸ਼ਵਾਸ ਦਿਵਾਉਣਾ ਕਿ ਸਿੱਖਣਾ ਅਸਲ ਵਿੱਚ ਅਨੰਦਮਈ ਹੈ।
ਇੱਕ ਸਾਂਝੀ ਰਾਸ਼ਟਰੀ ਵਚਨਬੱਧਤਾ
ਸਿੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ। ਇਹ ਸਰਕਾਰਾਂ, ਸਕੂਲਾਂ, ਅਧਿਆਪਕਾਂ, ਮਾਪਿਆਂ ਅਤੇ ਭਾਈਚਾਰਿਆਂ ਦੀ ਜ਼ਿੰਮੇਵਾਰੀ ਹੈ। ਹਰੇਕ ਹਿਤਧਾਰਕਾਂ ਦੀ ਇਸ ਵਿੱਚ ਭੂਮਿਕਾ ਹੁੰਦੀ ਹੈ। ਹਰ ਬੱਚੇ ਨੂੰ ਸਿੱਖਣ ਦੀ ਯਾਤਰਾ ਵਿੱਚ ਦੇਖਿਆ, ਸੁਣਿਆ ਅਤੇ ਮਾਰਗਦਰਸ਼ਨ ਕੀਤਾ ਜਾਣਾ ਚਾਹੀਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਦੀ ਅਸਲ ਪਛਾਣ ਕੁਝ ਚੁਣੇ ਹੋਏ ਉੱਚ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਤੋਂ ਨਹੀਂ, ਸਗੋਂ ਇਸ ਗੱਲ ਤੋਂ ਹੁੰਦੀ ਹੈ ਕਿ ਪਿਛੋਕੜ ਦੀ ਪਰਵਾਹ ਕੀਤੇ ਬਿਨਾ ਹਰ ਬੱਚਾ ਆਤਮ-ਵਿਸ਼ਵਾਸ ਅਤੇ ਖੁਸ਼ੀ ਨਾਲ ਸਿੱਖਦਾ ਹੈ ਜਾਂ ਨਹੀਂ। ਆਓ, ਸਮਾਵੇਸ਼ੀ, ਨਵੀਨਤਾਕਾਰੀ ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀ ਦੇ ਨਿਰਮਾਣ ਪ੍ਰਤੀ ਆਪਣੀ ਰਾਸ਼ਟਰੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਇਕੱਠੇ ਮਿਲ ਕੇ, ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਹਰ ਕਲਾਸਰੂਮ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਥਾਨ ਬਣੇ ਅਤੇ ਆਉਣ ਵਾਲੇ ਕਲ੍ਹ ਦੇ ਲੀਡਰਾਂ ਦਾ ਨਿਰਮਾਣ ਹੋਵੇ। 2047 ਤੱਕ ਵਿਕਸਿਤ ਭਾਰਤ ਦੇ ਮੋਢੀ ਅੱਜ ਸਾਡੇ ਕਲਾਸਰੂਮਾਂ ਵਿੱਚ ਮੌਜੂਦ ਹਨ। ਆਓ, ਉਨ੍ਹਾਂ ਨੂੰ ਉਡਾਣ ਭਰਣ ਲਈ ਸੁਨਹਿਰੇ ਖੰਭ ਦੇਈਏ।
(ਲੇਖਕ ਕੇਂਦਰੀ ਸਿੱਖਿਆ ਮੰਤਰੀ ਹਨ)
