ਰੇਲ ਪੱਟੜੀਆਂ ਦਾ ਆਧੁਨਿਕੀਕਰਨ.

ਅਸ਼ਵਿਨੀ ਵੈਸ਼ਣਵ


ਭਾਰਤ ਵਿੱਚ ਹਰ ਰੋਜ਼ 25,000 ਤੋਂ ਵੱਧ ਟ੍ਰੇਨਾਂ ਚੱਲਦੀਆਂ ਹਨ। ਇਹ ਰੋਜ਼ਾਨਾ 2 ਕਰੋੜ ਤੋਂ ਵੱਧ ਯਾਤਰੀਆਂ ਨੂੰ ਲੈ ਜਾਂਦੀਆਂ ਹਨ ਅਤੇ ਕੋਲਾ, ਆਇਰਨ ਔਰ, ਅਨਾਜ, ਸਟੀਲ, ਸੀਮੇਂਟ ਅਤੇ ਹੋਰ ਵਸਤੂਆਂ ਦੀ ਵੱਡੀ ਮਾਤਰਾ ਨੂੰ 1,37,000 ਕਿਲੋਮੀਟਰ ਤੋਂ ਵੱਧ ਲੰਬੇ ਰੇਲ ਨੈੱਟਵਰਕ ਉੱਤੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੀਆਂ ਹਨ।
ਪੂਰੀ ਵਿਵਸਥਾ ਜਿਸ ਅਧਾਰ ਉੱਤੇ ਕੰਮ ਕਰਦੀ ਹੈ, ਉਹ ਰੇਲ ਪਟੜੀ ਹੈ। ਜਦੋਂ ਪਟੜੀ ਚੰਗੀ ਹਾਲਤ ਵਿੱਚ ਹੁੰਦੀ ਹੈ, ਉਦੋਂ ਟ੍ਰੇਨਾਂ ਸੁਰੱਖਿਅਤ ਢੰਗ ਨਾਲ ਵਧੇਰੇ ਗਤੀ ਨਾਲ ਚੱਲਦੀਆਂ ਹਨ। ਪਰ ਜਦੋਂ ਪਟੜੀ ਖਰਾਬ ਹੁੰਦੀ ਹੈ, ਤਾਂ ਇਸਦੇ ਨਤੀਜੇ ਗਤੀ ਉੱਤੇ ਰੋਕ, ਦੇਰੀ ਅਤੇ ਸੁਰੱਖਿਆ ਸਬੰਧੀ ਜੋਖਮਾਂ ਵਜੋਂ ਸਾਹਮਣੇ ਆਉਂਦੇ ਹਨ। ਰੇਲ ਦੀ ਪਟੜੀ ਵਿੱਚ ਦਰਾਰ, ਕੋਈ ਢਿੱਲਾ ਪੁਰਜ਼ਾ ਜਾਂ ਗਿੱਟੀ ਦੀ ਪਰਤ ਵਿੱਚ ਰੁਕਾਵਟ, ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਟ੍ਰੇਨ ਦੀ ਚਾਲ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਰੇਲ ਪਟੜੀਆਂ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਰੇਲਵੇ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਿਆਪਕ ਆਧੁਨਿਕੀਕਰਣ ਪ੍ਰੋਗਰਾਮ ਸ਼ੁਰੂ ਕੀਤਾ। ਇਸ ਕੰਮ ਵਿੱਚ ਆਧੁਨਿਕ ਮਸ਼ੀਨਾਂ ਤੋਂ ਪਟੜੀਆਂ ਦਾ ਨਵੀਨੀਕਰਣ, ਉੱਨਤ ਤਰੀਕਿਆਂ ਨਾਲ ਜਾਂਚ ਅਤੇ ਨਿਰੀਖਣ, ਮਸ਼ੀਨੀਕ੍ਰਿਤ ਰੱਖ-ਰਖਾਅ, ਸੁਰੱਖਿਆ ਬਾੜਬੰਦੀ ਆਦਿ ਸ਼ਾਮਲ ਸਨ। ਇਨ੍ਹਾਂ ਸਾਰੇ ਯਤਨਾਂ ਨੇ ਮਿਲ ਕੇ ਰੇਲ ਨੈੱਟਵਰਕ ਦੀ ਹਾਲਤ ਨੂੰ ਸਪੱਸ਼ਟ ਰੂਪ ਵਿੱਚ ਬਦਲ ਦਿੱਤਾ ਹੈ।
2014 ਤੋਂ ਹੁਣ ਤੱਕ ਲਗਭਗ 55,000 ਕਿਲੋਮੀਟਰ ਪਟੜੀਆਂ ਦਾ ਨਵੀਨੀਕਰਣ ਕੀਤਾ ਗਿਆ ਹੈ, ਜਿਸ ਨਾਲ ਸੁਰੱਖਿਆ ਅਤੇ ਯਾਤਰਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਅਤੇ ਵਾਰ-ਵਾਰ ਮੁਰੰਮਤ ਦੀ ਜ਼ਰੂਰਤ ਘੱਟ ਹੋਈ ਹੈ। ਲਗਭਗ 44,000 ਟ੍ਰੈਕ ਕਿਲੋਮੀਟਰ ਵਿੱਚ 260 ਮੀਟਰ ਲੰਬੇ ਰੇਲ ਪੈਨਲ ਵਿਛਾਏ ਗਏ ਹਨ। ਲੰਬੇ ਪੈਨਲਾਂ ਦਾ ਮਤਲਬ ਹੈ ਘੱਟ ਜੋੜ, ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਵਧੇਰੇ ਸੁਗਮ ਅਤੇ ਸੁਰੱਖਿਅਤ ਹੁੰਦੀ ਹੈ। ਹੁਣ 80,000 ਟ੍ਰੈਕ ਕਿਲੋਮੀਟਰ ਤੋਂ ਵੱਧ ਹਿੱਸੇ ਵਿੱਚ ਮਜ਼ਬੂਤ 60 ਕਿਲੋਗ੍ਰਾਮ ਵਾਲੀਆਂ ਰੇਲ ਪਟੜੀਆਂ ਦੀ ਵਰਤੋਂ ਹੋ ਰਹੀ ਹੈ, ਜੋ ਵਧੇਰੇ ਭਾਰ ਅਤੇ ਤੇਜ਼ ਗਤੀ ਦਾ ਸਮਰਥਨ ਕਰਦੀਆਂ ਹਨ।
ਮਜ਼ਬੂਤ ਰੇਲ ਪਟੜੀ ਵਿਛਾਉਣਾ ਜ਼ਰੂਰੀ ਹੈ, ਪਰ ਸਮੇਂ ਰਹਿੰਦੇ ਖਰਾਬੀ ਦੀ ਪਛਾਣ ਕਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਲੁਕੀਆਂ ਹੋਈਆਂ ਦਰਾਰਾਂ ਨੂੰ ਲੱਭਣ ਲਈ ਅਲਟ੍ਰਾਸੋਨਿਕ ਜਾਂਚ ਕੀਤੀ ਗਈ ਹੈ। ਇਸ ਦੇ ਤਹਿਤ ਲਗਭਗ 36.2 ਲੱਖ ਟ੍ਰੈਕ ਕਿਲੋਮੀਟਰ ਅਤੇ 2.25 ਕਰੋੜ ਵੈਲਡ ਦੀ ਜਾਂਚ ਹੋਈ। ਇਸ ਨਾਲ ਰੇਲ ਅਤੇ ਵੈਲਡ ਟੁੱਟਣ ਦੀਆਂ ਘਟਨਾਵਾਂ ਲਗਭਗ 90 ਫੀਸਦੀ ਤੱਕ ਘੱਟ ਹੋ ਗਈਆਂ ਹਨ। ਯਾਨੀ ਹੁਣ ਖਰਾਬੀ ਹੋਣ ਤੋਂ ਬਾਅਦ ਉਸ ਨੂੰ ਠੀਕ ਕਰਨ ਦੀ ਬਜਾਏ ਪਹਿਲਾਂ ਹੀ ਉਸ ਦੀ ਪਛਾਣ ਕਰ ਕੇ ਰੋਕ ਲਿਆ ਜਾਂਦਾ ਹੈ।
ਹੁਣ ਰੇਲਵੇ ਵਿੱਚ ਦੂਜੀਆਂ ਆਧੁਨਿਕ ਜਾਂਚ ਤਕਨੀਕਾਂ ਵੀ ਵਰਤੀਆਂ ਜਾ ਰਹੀਆਂ ਹਨ। ਨਵੀਂ ਵੈਲਡ ਦੀ ਜਾਂਚ ਲਈ ਚੁੰਬਕੀ ਜਾਂਚ, ਫਲੈਸ਼-ਬੱਟ ਵੈਲਡ ਦੀ ਜਾਂਚ ਲਈ ਨਵੀਆਂ ਮਸ਼ੀਨਾਂ ਅਤੇ ਜੀਪੀਐੱਸ ਨਾਲ ਜੁੜੀ ਅਜਿਹੀ ਵਿਵਸਥਾ ਲਗਾਈ ਗਈ ਹੈ, ਜੋ ਟ੍ਰੇਨ ਦੀ ਯਾਤਰਾ ਦੀ ਗੁਣਵੱਤਾ ਮਾਪਦੀ ਹੈ ਅਤੇ ਪਟੜੀ ਦੇ ਖਰਾਬ ਹਿੱਸੇ ਦੀ ਸਹੀ ਥਾਂ ਦੱਸ ਦਿੰਦੀ ਹੈ।
ਭਾਰਤੀ ਰੇਲਵੇ ਦੀਆਂ ਟ੍ਰੈਕ ਮਸ਼ੀਨਾਂ ਦੀ ਗਿਣਤੀ 2014 ਵਿੱਚ 748 ਸੀ, ਜੋ 2026 ਵਿੱਚ ਵਧ ਕੇ 1,785 ਹੋ ਗਈ ਹੈ। ਇਹ ਮਸ਼ੀਨਾਂ ਪਟੜੀ ਨੂੰ ਠੀਕ ਕਰਨ, ਗਿੱਟੀ ਸਾਫ਼ ਕਰਨ ਅਤੇ ਰੇਲ ਨੂੰ ਘਿਸ ਕੇ ਬਰਾਬਰ ਕਰਨ ਦਾ ਕੰਮ ਹੱਥ ਨਾਲ ਹੋਣ ਵਾਲੇ ਕੰਮ ਦੀ ਤੁਲਨਾ ਵਿੱਚ ਵਧੇਰੇ ਤੇਜ਼, ਬਿਹਤਰ ਅਤੇ ਇੱਕਸਾਰ ਤਰੀਕੇ ਨਾਲ ਕਰਦੀਆਂ ਹਨ।
ਪਟੜੀ ਦੇ ਹੇਠਾਂ ਵਿਛਾਈ ਗਈ ਗਿੱਟੀ ਦੀ ਪਰਤ ਨੂੰ ਸਾਫ਼ ਕਰਨ ਵਿੱਚ ਮਸ਼ੀਨਾਂ ਨੇ ਵੱਡਾ ਫ਼ਰਕ ਪੈਦਾ ਕੀਤਾ ਹੈ। ਇਹੀ ਗਿੱਟੀ ਪਾਣੀ ਨਿਕਾਲਣ, ਕੰਪਨ ਘਟਾਉਣ ਅਤੇ ਪਟੜੀ ਨੂੰ ਮਜ਼ਬੂਤ ਬਣਾਈ ਰੱਖਣ ਦਾ ਕੰਮ ਕਰਦੀ ਹੈ। ਪਰ ਸਮੇਂ ਦੇ ਨਾਲ ਟ੍ਰੇਨਾਂ ਦੇ ਲਗਾਤਾਰ ਭਾਰ ਅਤੇ ਕੰਪਨ ਨਾਲ ਇਹ ਪੱਥਰ ਟੁੱਟ ਕੇ ਪਾਊਡਰ ਵਰਗੇ ਹੋ ਜਾਂਦੇ ਹਨ। ਇਸ ਨਾਲ ਗਿੱਟੀ ਦੀ ਪਰਤ ਜਾਮ ਹੋ ਜਾਂਦੀ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ।
ਇਸ ਲਈ ਗਿੱਟੀ ਦੀ ਸਫਾਈ ਕੀਤੀ ਜਾਂਦੀ ਹੈ, ਤਾਂ ਜੋ ਪਟੜੀ ਮੁੜ ਤੋਂ ਸਹੀ ਹਾਲਤ ਵਿੱਚ ਆ ਜਾਵੇ। ਇਹ ਕੰਮ ਇੱਕ ਲੱਖ ਕਿਲੋਮੀਟਰ ਤੋਂ ਵੱਧ ਰੇਲ ਪਟੜੀਆਂ ਉੱਤੇ ਕੀਤਾ ਜਾ ਚੁੱਕਿਆ ਹੈ ਅਤੇ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਹੋਇਆ ਹੈ। ਇਸੇ ਤਰ੍ਹਾਂ ਪਟੜੀ ਦੀ ਉੱਪਰੀ ਸਤ੍ਹਾ ਦੀ ਖਰਾਬੀ ਦੂਰ ਕਰਨ ਲਈ ਵੀ ਇੱਕ ਲੱਖ ਕਿਲੋਮੀਟਰ ਤੋਂ ਵੱਧ ਰੇਲ ਦੀ ਗ੍ਰਾਈਂਡਿੰਗ ਕੀਤੀ ਗਈ ਹੈ। ਇਸ ਨਾਲ ਟ੍ਰੇਨ ਦਾ ਸਫ਼ਰ ਵਧੇਰੇ ਆਰਾਮਦਾਇਕ ਅਤੇ ਸੁਰੱਖਿਅਤ ਹੋਇਆ ਹੈ।
ਹਰ ਸਾਲ ਟ੍ਰੇਨਾਂ ਦੀ ਗਿਣਤੀ ਵਧ ਰਹੀ ਹੈ, ਇਸ ਲਈ ਟ੍ਰੇਨਾਂ ਵਿਚਕਾਰ ਰੱਖ-ਰਖਾਅ ਲਈ ਮਿਲਣ ਵਾਲਾ ਸਮਾਂ ਘੱਟ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮਸ਼ੀਨਾਂ ਦੀ ਮਦਦ ਨਾਲ ਘੱਟ ਸਮੇਂ ਵਿੱਚ ਵੱਧ ਕੰਮ ਹੋ ਜਾਂਦਾ ਹੈ ਅਤੇ ਟ੍ਰੇਨ ਸੇਵਾਵਾਂ ਵੀ ਪ੍ਰਭਾਵਿਤ ਨਹੀਂ ਹੁੰਦੀਆਂ। ਪਰ ਸੁਰੱਖਿਆ ਸਿਰਫ਼ ਪਟੜੀ ਉੱਤੇ ਨਹੀਂ, ਸਗੋਂ ਉੱਥੇ ਵੀ ਜ਼ਰੂਰੀ ਹੈ ਜਿੱਥੇ ਟ੍ਰੇਨਾਂ ਲਾਈਨ ਬਦਲਦੀਆਂ ਹਨ। ਇਸ ਲਈ ਭਾਰਤੀ ਰੇਲਵੇ ਨੇ ਪਟੜੀ ਬਦਲਣ ਦੇ ਨਾਲ ਕਈ ਹੋਰ ਸੁਧਾਰ ਵੀ ਕੀਤੇ ਹਨ। ਲਗਭਗ 17,500 ਕਿਲੋਮੀਟਰ ਤੱਕ ਸੁਰੱਖਿਆ ਲਈ ਬਾੜ ਲਗਾਈ ਗਈ ਹੈ, ਖਾਸ ਕਰ ਉਨ੍ਹਾਂ ਥਾਵਾਂ ਉੱਤੇ ਜਿੱਥੇ ਟ੍ਰੇਨਾਂ 110 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫ਼ਤਾਰ ਨਾਲ ਚੱਲਦੀਆਂ ਹਨ। ਇਸ ਨਾਲ ਲੋਕਾਂ ਅਤੇ ਜਾਨਵਰਾਂ ਦੇ ਪਟੜੀ ਉੱਤੇ ਆਉਣ ਦੀਆਂ ਘਟਨਾਵਾਂ ਘੱਟ ਹੋਈਆਂ ਹਨ।
ਜਿੱਥੇ ਟ੍ਰੇਨਾਂ ਇੱਕ ਲਾਈਨ ਤੋਂ ਦੂਜੀ ਲਾਈਨ ਉੱਤੇ ਜਾਂਦੀਆਂ ਹਨ, ਉੱਥੇ 36,000 ਨਵੀਆਂ ਅਤੇ ਮਜ਼ਬੂਤ ਸਵਿੱਚ ਲਗਾਏ ਗਏ ਹਨ ਅਤੇ 7,500 ਖਾਸ ਤਰ੍ਹਾਂ ਦੀਆਂ ਕ੍ਰਾਸਿੰਗ ਲਗਾਈਆਂ ਗਈਆਂ ਹਨ। ਇਹ ਵਧੇਰੇ ਸਮੇਂ ਤੱਕ ਚੱਲਦੀਆਂ ਹਨ ਅਤੇ ਟ੍ਰੇਨ ਨੂੰ ਬਿਨਾਂ ਝਟਕੇ ਗੁਜ਼ਰਨ ਦਿੰਦੀਆਂ ਹਨ। 2019 ਤੋਂ ਚੌੜੀਆਂ ਅਤੇ ਭਾਰੀ ਸਲੀਪਰ ਲਗਾਏ ਜਾ ਰਹੇ ਹਨ, ਜਿਸ ਨਾਲ ਪਟੜੀ ਵਧੇਰੇ ਮਜ਼ਬੂਤ ਰਹਿੰਦੀ ਹੈ, ਖਾਸ ਕਰ ਗਰਮੀਆਂ ਵਿੱਚ। ਪੁਲਾਂ ਉੱਤੇ ਵੀ ਮਜ਼ਬੂਤ ਸਲੀਪਰ ਲਗਾਏ ਗਏ ਹਨ ਅਤੇ ਯਾਰਡ ਦੇ ਅੰਦਰ ਲੰਬੀ ਵੈਲਡ ਵਾਲੀਆਂ ਪਟੜੀਆਂ ਵਿਛਾਈਆਂ ਗਈਆਂ ਹਨ। ਇਸ ਨਾਲ ਪੂਰਾ ਰੇਲਵੇ ਨੈੱਟਵਰਕ ਹੋਰ ਮਜ਼ਬੂਤ ਹੋਇਆ ਹੈ।
ਰੇਲ ਪਟੜੀਆਂ ਦੇ ਆਧੁਨਿਕੀਕਰਣ ਦਾ ਸਭ ਤੋਂ ਸਪੱਸ਼ਟ ਅਸਰ ਟ੍ਰੇਨਾਂ ਦੀ ਰਫ਼ਤਾਰ ਵਧਣ ਦੀ ਸਮਰੱਥਾ ਵਜੋਂ ਦਿਖਾਈ ਦਿੰਦਾ ਹੈ।



2014
2026
ਗਤੀ (ਕਿਲੋਮੀਟਰ/ਘੰਟਾ)
ਰਨਿੰਗ ਟ੍ਰੈਕ ਕਿਲੋਮੀਟਰ
%
ਰਨਿੰਗ ਟ੍ਰੈਕ ਕਿਲੋਮੀਟਰ
%
130 ਅਤੇ ਉਸ ਤੋਂ ਵੱਧ
5,036
6.3
24,173
22.5
110-130
26,409
33.3
62,482
58.2
100 ਤੋਂ ਘੱਟ
47,897
60.4
20,679
19.3
ਕੁੱਲ
79,342
100
1,07,334
100



130 ਕਿਲੋਮੀਟਰ ਪ੍ਰਤੀ ਘੰਟੇ ਜਾਂ ਉਸ ਤੋਂ ਵੱਧ ਰਫ਼ਤਾਰ ਲਈ ਤਿਆਰ ਰੇਲ ਪਟੜੀ ਦਾ ਹਿੱਸਾ ਪਹਿਲਾਂ ਸਿਰਫ਼ 6 ਫੀਸਦੀ ਸੀ, ਜੋ ਹੁਣ ਵਧ ਕੇ ਲਗਭਗ 23 ਫੀਸਦੀ ਹੋ ਗਿਆ ਹੈ। ਇਸੇ ਤਰ੍ਹਾਂ 110 ਕਿਲੋਮੀਟਰ ਪ੍ਰਤੀ ਘੰਟਾ ਜਾਂ ਉਸ ਤੋਂ ਵੱਧ ਰਫ਼ਤਾਰ ਵਾਲੀ ਪਟੜੀ ਪਹਿਲਾਂ ਲਗਭਗ 40 ਫੀਸਦੀ ਸੀ, ਜੋ ਹੁਣ 80 ਫੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਸਫ਼ਰ ਦਾ ਸਮਾਂ ਘੱਟ ਹੋਇਆ ਹੈ, ਟ੍ਰੇਨਾਂ ਵਧੇਰੇ ਸਮੇਂ ਉੱਤੇ ਚੱਲ ਰਹੀਆਂ ਹਨ ਅਤੇ ਵੰਦੇ ਭਾਰਤ ਐਕਸਪ੍ਰੈੱਸ ਵਰਗੀਆਂ ਤੇਜ਼ ਟ੍ਰੇਨਾਂ ਚਲਾਉਣਾ ਆਸਾਨ ਹੋਇਆ ਹੈ।
ਇਨ੍ਹਾਂ ਸੁਧਾਰਾਂ ਦਾ ਅਸਰ ਸੁਰੱਖਿਆ ਉੱਤੇ ਵੀ ਦਿਖਿਆ ਹੈ। 2014-15 ਵਿੱਚ 135 ਵੱਡੇ ਰੇਲ ਹਾਦਸੇ ਹੋਏ ਸਨ, ਪਰ 2025-26 ਵਿੱਚ ਇਹ ਗਿਣਤੀ ਘੱਟ ਕੇ ਸਿਰਫ਼ 16 ਰਹਿ ਗਈ। ਯਾਨੀ ਹਾਦਸੇ ਲਗਭਗ 89 ਫੀਸਦੀ ਘੱਟ ਹੋ ਗਏ। ਹਰ 10 ਲੱਖ ਕਿਲੋਮੀਟਰ ਚੱਲਣ ਵਾਲੀਆਂ ਟ੍ਰੇਨਾਂ ਉੱਤੇ ਹਾਦਸਿਆਂ ਦੀ ਦਰ ਵੀ 0.11 ਤੋਂ ਘੱਟ ਕੇ 0.01 ਹੋ ਗਈ ਹੈ। ਇਹ ਲਗਭਗ 90 ਫੀਸਦੀ ਸੁਧਾਰ ਹੈ। ਖਾਸ ਗੱਲ ਇਹ ਹੈ ਕਿ ਟ੍ਰੇਨਾਂ ਅਤੇ ਯਾਤਰੀਆਂ ਦੀ ਗਿਣਤੀ ਵਧਣ ਦੇ ਬਾਵਜੂਦ ਹਾਦਸੇ ਘੱਟ ਹੋਏ ਹਨ।
ਹੁਣ ਰੇਲਵੇ ਨੇ ਇੱਕ ਨਵੀਂ ਔਨਲਾਈਨ ਵਿਵਸਥਾ ਵੀ ਸ਼ੁਰੂ ਕੀਤੀ ਹੈ, ਜਿਸਨੂੰ ਟ੍ਰੈਕ ਮੈਨੇਜਮੈਂਟ ਸਿਸਟਮ (ਟੀਐੱਮਐੱਸ) ਕਿਹਾ ਜਾਂਦਾ ਹੈ। ਇਸ ਵਿੱਚ ਪਟੜੀ ਦੀ ਜਾਂਚ, ਟ੍ਰੇਨ ਦੇ ਸਫ਼ਰ ਦੀ ਗੁਣਵੱਤਾ ਅਤੇ ਪਟੜੀ ਦੀ ਹਾਲਤ ਨਾਲ ਜੁੜੀ ਸਾਰੀ ਜਾਣਕਾਰੀ ਇੱਕ ਥਾਂ ‘ਤੇ ਮਿਲ ਜਾਂਦੀ ਹੈ। ਇਸ ਨਾਲ ਰੇਲਵੇ ਨੂੰ ਜਲਦੀ ਸਮਝ ਆ ਜਾਂਦਾ ਹੈ ਕਿ ਕਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਸਮੇਂ ਰਹਿੰਦੇ ਸੁਧਾਰ ਕੀਤਾ ਜਾ ਸਕਦਾ ਹੈ।
12 ਸਾਲ ਪਹਿਲਾਂ ਭਾਰਤ ਦੀਆਂ 60 ਫੀਸਦੀ ਰੇਲ ਪਟੜੀਆਂ 110 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਰਫ਼ਤਾਰ ਤੱਕ ਹੀ ਸੀਮਿਤ ਸਨ। ਰੇਲ ਪਟੜੀ ਟੁੱਟਣ ਦੀਆਂ ਘਟਨਾਵਾਂ ਆਮ ਸਨ ਅਤੇ ਜ਼ਿਆਦਾਤਰ ਰੱਖ-ਰਖਾਅ ਹੱਥ ਨਾਲ ਕੀਤਾ ਜਾਂਦਾ ਸੀ। ਅੱਜ ਸਥਿਤੀ ਬਦਲ ਚੁੱਕੀ ਹੈ। ਹੁਣ ਲਗਭਗ 80 ਫੀਸਦੀ ਰੇਲ ਨੈੱਟਵਰਕ 110 ਕਿਲੋਮੀਟਰ ਪ੍ਰਤੀ ਘੰਟੇ ਜਾਂ ਉਸ ਤੋਂ ਵੱਧ ਰਫ਼ਤਾਰ ਸੰਭਾਲ ਸਕਦਾ ਹੈ। ਰੇਲ ਅਤੇ ਵੈਲਡ ਟੁੱਟਣ ਦੀਆਂ ਘਟਨਾਵਾਂ 90 ਫੀਸਦੀ ਤੱਕ ਘੱਟ ਹੋ ਗਈਆਂ ਹਨ ਅਤੇ ਲਗਭਗ 1,800 ਟ੍ਰੈਕ ਮਸ਼ੀਨਾਂ ਕੰਮ ਕਰ ਰਹੀਆਂ ਹਨ।
ਲੱਖਾਂ ਯਾਤਰੀਆਂ ਅਤੇ ਰੇਲ ਮਾਲ ਢੋਆ-ਢੁਆਈ ਉੱਤੇ ਨਿਰਭਰ ਕਾਰੋਬਾਰਾਂ ਲਈ ਇਨ੍ਹਾਂ ਬਦਲਾਵਾਂ ਦਾ ਵੱਡਾ ਅਸਰ ਪਿਆ ਹੈ। ਹੁਣ ਸਫ਼ਰ ਵਧੇਰੇ ਆਰਾਮਦਾਇਕ ਹੋਇਆ ਹੈ, ਯਾਤਰਾ ਦਾ ਸਮਾਂ ਘੱਟ ਹੋਇਆ ਹੈ ਅਤੇ ਰੇਲਵੇ ਨੈੱਟਵਰਕ ਪਹਿਲਾਂ ਤੋਂ ਵੱਧ ਭਰੋਸੇਯੋਗ ਬਣਿਆ ਹੈ। ਕੰਮ ਹੁਣ ਪੂਰਾ ਨਹੀਂ ਹੋਇਆ ਹੈ, ਪਰ ਅਜ ਤੱਕ ਹੋਈ ਤਰੱਕੀ ਇਹ ਦਿਖਾਉਂਦੀ ਹੈ ਕਿ ਲਗਾਤਾਰ ਮਿਹਨਤ ਅਤੇ ਨਿਵੇਸ਼ ਨਾਲ ਕਿੰਨਾ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।
*****
 (ਲੇਖਕ, ਭਾਰਤ ਸਰਕਾਰ ਦੇ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਹਨ)