ਵਾਸਤਾ ਕਰਾਮਾਤਾਂ ਨਾਲ.
ਕੋਈ ਜੇ ਸਿੰਜੇ ਰੂਹ, ਸੁਚੱਜੇ ਖਿਆਲਾਤਾਂ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਕਵੀ ਕਰਦਾ ਏ ਵਾਹੀ ਆਪਣੀ ਰੂਹ ਨੂੰ ਪਸੀਜ
ਦਿਲ ਦੀ ਕਿਆਰੀ 'ਚ ਸੁੱਟ ਅਹਿਸਾਸਾਂ ਦੇ ਬੀਜ
ਸਿੰਜਦਾ ਏ ਨੈਣਾਂ ਦੀਆਂ ਬਰਸਾਤਾਂ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਕਵੀ ਜਜ਼ਬਾਤ ਲਿਖਤਾਂ 'ਚ ਭਰ ਦਿੰਦਾ ਏ
ਗਮ-ਦਰਦ ਵੀ ਸਜਾ ਕੇ ਸੋਹਣੇ ਦਿੰਦਾ ਏ
ਵਰਕਿਆਂ ਅਤੇ ਕਲਮ ਦਵਾਤਾਂ ਦੇ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਹਾੜਾਂ ਦੇ ਦੁਪਹਿਰੇ ਵੀ ਹੰਢਾਉੰਦਾ ਕੋਈ
ਹਨੇਰ ਰਾਤਾਂ 'ਚ ਵੀ ਕੁਰਲਾਉੰਦਾ ਕੋਈ
ਦਿਲ ਸ਼ਾਂਤ ਹੋਵੇ ਸਾਉਣ ਦੀਆਂ ਬਰਸਾਤਾਂ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਕੋਈ ਮੋੜਾਂ ਤੇ ਖੜ੍ਹਾ, ਹੱਥ ਚ ਕਸ਼ਕੋਲ ਹੈ
ਪੱਲੇ ਕੱਖ ਨਹੀਂ, ਪਰ ਸਬਰ ਕੋਲ ਹੈ
ਜਿਊੰਦਾ ਏ ਮਿਲੀਆਂ ਓਹ ਖੈਰਾਤਾਂ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਪੈਰ ਚਿੱਕੜ ਦੇ ਵਿੱਚ ਤਾਂ ਫਿਸਲਦਾ ਹੀ ਐ
ਹਨੇਰੇ 'ਚ ਮਨ ਵੀ ਮਚਲਦਾ ਹੀ ਐ
ਪਰ ਖਿੜ ਜਾਂਦਾ ਏ ਪ੍ਰਭਾਤਾਂ ਦੇ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਵਾਜੇ, ਸਾਰੰਗੀਆਂ ਜਾਂ ਫਿਰ ਹੋਏ ਰਬਾਬ
ਛੇੜਨ ਜਦੋਂ ਵੀ ਇਹ ਅਨਹਦ ਕੋਈ ਰਾਗ
ਨੱਚਦੀ ਏ ਰੂਹ ਫਿਰ ਅਲਾਪਾਂ ਦੇ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
ਮਿੱਠੇ ਪੌਣਾਂ,ਮੁਹਾਣੇ ਤੇ ਚਸ਼ਮੇ-ਤਲਾਬ
ਸਤਲੁਜ, ਰਾਵੀ ਜਾਂ ਹੋਵੇ ਚਿਨਾਬ
ਰਿਹਾ ਰਬਤ ਪੰਜਾਬ ਦਾ ਸੰਤਾਪਾਂ ਨਾਲ
ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ
- - ਗੁਰਵੀਰ ਸਿਆਣ - -