ਭਾਰਤ ਦੇ ਵਿਕਾਸ ਦੀ ਕਹਾਣੀ ਦੇ ਕੇਂਦਰ ਵਿਚ ਮਹਿਲਾਵਾਂ / ਸ੍ਰੀਮਤੀ ਵਿਜਯਾ ਰਹਾਟਕਰ.
ਭਾਰਤ ਦੀ ਵਿਕਾਸ ਦੀ ਕਹਾਣੀ ਨੂੰ ਅਕਸਰ ਸੰਖਿਆਵਾਂ, ਵਿਕਾਸ ਦਰਾਂ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਆਰਥਿਕ ਪ੍ਰਾਪਤੀਆਂ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਪਰ, ਪਿਛਲੇ ਦਹਾਕੇ ਦਾ ਸਭ ਤੋਂ ਵੱਡਾ ਬਦਲਾਅ ਅੰਕੜਿਆਂ ਤੋਂ ਪਰੇ ਹੈ। ਇਹ ਇੱਕ ਡੂੰਘੇ ਸਮਾਜਿਕ ਬਦਲਾਅ ਵਿੱਚ ਝਲਕਦਾ ਹੈ—ਮਹਿਲਾਵਾਂ ਦਾ ਕੇਵਲ ਭਾਗੀਦਾਰ ਵਜੋਂ ਨਹੀਂ, ਸਗੋਂ ਰਾਸ਼ਟਰ ਦੇ ਭਵਿੱਖ ਨੂੰ ਰੂਪ ਦੇਣ ਵਾਲੀਆਂ ਮੋਹਰੀ ਸ਼ਖ਼ਸੀਅਤਾਂ ਵਜੋਂ ਉਭਰਨਾ।
ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਵੱਲ ਇਹ ਬਦਲਾਅ ਨਾ ਤਾਂ ਅਚਾਨਕ ਹੈ ਅਤੇ ਨਾ ਹੀ ਵੱਖਰਾ ਹੈ। ਇਹ ਇੱਕ ਸੋਚ-ਸਮਝ ਕੇ ਕੀਤੇ ਗਏ ਨਿਰੰਤਰ ਯਤਨ ਦਾ ਨਤੀਜਾ ਹੈ, ਜੋ ਜੀਵਨ ਦੇ ਹਰ ਪੜਾਅ ਵਿੱਚ ਮਹਿਲਾਵਾਂ ਨੂੰ ਸਮਰਥਨ ਦੇਣ ਲਈ ਇੱਕ ਸਮਰੱਥ ਈਕੋਸਿਸਟਮ ਦਾ ਨਿਰਮਾਣ ਕਰਦਾ ਹੈ। ਲੜਕੀ ਦੇ ਜਨਮ ਤੋਂ ਲੈ ਕੇ ਉਦਮੀ, ਪੇਸ਼ੇਵਰ, ਜਾਂ ਜਨਤਕ ਪ੍ਰਤੀਨਿਧੀ ਵਜੋਂ ਉਸ ਦੀ ਯਾਤਰਾ ਤੱਕ, ਇਹ ਪਹੁੰਚ ਸੰਪੂਰਨ, ਸਥਾਈ ਅਤੇ ਪਰਿਵਰਤਨਕਾਰੀ ਰਹੀ ਹੈ।
ਰਾਜਨੀਤਿਕ ਭਾਗੀਦਾਰੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੇਖੀ ਗਈ ਹੈ। ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦੀ ਗਿਣਤੀ 12,14,885 ਹੈ, ਜਿਨ੍ਹਾਂ ਦੀ ਕੁੱਲ 24,41,781 ਚੁਣੇ ਹੋਏ ਪ੍ਰਤੀਨਿਧੀਆਂ ਵਿੱਚ ਹਿੱਸੇਦਾਰੀ 49.75% ਹੈ—ਇਸ ਪ੍ਰਕਾਰ, ਮਹਿਲਾਵਾਂ ਜ਼ਮੀਨੀ ਪੱਧਰ ’ਤੇ ਸ਼ਾਸਨ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਲੜੀ ਵਿੱਚ, ਨਾਰੀ ਸ਼ਕਤੀ ਵੰਦਨ ਅਧਿਨਿਯਮ ਇੱਕ ਇਤਿਹਾਸਕ ਅਤੇ ਪਰਿਵਰਤਨਕਾਰੀ ਉਪਲਬਧੀ ਹੈ, ਜਿਸ ਦੇ ਤਹਿਤ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਇੱਕ-ਤਿਹਾਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਉੱਚ ਵਿਧਾਨਕ ਖੇਤਰਾਂ ਵਿੱਚ ਮਹਿਲਾਵਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਰਾਸ਼ਟਰ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਇਤਿਹਾਸਕ ਸੁਧਾਰ ਦੀ ਅਸਲ ਸਮਰੱਥਾ ਕੇਵਲ ਇਸ ਦੇ ਪ੍ਰਭਾਵਸ਼ਾਲੀ ਲਾਗੂਕਰਨ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਅਧਿਨਿਯਮ ਦੀਆਂ ਵਿਵਸਥਾਵਾਂ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਜ਼ਰੂਰਤ ਹੈ, ਤਾਂ ਜੋ ਮਹਿਲਾਵਾਂ ਦੀ ਆਵਾਜ਼ ਨੂੰ ਸਿਰਫ਼ ਮਾਨਤਾ ਹੀ ਨਾ ਮਿਲੇ, ਸਗੋਂ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਇਸ ਨੂੰ ਸੰਸਥਾਗਤ ਰੂਪ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਦੇ ਜਲਦੀ ਲਾਗੂ ਹੋਣ ਨਾਲ ਨਾ ਸਿਰਫ਼ ਸਮਾਵੇਸ਼ੀ ਸ਼ਾਸਨ ਨੂੰ ਗਤੀ ਮਿਲੇਗੀ, ਸਗੋਂ ਇਹ ਬਿਹਤਰ ਪ੍ਰਤੀਨਿਧਤਾ ਅਤੇ ਨਿਆਂਪੂਰਨ ਰਾਜਨੀਤਿਕ ਦ੍ਰਿਸ਼ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਵਜੋਂ ਵੀ ਕੰਮ ਕਰੇਗਾ।
ਦਹਾਕਿਆਂ ਤੱਕ, ਲਿੰਗ ਪੱਖਪਾਤ ਨੇ ਭਾਰਤ ਦੇ ਜਨਸੰਖਿਅਕ ਅਤੇ ਸਮਾਜਿਕ ਸੂਚਕਾਂ ਨੂੰ ਪ੍ਰਭਾਵਿਤ ਕੀਤਾ। ਅੱਜ, ਉਹ ਕਹਾਣੀ ਹੌਲੀ-ਹੌਲੀ ਮੁੜ ਲਿਖੀ ਜਾ ਰਹੀ ਹੈ। 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੀਆਂ ਪਹਿਲਕਦਮੀਆਂ ਨੇ ਡੂੰਘੀਆਂ ਜੜ੍ਹਾਂ ਜਮਾ ਚੁੱਕੀਆਂ ਮਾਨਸਿਕਤਾਵਾਂ ਨੂੰ ਚੁਣੌਤੀ ਦੇਣ ਅਤੇ ਲੜਕੀ ਦੀ ਕੀਮਤ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ। ਇਸ ਦਾ ਪ੍ਰਭਾਵ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ-5) ਵਿੱਚ ਦਿਖਾਈ ਦਿੰਦਾ ਹੈ, ਜਿਸ ਵਿੱਚ 1,000 ਮਰਦਾਂ ਪਿੱਛੇ 1,020 ਮਹਿਲਾਵਾਂ ਦਾ ਲਿੰਗ ਅਨੁਪਾਤ ਦਰਜ ਕੀਤਾ ਗਿਆ ਹੈ, ਜੋ ਸਿਰਫ਼ ਸੰਖਿਆਤਮਕ ਸੁਧਾਰ ਹੀ ਨਹੀਂ ਸਗੋਂ ਸਮਾਜਿਕ ਬਦਲਾਅ ਦਾ ਵੀ ਸੰਕੇਤ ਦਿੰਦਾ ਹੈ। 'ਮਿਸ਼ਨ ਇੰਦਰਧਨੁਸ਼' ਵਰਗੇ ਪ੍ਰੋਗਰਾਮ ਜੀਵਨ ਦੇ ਸ਼ੁਰੂਆਤੀ ਪੜਾਅ ਵਿੱਚ ਮੁਕੰਮਲ ਟੀਕਾਕਰਨ ਯਕੀਨੀ ਬਣਾਉਂਦੇ ਹਨ। 'ਮਿਸ਼ਨ ਸਕਸ਼ਮ ਆਂਗਣਵਾੜੀ', 'ਪੋਸ਼ਣ 2.0', ਅਤੇ 'ਪੋਸ਼ਣ ਅਭਿਆਨ' ਦੇ ਯਤਨ ਕੁਪੋਸ਼ਣ ਦਾ ਹੱਲ ਕਰਦੇ ਹਨ—ਇਹ ਮੰਨਦੇ ਹੋਏ ਕਿ ਸਿਹਤਮੰਦ ਬਚਪਨ, ਸਸ਼ਕਤ ਬਾਲਗਪੁਣੇ ਵੱਲ ਪਹਿਲਾ ਕਦਮ ਹੁੰਦਾ ਹੈ।
ਮਾਵਾਂ ਲਈ, ਸੰਸਥਾਗਤ ਸਮਰਥਨ ਵਿੱਚ ਕਾਫ਼ੀ ਵਿਸਥਾਰ ਹੋਇਆ ਹੈ। ਪੀਐੱਮਐੱਮਵੀਵਾਈ ਦੇ ਤਹਿਤ, 4.28 ਕਰੋੜ ਤੋਂ ਵੱਧ ਮਹਿਲਾਵਾਂ ਨੂੰ 20,149 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਗਈ ਹੈ, ਜੋ ਗਰਭ ਅਵਸਥਾ ਦੌਰਾਨ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਮਹਿਲਾਵਾਂ ਸਿਰਫ਼ ਹਿੱਸਾ ਹੀ ਨਹੀਂ ਲੈ ਰਹੀਆਂ—ਉਹ ਅਗਵਾਈ ਵੀ ਕਰ ਰਹੀਆਂ ਹਨ। ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਸੰਸਥਾਪਕਾਂ ਅਤੇ ਫੈਸਲਾ ਲੈਣ ਵਾਲਿਆਂ ਵਜੋਂ ਮਹਿਲਾਵਾਂ ਦੀ ਭੂਮਿਕਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉਹ ਨਵੀਨਤਾ ਅਤੇ ਉੱਦਮ ਵਿੱਚ ਵੀ ਯੋਗਦਾਨ ਪਾ ਰਹੀਆਂ ਹਨ। ਇਸ ਤਬਦੀਲੀ ਵਿੱਚ ਵਿੱਤੀ ਸਮਾਵੇਸ਼ ਨੇ ਅਹਿਮ ਭੂਮਿਕਾ ਨਿਭਾਈ ਹੈ। ਪੀਐੱਮਐੱਮਵਾਈ ਦੇ ਤਹਿਤ, 40 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ 57.79 ਕਰੋੜ ਕਰਜ਼ੇ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਗਭਗ 66% ਲਾਭਪਾਤਰੀ ਮਹਿਲਾਵਾਂ ਹਨ। ਹਰੇਕ ਕਰਜ਼ਾ ਸਿਰਫ਼ ਵਿੱਤੀ ਸਹਾਇਤਾ ਦਾ ਹੀ ਨਹੀਂ, ਸਗੋਂ ਮਹਿਲਾਵਾਂ ਦੀਆਂ ਇੱਛਾਵਾਂ ਵਿੱਚ ਵਿਸ਼ਵਾਸ ਦਾ ਵੀ ਪ੍ਰਤੀਕ ਹੈ। ਇਸ ਦੇ ਪੂਰਕ ਵਜੋਂ, ਜਨ ਧਨ ਯੋਜਨਾ ਦੇ ਤਹਿਤ ਵਿੱਤੀ ਸਮਾਵੇਸ਼ ਹੋਰ ਡੂੰਘਾ ਹੋਇਆ ਹੈ, ਜਿਸ ਦੇ ਅਧੀਨ 57.93 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ 32.29 ਕਰੋੜ (55.7%) ਮਹਿਲਾਵਾਂ ਦੇ ਹਨ।
ਜ਼ਮੀਨੀ ਪੱਧਰ ’ਤੇ, ਪਰਿਵਰਤਨ ਦਾ ਪੈਮਾਨਾ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੈ। ਲਗਭਗ 10 ਕਰੋੜ ਮਹਿਲਾਵਾਂ ਨੂੰ 90 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕੀਤਾ ਗਿਆ ਹੈ, ਜਿਸ ਨਾਲ ਸਮੂਹਿਕ ਸਹਿਣਸ਼ੀਲਤਾ, ਵਿੱਤੀ ਸੁਤੰਤਰਤਾ ਅਤੇ ਸਮਾਜਿਕ ਆਤਮ-ਵਿਸ਼ਵਾਸ ਨੂੰ ਹੁਲਾਰਾ ਮਿਲਿਆ ਹੈ। ਇਸ ਈਕੋਸਿਸਟਮ ਨੇ 3 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਲਖਪਤੀ ਦੀਦੀ ਵਜੋਂ ਉਭਰਨ ਵਿੱਚ ਸਮਰੱਥ ਬਣਾਇਆ ਹੈ ਅਤੇ ਸਵੈ-ਸਹਾਇਤਾ ਸਮੂਹਾਂ ਨੂੰ 12.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬੈਂਕ ਕਰਜ਼ਾ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ, 84 ਲੱਖ ਗ੍ਰਾਮੀਣ ਮਹਿਲਾਵਾਂ ਉਦਮੀ ਬਣ ਚੁੱਕੀਆਂ ਹਨ, ਜਦੋਂ ਕਿ 5 ਕਰੋੜ ਮਹਿਲਾ ਕਿਸਾਨਾਂ ਨੇ ਉੱਨਤ ਅਤੇ ਟਿਕਾਊ ਖੇਤੀ ਅਭਿਆਸਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ।
ਸੁਭਾਵਿਕ ਤੌਰ ’ਤੇ ਅਗਲਾ ਸਵਾਲ ਉੱਠਦਾ ਹੈ—ਕੀ ਸਸ਼ਕਤੀਕਰਨ, ਆਜੀਵਿਕਾ ਤੋਂ ਖੁਸ਼ਹਾਲੀ ਵੱਲ ਵਧ ਸਕਦਾ ਹੈ? ਲਖਪਤੀ ਦੀਦੀ ਵਰਗੀਆਂ ਪਹਿਲਕਦਮੀਆਂ ਦਾ ਟੀਚਾ ਆਮਦਨ ਦੇ ਸਾਧਨਾਂ ਨੂੰ ਮਜ਼ਬੂਤ ਕਰਨਾ ਹੈ, ਜਦੋਂ ਕਿ ਡਰੋਨ ਦੀਦੀ ਪਹਿਲ, ਜਿਸ ਦਾ ਟੀਚਾ 15,000 ਮਹਿਲਾਵਾਂ ਨੂੰ ਡਰੋਨ ਪਾਇਲਟ ਵਜੋਂ ਸਿਖਲਾਈ ਦੇਣਾ ਹੈ, ਇੱਕ ਦੂਰਅੰਦੇਸ਼ੀ ਪਹੁੰਚ ਨੂੰ ਦਰਸਾਉਂਦੀ ਹੈ—ਗ੍ਰਾਮੀਣ ਮਹਿਲਾਵਾਂ ਨੂੰ ਤਕਨਾਲੋਜੀ-ਸੰਚਾਲਿਤ ਖੇਤੀਬਾੜੀ ਈਕੋਸਿਸਟਮ ਵਿੱਚ ਏਕੀਕ੍ਰਿਤ ਕਰਨਾ।
ਸਸ਼ਕਤੀਕਰਨ ਦਾ ਮਤਲਬ ਰੋਜ਼ਾਨਾ ਦੇ ਬੋਝ ਨੂੰ ਸੌਖਾ ਬਣਾਉਣਾ ਵੀ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ 10.56 ਕਰੋੜ ਤੋਂ ਵੱਧ ਧੂੰਆਂ-ਰਹਿਤ ਰਸੋਈ ਘਰਾਂ ਨੇ ਸਿਹਤ ਵਿੱਚ ਸੁਧਾਰ ਕੀਤਾ ਹੈ ਅਤੇ ਮੁਸ਼ਕਲਾਂ ਨੂੰ ਘੱਟ ਕੀਤਾ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ 11.8 ਕਰੋੜ ਤੋਂ ਵੱਧ ਪਖਾਨਿਆਂ ਦੇ ਨਿਰਮਾਣ ਨੇ ਮਾਣ-ਸਤਿਕਾਰ ਅਤੇ ਸੁਰੱਖਿਆ ਵਿੱਚ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਸ ਦੀਆਂ 73% ਲਾਭਪਾਤਰੀ ਮਹਿਲਾਵਾਂ ਹਨ, ਦੇ ਤਹਿਤ ਬਣੇ ਘਰਾਂ ਨੇ ਮਾਲਕੀ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਮਿਲ ਕੇ ਇਹ ਸਾਰੀਆਂ ਪਹਿਲਕਦਮੀਆਂ ਰੋਜ਼ਾਨਾ ਜੀਵਨ ਵਿੱਚ ਮਾਣ-ਸਤਿਕਾਰ ਦੀ ਪਰਿਭਾਸ਼ਾ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਦੀਆਂ ਹਨ।
ਇਸ ਦੇ ਨਾਲ ਹੀ, ਮਹਿਲਾਵਾਂ ਉਨ੍ਹਾਂ ਥਾਵਾਂ ’ਤੇ ਵੀ ਪ੍ਰਵੇਸ਼ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਦੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਸੀ। ਸਸ਼ਸਤਰ ਬਲ (ਹਥਿਆਰਬੰਦ ਸੈਨਾਵਾਂ) ਇਸ ਬਦਲਦੀ ਹੋਈ ਅਸਲੀਅਤ ਨੂੰ ਦਰਸਾਉਂਦੇ ਹਨ, ਜਿੱਥੇ ਮਹਿਲਾਵਾਂ ਅਗਵਾਈ ਅਤੇ ਜ਼ਿੰਮੇਵਾਰੀ ਦੀਆਂ ਭੂਮਿਕਾਵਾਂ ਨਿਭਾ ਰਹੀਆਂ ਹਨ, ਜਿਸ ਵਿੱਚ ਜੰਗੀ ਖੇਤਰ ਵੀ ਸ਼ਾਮਲ ਹਨ। ਸਵਾਲ ਹੁਣ ਇਹ ਨਹੀਂ ਹੈ ਕਿ ਮਹਿਲਾਵਾਂ ਸੇਵਾ ਕਰ ਸਕਦੀਆਂ ਹਨ ਜਾਂ ਨਹੀਂ, ਸਗੋਂ ਇਹ ਹੈ ਕਿ ਉਹ ਕਿੰਨੀ ਦੂਰ ਤੱਕ ਅਗਵਾਈ ਕਰ ਸਕਦੀਆਂ ਹਨ।
ਕਾਰਜਸਥਾਨ ਦੇ ਸੁਧਾਰਾਂ ਨੇ ਵੀ ਇਸ ਬਦਲਾਅ ਵਿੱਚ ਯੋਗਦਾਨ ਪਾਇਆ ਹੈ। ਨਵੀਂ ਕਿਰਤ ਸੰਹਿਤਾਵਾਂ ਮਹਿਲਾ ਕਰਮਚਾਰੀਆਂ ਨੂੰ ਉਚਿਤ ਸੁਰੱਖਿਆ ਉਪਾਵਾਂ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ, ਜਿਸ ਵਿੱਚ ਰਾਤ ਦੀ ਸ਼ਿਫਟ ਵੀ ਸ਼ਾਮਲ ਹੈ, ਕੰਮ ਕਰਨ ਦੇ ਯੋਗ ਬਣਾ ਕੇ ਸਮਾਵੇਸ਼ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਸੰਹਿਤਾਵਾਂ ਬਰਾਬਰ ਤਨਖਾਹ, ਸਮਾਜਿਕ ਸੁਰੱਖਿਆ ਅਤੇ ਸਨਮਾਨ ’ਤੇ ਜ਼ੋਰ ਦਿੰਦੀਆਂ ਹਨ—ਸੁਰੱਖਿਆ ਤੋਂ ਸਸ਼ਕਤੀਕਰਨ ਵੱਲ ਬਦਲਾਅ ਨੂੰ ਰੇਖਾਂਕਿਤ ਕਰਦੀਆਂ ਹਨ।
ਸੰਸਥਾਗਤ ਸਮਰਥਨ ਇੱਕ ਮਹੱਤਵਪੂਰਨ ਥੰਮ੍ਹ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਸ਼ਿਕਾਇਤ ਨਿਵਾਰਣ ਤੋਂ ਅੱਗੇ ਵਧ ਕੇ ਸਰਗਰਮ ਸ਼ਮੂਲੀਅਤ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਵੀ ਆਪਣਾ ਵਿਸਥਾਰ ਕੀਤਾ ਹੈ। 'ਸ਼ੀ ਸਰਵਜ਼' ਵਰਗੀਆਂ ਪਹਿਲਕਦਮੀਆਂ ਮਹਿਲਾ ਉਮੀਦਵਾਰਾਂ ਦਾ ਮਾਰਗਦਰਸ਼ਨ ਕਰਦੀਆਂ ਹਨ, ਜਦੋਂ ਕਿ 'ਯਸ਼ੋਦਾ ਏਆਈ' ਉਨ੍ਹਾਂ ਨੂੰ ਉਭਰਦੇ ਤਕਨੀਕੀ ਹੁਨਰ ਪ੍ਰਦਾਨ ਕਰਦੀ ਹੈ। 'ਕੈਂਪਸ ਕਾਲਿੰਗ' ਨੌਜਵਾਨਾਂ ਵਿੱਚ ਜਾਗਰੂਕਤਾ ਵਧਾਉਂਦਾ ਹੈ, 'ਸ਼ੀ ਇਜ਼ ਅ ਚੇਂਜ ਮੇਕਰ' ਪ੍ਰੋਗਰਾਮ ਜ਼ਮੀਨੀ ਪੱਧਰ ’ਤੇ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ 'ਮਹਿਲਾ ਜਨਸੁਣਵਾਈ' ਸੁਲਭ ਸ਼ਿਕਾਇਤ ਨਿਵਾਰਣ ਯਕੀਨੀ ਬਣਾਉਂਦਾ ਹੈ।
ਜੋ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਯਤਨਾਂ ਦਾ ਇੱਕ ਸ਼ਕਤੀਸ਼ਾਲੀ ਤਾਲਮੇਲ ਹੈ, ਜੋ ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਨਵੇਂ ਯੁੱਗ ਨੂੰ ਰੂਪ ਦੇ ਰਿਹਾ ਹੈ।
(ਲੇਖਿਕਾ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਹਨ)
*******
