ਕਰਾਮਾਤ .
ਸ਼ਬਦ ਸੁਣੀਂਦੇ , ਸ਼ਬਦ ਲਿਖੀਦੇਂ , ਸ਼ਬਦ ਹੀ ਬੋਲੇ ਜਾਂਦੇ ਨੇ
ਸ਼ਬਦ ਹੀ ਕਾਵਿਕ ਰੂਪ ਧਾਰ ਕੇ ਕਰਾਮਾਤ ਅਖਵਾਉਂਦੇ ਨੇ
ਸਭ ਤੋਂ ਵੱਡੀ ਕਰਾਮਾਤ ਜਦ ਸ਼ਬਦ ਸਮਝ ਵਿੱਚ ਆਉਂਦੇ ਨੇ
ਕਰਾਮਾਤ ਜਦ ਬਾਲ ਸਫੇ 'ਤੇ ' ੳ ਅ ' ਵਾਹੁੰਦੇ ਨੇ ।
ਕਰਾਮਾਤ ਜਦ ਕੋਈ ਸੁਆਣੀ ਚੁਲ੍ਹੇ ਅੱਗ ਮਚਾਉਂਦੀ ਹੈ
ਲੈ ਕੇ ਨਾਮ ਖੁਦਾ ਰੋਟੀ ਕੁੱਲ ਟੱਬਰ ਲਈ ਲਾਹੁੰਦੀ ਹੈ
ਕਰਾਮਾਤ ਜਦ ਕਿਰਤੀ ਕਾਮੇ ਮਿਹਨਤ ਦੇ ਵਿੱਚ ਜਿਉਂਦੇ ਨੇ
ਕਰਾਮਾਤ ਜਦ ਘਰ ਵਿੱਚ ਸਾਰੇ ਗੁਰਾਂ ਦਾ ਨਾਮ ਧਿਆਉਂਦੇ ਨੇ ।
ਕਰਾਮਾਤ ਤਾਂ ਧਰਤੀ ਅੰਦਰੋਂ ਉੱਗਦੇ ਘਾਹ ਨੂੰ ਕਹਿੰਦੇ ਨੇ
ਕਰਾਮਾਤ ਤਾਂ ਹਰ ਇੱਕ ਜੀਅ ਦੇ ਚੱਲਦੇ ਸਾਹ ਨੂੰ ਕਹਿੰਦੇ ਨੇ
ਕਰਾਮਾਤ ਤਾਂ ਚੱਲਦੀ ਠੰਡੀ ਸੀਤ ਹਵਾ ਨੂੰ ਕਹਿੰਦੇ ਨੇ
ਕਰਾਮਾਤ ਤਾਂ ਦੁਨੀਆਂ ਤੱਕਦੀ ਤੇਜ਼ ਨਿਗਾਹ ਨੂੰ ਕਹਿੰਦੇ ਨੇ ।
ਕਰਾਮਾਤ ਕੋਈ ਬਾਬੇ ਸੰਤ ਦੇ ਹੱਥ ਦਾ ਜਾਦੂ ਮੰਤਰ ਨਹੀਂ
ਕਰਾਮਾਤ ਕੋਈ ਧਾਗੇ , ਮੁੰਦਰੀ ਵਿੱਚ ਲੁਕਿਆ ਕੋਈ ਯੰਤਰ ਨਹੀਂ
ਕਰਾਮਾਤ ਕੋਈ ਟੂਣਾ , 'ਥੌਲਾ ਜਾ ਫਿਰ ਕੋਈ ਤੰਤਰ ਨਹੀਂ
ਕਰਾਮਾਤ ਤੇ ਕੁਦਰਤ ਦੋਵੇਂ ਸ਼ਬਦਾਂ ਵਿੱਚ ਕੋਈ ਅੰਤਰ ਨਹੀਂ ।
ਕਰਾਮਾਤ ਤਾਂ ਮੇਰੇ ਪਿੰਡ ਦੀਆਂ ਸੋਹਣੀਆਂ ਕੱਚੀਆਂ ਗਲੀਆਂ ਨੇ
ਕਰਾਮਾਤ ਤਾਂ ਉਹੀ ਵਿਹੜਾ ਜਿੱਥੇ ਸ਼ਾਮਾਂ ਢਲੀਆਂ ਨੇ
ਕਰਾਮਾਤ ਤਾਂ ਕਿਸੇ ਭੈਣ ਦੀਆਂ ਮਹਿੰਦੀ ਰੰਗੀਆਂ ਤਲੀਆਂ ਨੇ
ਕਿਸੇ ਵੀਰ ਦੇ ਸਿਹਰੇ ਲੱਗੀਆਂ ਲੱਖਾਂ ਫੁੱਲ ਤੇ ਕਲੀਆਂ ਨੇ ।
ਕਰਾਮਾਤ ਤਾਂ ਪੂਰਣ ਰੂਪ 'ਚ ਲੋਕ ਗੀਤ ਨੂੰ ਕਹਿੰਦੇ ਨੇ
'ਪਾਸ਼' ਦੇ ਅੱਖਰ ਪੁੱਤ ਖੇਤਾਂ ਦੇ , ਖੇਤਾਂ ਦੇ ਵਿੱਚ ਰਹਿੰਦੇ ਨੇ
'ਸ਼ਿਵ ' ਦੇ ਬੋਲ ਜੋ ਬਿਰਹਾ , ਦਰਦ ਤੇ ਪੀੜ ਜੁਦਾਈ ਸਹਿੰਦੇ ਨੇ
'ਨਾਨਕ ' 'ਅਣਖੀ' 'ਸਾਹਿਰ' ਨਾਮ ਨਾ ਕਦੇ ਜ਼ਬਾਨੋਂ ਲਹਿੰਦੇ ਨੇ
ਸੱਚ ਕਹੀਏ ਤਾਂ ਸਾਹਿਤ ਨੂੰ ਵੀ ਕਰਾਮਾਤ ਹੀ ਕਹਿੰਦੇ ਨੇ
ਮਾਂ ਬੋਲੀ ਦੇ ਬੋਲਾਂ ਨੂੰ ਵੀ ਕਰਾਮਾਤ ਹੀ ਕਹਿੰਦੇ ਨੇ !
ਗੁਰਬਾਣੀ ਦੇ ਹਰ ਅੱਖਰ ਨੂੰ ਕਰਾਮਾਤ ਹੀ ਕਹਿੰਦੇ ਨੇ !!
- ਸਿੰਮੀ ਧੀਮਾਨ