ਕਰਾਮਾਤ .
ਕਿਸੇ ਬਜ਼ੁਰਗ ਦੀਆਂ ਡੂੰਘੀਆਂ ਅੱਖਾਂ
ਜਦੋਂ ਆਪਣੇ ਅਜੀਜ਼ ਨੂੰ ਦੂਰੋਂ ਹੀ ਪਹਿਚਾਣ ਲੈਂਦੀਆਂ ਨੇ
ਉਹ ਕਰਾਮਾਤ ਹੀ ਤਾਂ ਹੈਂ।
ਕਿਸੇ ਤੰਗ ਗੁਫਾ ਵਿੱਚ ਜੰਮੇ ਉਕਾਬ ਦੀ ਤਕਦੀਰ ਵਿੱਚ
ਪੂਰਾ ਅਸਮਾਨ ਹੀ ਲਿਖ ਦਿੱਤਾ ਜਾਂਦਾ ਹੈ
ਉਹ ਕਰਾਮਾਤ ਹੀ ਤਾਂ ਹੈ।
ਕਿਸੇ ਦਰੱਖ਼ਤ ਦਾ ਬੀਜ ਜ਼ਮੀਨ 'ਤੇ ਗਿਰਦਾ ਹੈ
ਤੇ ਕੁਦਰਤ ਉਸਦੀ ਅਗਲੀ ਪੀੜ੍ਹੀ ਨੂੰ ਜਨਮ ਦੇ ਦਿੰਦੀ ਹੈ
ਉਹ ਕਰਾਮਾਤ ਹੀ ਤਾਂ ਹੈ।
ਸਦੀਆਂ ਪੁਰਾਣੇ ਆਸ਼ਿਕਾਂ ਦਾ
ਨਵੀਂ ਪੀੜ੍ਹੀ ਨੂੰ ਇਸ਼ਕ ਦੀ ਦਾਤ ਦੇ ਜਾਣਾ ਤੇ ਇਸ਼ਕ ਦਾ ਵਿਗਸਦੇ ਰਹਿਣਾ
ਉਹ ਕਰਾਮਾਤ ਹੀ ਤਾਂ ਹੈ।
ਸਾਡੇ ਖਿੱਤੇ ਦੀ ਹਵਾ ਦਾ ਸਾਡੇ ਜਿਸਮ ਨੂੰ ਛੋਹ ਕੇ
ਸਾਡੇ ਦਿਲ ਤੱਕ ਉੱਤਰ ਜਾਣਾ
ਉਹ ਕਰਾਮਾਤ ਹੀ ਤਾਂ ਹੈ।
ਧਰਤੀ ਦੇ ਇੱਕ ਭਾਗ ਤੋਂ ਆਏ ਪਾਣੀ ਦਾ
ਦੂਸਰੇ ਨਾਲ ਓਧਰ ਦੀਆਂ ਗੱਲਾਂ ਕਰਨਾ
ਉਹ ਕਰਾਮਾਤ ਹੀ ਤਾਂ ਹੈ।
-ਗੁਰਦੀਪ ਸਿੰਘ