ਭਾਰਤ 'ਚ ਸਟੇਜ-3 ਵੱਲ ਵੱਧ ਰਿਹੈ ਕੋਰੋਨਾ ਵਾਇਰਸ, ਸਖਤ ਅਹਿਤਿਆਤ ਦੀ ਲੋੜ .
ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵਧਣੀ ਸ਼ੁਰੂ ਹੋ ਚੁੱਕੀ ਹੈ। ਪਿਛਲੇ 5 ਦਿਨਾਂ ਵਿਚ ਮਰੀਜਾਂ ਦੀ ਗਿੱਣਤੀ ਦੋ ਗੁਣਾਂ ਹੋਈ ਹੈ। ਤੇਜੀ ਨਾਲ ਵੱਧ ਰਹੇ ਅੰਕੜਿਆਂ ਦਾ ਜਿਕਰ ਕਰਨ ਦਾ ਮਕਸਦ ਲੋਕਾਂ ਵਿਚ ਡਰ ਜਾਂ ਸਹਿਮ ਪੈਦਾ ਕਰਨਾ ਹਰਗਿਜ਼ ਨਹੀਂ , ਬਲਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਕਰੋਪੀ ਤੋਂ ਬਚਾਅ ਲਈ ਸਮਾਜਿਕ ਦੂਰੀ ਅਤੇ ਸੇਨੇਟਾਈਜ਼ੇਸ਼ਨ ਸਖਤੀ ਨਾਲ ਲਾਗੂ ਕਰਨ ਲਈ ਸੁਚੇਤ ਕਰਨਾ ਹੈ। ਸਮੁੱਚੇ ਵਿਸ਼ਵ ਦੇ ਅਧੁਨਿਕ ਡਾਕਟਰੀ ਸਹੂਲਤਾਂ ਵਾਲੇ ਮੁਲਕਾਂ ਵਿਚ ਮਹਾਮਾਰੀ ਵਲੋਂ ਮਚਾਏ ਹੜਕੰਪ ਦੀ ਭਿਆਨਕ ਤਸਵੀਰ ਸਭ ਦੇ ਸਾਹਮਣੇ ਹੈ। ਪਰ ਸਾਡੀ ਦਿੱਕਤ ਹੈ ਕਿ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝੀ ਬੈਠੇ ਹਾਂ ਅਤੇ ਬਹਾਨੇ ਘੜ ਕੇ ਕਰਫਿਊ ਦੀ ਉਲੰਘਣਾ ਕਰਕੇ ਪਰਵਾਰ ਅਤੇ ਸਮਾਜ ਨੂੰ ਖਤਰੇ 'ਚ ਧਕਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਹ ਲੌਕਡਾਊਨ ਕੋਈ ਅਮਨ ਕਨੂੰਨ ਦੀ ਸਥਿਤੀ ਨਾਲ ਨਜਿਠਣ ਲਈ ਨਹੀਂ , ਸਗੋਂ ਸਮੁਚੇ ਦੇਸ਼ ਨੂੰ ਮਹਾਂਕਾਲ ਤੋਂ ਬਚਾਉਣ ਲਈ ਹੈ। ਸਾਡੇ ਦੇਸ਼ ਵਿਚ ਪਹਿਲਾਂ ਵਿਦੇਸ਼ਾਂ ਆਏ ਵਿਅਕਤੀਅਾਂ ਜਾਂ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਤਕ ਹੀ ਵਾਇਰਸ ਸੀਮਿਤ ਸੀ। ਪਰ ਹੁਣ ਸਥਿਤੀ ਤੇਜ਼ੀ ਨਾਲ ਬਦਲਦੀ ਦਿਖਾਈ ਦੇ ਰਹੀ ਹੈ। ਵਧੇਰੇ ਵਸੋਂ ਵਾਲੇ ਮੁਹੱਲਿਆਂ ਵਿਚੋਂ ਸਥਾਨਕ ਮਰੀਜ਼ ਆਉਣੇ ਸ਼ੁਰੂ ਹੋ ਚੁੱਕੇ ਨੇ। ਦਿਲੀ ਦੀ ਨਿਜ਼ਾਮੁਦੀਨ ਮਰਕਜ ਵਿਚ ਮੁਸਲਿਮ ਜਥੇਬੰਦੀ 'ਤਬਲੀਗੀ-ਏ-ਜਮਾਤ' ਦੇ ਸਮਾਗਮ ਦੀ ਇਕੋ ਗਲਤੀ ਘਾਤਿਕ ਸਾਬਿਤ ਹੋ ਰਹੀ ਹੈ। 8 ਮਾਰਚ ਤੋਂ ਚਲਦੇ ਸਮਾਗਮ ਨੂੰ ਲੌਕਡਾਉਨ ਲੱਗਣ ਦੇ ਬਾਵਯੂਦ ਪ੍ਰਬੰਧਕਾਂ ਵਲੋਂ ਜਾਰੀ ਰੱਖਿਆ ਗਿਆ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਵੀ ਜਾਣਕਾਰੀ ਦੇ ਬਾਵਯੂਦ ਸਖਤੀ ਨਾਲ ਬੰਦ ਨਾ ਕੀਤਾ ਗਿਆ । ਨਤੀਜਾ ਸਾਹਮਣੇ ਹੈ, ਇਕੋ ਮਾਮਲੇ 'ਚ 11 ਲੋਕਾਂ ਦੀ ਕੋਰੋਨਾ ਮੌਤ ਹੋਈ ਅਤੇ 360 ਪਾਜ਼ਿਟਿਵ ਪਾਏ ਗਏ। 617 ਸ਼ੱਕੀਆਂ ਨੂੰ ਇਲਾਜ਼ ਲਈ ਹਸਪਤਾਲਾਂ 'ਚ ਦਾਖਲ ਨੇ, ਵਾਪਿਸ ਗਿਆਂ ਦੀ ਭਾਲ ਸੂਬਾ ਸਰਕਾਰਾਂ ਕਰ ਰਹੀਆਂ ਨੇ। ਸੱਤ ਪ੍ਰਬੰਧਕਾਂ ਖਿਲਾਫ ਕਨੂੰਨ ਦੀ ਉਲੰਘਣਾ ਲਈ ਪਰਚੇ ਦਰਜ ਹੋਏ ਨੇ ਅਤੇ ਭਾਰਤ ਵਿਚ ਸੰਗਠਨ ਦਾ ਮੁੱਖੀ ਲਾਪਤਾ ਹੈ।
ਇਸ ਤੋ ਪਹਿਲਾਂ ਲੌਕਡਾਊਨ ਲਾਗੂ ਹੋਣ ਤੇ ਮੁੰਬਈ , ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚੋਂ ਪ੍ਰਵਾਸੀ ਮਜਦੂਰ ਘਬਰਾਹਟ ਵਿਚ ਆਪਣੇ ਸੂਬਿਆਂ ਵਲ ਬੱਚਿਆਂ ਸਮੇਤ ਪੈਦਲ ਹੀ ਵੱਡੇ ਸਮੂਹਾਂ 'ਚ ਤੁਰ ਪਏ। ਯੂਪੀ ਸਰਕਾਰ ਵਲੋਂ ਅਨੰਦ ਵਿਹਾਰ ਬੱਸ ਅੱਡੇ ਤੋਂ ਵਿਸ਼ੇਸ਼ ਬੱਸਾਂ ਚਲਾਉਣ ਦੀ ਖਬਰ ਮਿਲਦੇ ਹੀ ਬੱਸ ਅੱਡੇ ਤੇ ਹਜਾਰਾਂ ਦਾ ਹਜੂਮ ਇਕੱਠਾ ਹੋਇਆ, ਜਿੰਨਾਂ ਚੋਂ ਬਹੁਤਿਆਂ ਨੂੰ ਬੱਸਾਂ ਵਿਚ ਤੂੜ ਤੂੜ ਕੇ ਯੂ ਪੀ ਅਤੇ ਬਿਹਾਰ ਲਈ ਰਵਾਨਾ ਕੀਤਾ । ਯੂਪੀ ਵਿਚ ਪੁੱਜੇ ਸੈਂਕੜੇ ਲੋਕਾਂ ਤੇ ਬੱਚਿਆਂ ਸਮੇਤ ਕੈਮੀਕਲ ਦੀ ਸਪਰੇਅ ਕਰਕੇ ਸੈਨੇਟਾਈਜ਼ ਕਰਨ ਦਾ ਅਣਮਨੁੱਖੀ ਮਾਮਲਾ ਸਾਹਮਣੇ ਆਇਆ। ਇਸ ਤਰਾਂ ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾਈਆਂ ਗਈਆਂ। ਅੱਜ ਭਾਰਤ ਵਿਚ ਸਥਿਤੀ ਤੇਜੀ ਨਾਲ ਹੱਥੋਂ ਬਾਹਰ ਹੋ ਰਹੀ ਜਾਪਦੀ ਹੈ। 2 ਅਪਰੈਲ ਨੂੰ ਇਕੋ ਦਿਨ ਵਿਚ ਸਵਾ ਚਾਰ ਸੌ ਪਾਜ਼ਿਟਿਵ ਕੇਸ ਨਵੇਂ ਆਏ ਅਤੇ ਕੁੱਲ ਗਿਣਤੀ 2000 ਪਾਰ ਹੋਣ ਵਲ ਵੱਧ ਰਹੀ ਹੈ । ਹੁਣ ਤਕ 58 ਮਰੀਜ਼ ਦਮ ਤੋੜ ਚੁੱਕੇ ਨੇ ਅਤੇ ਡੇੜ ਸੌ ਦੇ ਕਰੀਬ ਠੀਕ ਹੋਏ ਹਨ। ਮਹਾਰਾਸ਼ਟਰਾ 'ਚ ਸਭ ਤੋ ਵੱਧ 325 ਮਾਮਲੇ ਤੇ12 ਮੌਤਾਂ, ਕੇਰਲ ਵਿਚ 241 ਕੇਸ ਤੇ 2 ਮੌਤਾਂ, ਤਾਮਿਲਨਾਡੂ ਵਿਚ 124 ਮਰੀਜ਼, ਕਰਨਾਟਕਾ 'ਚ 105 ਕੇਸ ਤੇ 3 ਮੌਤਾਂ ਅਤੇ ਯੂ ਪੀ 'ਚ 104 ਮਾਮਲੇ ਤੇ 1 ਮੌਤ ਹੋਈ ਹੈ।
ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਆਮ ਜਨਤਾ ਸਭ ਕੁੱਝ ਦੇਖਦੇ ਵੀ ਮੌਕਾ ਪਾ ਕੇ ਕਰਫਿਊ ਦੀ ਉਲੰਘਣਾ ਕਰਨ ਤੋਂ ਸੰਕੋਚ ਨਹੀਂ ਕਰ ਰਹੀ, ਇਸ ਨੂੰ ਹਰ ਹਾਲਤ ਵਿਚ ਰੋਕਣਾ ਹੋਏਗਾ।
ਵਿਦੇਸ਼ਾਂ 'ਚ ਪ੍ਰਕੋਪ ਵਧਿਆ:
ਹਰ ਪੱਖੋਂ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਵਿਚ ਮਹਾਂਮਾਰੀ ਹਰ ਪਾਸੇ ਕਹਿਰ ਵਰਪਾ ਰਹੀ ਹੈ, ਪਿਛਲੇ ਇਕੋ ਦਿਨ 'ਚ ਹਜਾਰ ਮੌਤਾਂ ਹੋਈਆਂ। ਅਮਰੀਕਾ ਭਿਆਨਕ ਮਾਰ ਤੋਂ ਬਚਣ ਲਈ ਖਰਬਾਂ ਡਾਲਰ ਖਰਚ ਰਿਹੈ, ਪਰ ਚੰਗਾ ਨਤੀਜਾ ਦਿਖਾਈ ਨਹੀਂ ਦੇ ਰਿਹਾ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਹੋਈ ਢਾਈ ਲੱਖ ਤੋਂ ਪਾਰ ਹੋਣ ਵਾਲੀ ਹੈ । ਪੰਜ ਹਜਾਰ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਨੇ। 11ਲੁੱਖ ਟੈਸਟ ਹੋਏ ਨੇ। ਰਾਸ਼ਟਰਪਤੀ ਜੋਰਜ ਟਰੰਪ ਨੇ ਅਪਰੈਲ ਮਹੀਨਾ ਅਮਰੀਕਾ ਲਈ ਬਹੁਤ ਤਬਾਹੀ ਵਾਲਾ ਹੋਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਕ ਤੋਂ ਦੋ ਲੱਖ ਮੌਤਾਂ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਵਿਅੱਪਕ ਸਿਹਤ ਸਹੂਲਤਾਂ ਕਾਰਨ ਬੇਸ਼ਕ ਅਮਰੀਕਾ 'ਚ ਫਿਲਹਾਲ ਮੌਤਾਂ ਦਾ ਅੰਕੜਾ ਇਟਲੀ, ਸਪੇਨ ਅਤੇ ਕਈ ਹੋਰ ਦੇਸ਼ਾਂ ਤੋਂ ਘੱਟ ਹੈ, ਪਰ ਬਹੁਤੇ ਮਰੀਜ਼ ਗੰਭੀਰ ਹਾਲਤ ਵਿਚ ਹੋਣ ਕਾਰਨ ਕਿਸੇ ਸਮੇਂ ਵੀ ਸਥਿਤੀ ਵਿਸਫੋਟਿਕ ਹੋ ਸਕਦੀ ਹੈ।
ਸਮੁੱਚੇ ਵਿਸ਼ਵ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ ਮੌਤਾਂ ਦਾ ਅੰਕੜਾ 50 ਹਜਾਰ ਹੋਣ ਜਾ ਰਿਹੈ। ਸਿਹਤ ਕਾਮਿਆਂ ਦੇ ਅਣਥੱਕ ਯਤਨਾਂ ਸਦਕਾ ਡੇੜ ਲੁੱਖ ਤੋਂ ਵੱਧ ਲੋਕ ਠੀਕ ਵੀ ਹੋਏ ਨੇ। ਸਭ ਤੋਂ ਤਬਾਹੀ ਵਾਲੇ ਇਟਲੀ 'ਚ 13000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਅਤੇ ਮਰੀਜਾਂ ਦੀ ਗਿਣਤੀ ਇਕ ਲੱਖ ਦੇ ਹਜਾਰ ਤੋਂ ਉਪਰ ਹੈ। ਸਪੇਨ ਵਿਚ ਵੀ ਪੀੜਤਾਂ ਦਾ ਅੰਕੜਾ ਇਕ ਲੱਖ ਤੋਂ ਵੱਧ ਗਿਅੈ ਅਤੇ ਦਸ ਹਜ਼ਾਰ ਕਰੀਬ ਮੌਤਾਂ ਹੋ ਚੁਕੀਆਂ ਨੇ। ਪੂਰੀ ਦੁਨੀਆਂ ਵਿਚ ਕਾਰੋਵਾਰ ਠੱਪ ਹੋ ਕੇ ਰਹਿ ਗਏ ਨੇ, ਸਰਕਾਰਾਂ ਦਾ ਸਾਰਾ ਧਿਆਨ ਲੋਕਾਂ ਦੀ ਜਾਨ ਬਚਾਉਣ ਤੇ ਕੇਂਦਰਿਤ ਹੈ। ਇਸ ਲਾਇਲਾਜ਼ ਵਾਇਰਸ ਤੋਂ ਬਚਾਓ ਲਈ ਦਵਾਈ ਦੀ ਖੋਜ ਵਿਚ ਹਰ ਦੇਸ਼ ਦੇ ਵਿਗਿਆਨੀ ਦਿਨ ਰਾਤ ਲੱਗੇ ਹੋਏ ਨੇ ।
ਭਾਰਤ' ਚ ਵੱਧਿਆ ਖਤਰਾ:
ਮਹਾਰਾਸ਼ਟਰ, ਕੇਰਲਾ , ਉਤਰ ਪ੍ਰਦੇਸ਼ ਰਾਜਾਂ ਦੀ ਤਰਜ ਤੇ ਉਤਰੀ ਭਾਰਤ 'ਚ ਵੀ ਕਰੋਨਾ ਤੇਜ਼ੀ ਨਾਲ ਫੈਲ ਰਿਹੈ। ਦਿੱਲੀ ਵਿਚ 125 ਕੇਸ ਤੇ 2 ਮੌਤ, ਪੰਜਾਬ ਵਿਚ 47 ਕੇਸ , 5 ਮੌਤਾਂ, ਹਰਿਆਣਾ 'ਚ 29 ਮਰੀਜ਼ , ਚੰਡੀਗੜ 16 ਕੇਸ, 3 ਮੌਤ, ਅਤੇ ਹਿਮਾਚਲ ਪ੍ਰਦੇਸ਼ 'ਚ 3 ਕੇਸ ਤੇ 2 ਮੌਤਾ ਹੋ ਚੁੱਕੀਆਂ ਨੇ ਅਤੇ ਇਹ ਅੰਕੜੇ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਨਾਲ ਵੱਧ ਸਕਦੇ ਨੇ।
ਸਹੀ ਰਣਨੀਤੀ ਦੀ ਲੋੜ :
ਦੇਸ਼ ਅੰਦਰ ਸਭ ਤੋਂ ਵੱਡੀ ਘਾਟ ਸਰਕਾਰੀ ਹਸਪਤਾਲਾਂ ਮਿਆਰੀ ਸਹੂਲਤਾਂ ਅਤੇ ਡਾਕਟਰਾਂ/ ਪੈਰਾ ਮੈਡੀਕਲ ਸਟਾਫ ਲਈ ਲੋੜੀਂਦੇ ਸੁਰੱਖਿਆ ਉਪਕਰਨ ਦੀ ਵੱਡੀ ਘਾਟ ਹੈ। ਦਿੱਲੀ, ਪੀਜੀਆਈ ਚੰਡੀਗੜ੍ਹ ਅਤੇ ਹੋਰ ਹਸਪਤਾਲਾਂ ਦੇ ਸਟਾਫ ਵਲੋਂ ਇਸ ਲਈ ਜਾਇਜ਼ ਮੰਗ ਉਠਾਈ ਜਾ ਰਹੀ ਹੈ। ਚੰਡੀਗੜ੍ਹ 'ਚ ਪੀਜੀਆਈ , ਸੈਕਟਰ 16 ਦ ਸਰਕਾਰੀ ਹਸਪਤਾਲ ਅਤੇ ਦਿਲੀ ਦੀਆਂ ਮੁਹੱਲਾ ਕਲੀਨਿਕਾਂ ਦੇ 50 ਕਰੀਬ ਡਾਕਟਰ ਅਤੇ ਸਟਾਫ ਨੂੰ ਪਹਿਲਾਂ ਹੀ ਇਕਾਂਤਵਾਸ ਕੀਤਾ ਜਾ ਚੁਕੈ। ਉਨਾਂ ਖਿਲਾਫ ਕਾਰਵਾਈ ਕਰਨ ਦੀ ਧਮਕੀ ਦੇਣ ਨਾਲ ਉਨਾਂ ਦਾ ਮਨੋਬਲ ਡਿਗੇਗਾ ਅਤੇ ਉਹ ਆਪਣੀ ਡਿਉਟੀ ਸਹੀ ਢੰਗ ਨਾਲ ਨਹੀਂ ਨਿਭਾ ਸਕਣਗੇ। ਅਜੇਹੀਆਂ ਖਬਰਾਂ ਨਾਲ ਆਮ ਜਨਤਾ ਦਾ ਮਨੋਬਲ ਵੀ ਡਿੱਕ ਡੋਲੇ ਖਾਣ ਲਗਦੈ। ਲੋੜਵੰਦ ਲੋਕਾਂ ਲਈ ਜਰੂਰੀ ਰਾਸ਼ਣ ਅਤੇ ਹੋਰ ਸਮੱਗਰੀ ਪਹੁੰਚਾਉਣ ਦਾ ਸਰਕਾਰ ਵਲੋਂ ਸਹੀ ਢੰਗ ਨਾਲ ਹੋ ਰਿਹੈ, ਪਰ ਵਾਰ ਵਾਰ ਉਨ੍ਹਾਂ ਹੀ ਲੋਕਾਂ ਵਿਚ ਵੰਡਣ ਨਾਲ ਸਰਕਾਰੀ ਵਸੀਲਿਆਂ ਦੀ ਦੁਰਵਰਤੋਂ ਰੋਕਣੀ ਵੀ ਜਰੂਰੀ ਹੈ। ਹੁਣ ਨਵੇਂ ਕੇਸ ਗਲੀ ਮੁਹੱਲਿਆਂ ਵਿਚੋਂ ਆਉਣੇ ਸ਼ੁਰੂ ਹੋ ਚੁੱਕੇ ਨੇ। ਕਈ ਥਾਂ ਤੇ ਚੈਕ ਕਰਨ ਗਏ ਡਾਕਟਰਾਂ ਅਤੇ ਪੁਲਿਸ ਮੁਲਜ਼ਿਮਾਂ ਤੇ ਲੋਕਾਂ ਵਲੋਂ ਹਮਲੇ ਵੀ ਹੋ ਰਹੇ ਨੇ। ਕੁੱਲ ਮਿਲਾ ਕੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਸਟੇਜ-3 'ਚ ਪ੍ਰਵੇਸ਼ ਕਰ ਰਹੀ ਹੈ, ਜਿਸ ਵਿਚ ਮਹਾਮਾਰੀ ਦਾ ਪ੍ਰਕੋਪ ਹੋਰ ਪ੍ਰਚੰਡ ਹੋਣ ਦੀ ਸੰਭਾਵਨਾ ਹੁੰਦੀ ਹੈ। ਸਰਕਾਰ ਦੇ ਨਾਲ ਆਮ ਜਨਤਾ ਨੂੰ ਵੀ ਵਧੇਰੇ ਚੌਕਸ ਰਹਿਣਾ ਹੋਵੇਗਾ ਤਾਂ ਕਿ ਦੇਸ਼ ਵਿਚ ਹੋਣ ਵਾਲੇ ਸੰਭਾਵੀ ਮੁਕਸਾਨ ਤੋਂ ਬੱਚਿਆ ਜਾ ਸਕੇ।
ਲੇਖਕ,
ਦਰਸ਼ਨ ਸਿੰਘ ਸ਼ੰਕਰ
ਜਿਲਾ ਲੋਕ ਸੰਪਰਕ ਅਧਿਕਾਰੀ (ਰਿਟ.)
9915836543
