ਖੂਨ : ਇਨਸਾਨ ਦੀ ਸੱਭ ਤੋਂ ਸੱਚੀ ਪਛਾਣ .
ਸਾਡੀ ਦੁਨੀਆ ਵਿੱਚ ਬਹੁਤ ਕੁਝ ਉਗਾਇਆ ਜਾ ਸਕਦਾ ਹੈ—ਫਲ, ਸਬਜ਼ੀਆਂ, ਅਨਾਜ। ਵਿਗਿਆਨ ਨੇ ਵੀ ਕਈ ਚਮਤਕਾਰ ਕਰ ਦਿੱਤੇ ਹਨ। ਪਰ ਇੱਕ ਚੀਜ਼ ਅੱਜ ਵੀ ਐਸੀ ਹੈ ਜੋ ਨਾ ਖੇਤ ਵਿੱਚ ਉੱਗਦੀ ਹੈ, ਨਾ ਕਿਸੇ ਫੈਕਟਰੀ ਵਿੱਚ ਬਣਦੀ ਹੈ ਅਤੇ ਨਾ ਹੀ ਕਿਸੇ ਲੈਬ ਵਿੱਚ ਤਿਆਰ ਕੀਤੀ ਜਾ ਸਕਦੀ ਹੈ—ਉਹ ਹੈ ਖੂਨ।
ਜਦੋਂ ਕਿਸੇ ਹਸਪਤਾਲ ਵਿੱਚ ਜੀਵਨ ਅਤੇ ਮੌਤ ਦੇ ਵਿਚਕਾਰ ਜੰਗ ਚੱਲ ਰਹੀ ਹੁੰਦੀ ਹੈ, ਤਦੋਂ ਡਾਕਟਰ ਕੋਲ ਹਰ ਸੁਵਿਧਾ ਹੁੰਦੀ ਹੈ—ਦਵਾਈਆਂ, ਮਸ਼ੀਨਾਂ, ਆਕਸੀਜਨ। ਪਰ ਜੇ ਖੂਨ ਉਪਲਬਧ ਨਾ ਹੋਵੇ, ਤਾਂ ਉਹ ਵੀ ਬੇਬਸ ਹੋ ਜਾਂਦਾ ਹੈ। ਉਸ ਨਾਜ਼ੁਕ ਪਲ ਵਿੱਚ, ਕਿਸੇ ਅਣਜਾਣ ਵਿਅਕਤੀ ਦਾ ਦਿੱਤਾ ਹੋਇਆ ਖੂਨ ਹੀ ਸੰਜੀਵਨੀ ਬਣ ਕੇ ਜੀਵਨ ਵਾਪਸ ਲਿਆਉਂਦਾ ਹੈ। ਖੂਨ ਦਾਨ ਮਨੁੱਖਤਾ ਦਾ ਸਭ ਤੋਂ ਪਵਿੱਤਰ ਕਰਮ ਹੈ।
ਕੇਵਲ 15 ਮਿੰਟ ਵਿੱਚ ਦਿੱਤਾ ਗਿਆ ਇੱਕ ਯੂਨਿਟ ਖੂਨ ਤਿੰਨ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਹੈ—ਕਿਸੇ ਥੈਲੇਸੀਮੀਆ ਨਾਲ ਜੂਝਦੇ ਬੱਚੇ ਦੀ ਮੁਸਕਾਨ, ਕਿਸੇ ਹਾਦਸੇ ਦੇ ਪੀੜਤ ਦੀ ਸਾਹਾਂ, ਜਾਂ ਜਣਮ ਦੇ ਦੌਰਾਨ ਮਾਂ ਦੀ ਸੁਰੱਖਿਆ। ਅਤੇ ਸਭ ਤੋਂ ਵੱਡੀ ਗੱਲ—ਸਾਡਾ ਸਰੀਰ 24-48 ਘੰਟਿਆਂ ਵਿੱਚ ਇਸ ਖੂਨ ਦੀ ਭਰਪਾਈ ਕਰ ਲੈਂਦਾ ਹੈ।
ਇਹ ਦਾਨ ਧਨ ਨਾਲ ਨਹੀਂ, ਦਿਲ ਨਾਲ ਹੁੰਦਾ ਹੈ। ਇੱਥੇ ਕੋਈ ਦਿਖਾਵਾ ਨਹੀਂ, ਸਿਰਫ ਸੱਚੀ ਕਰੁਣਾ ਹੁੰਦੀ ਹੈ। ਇਸ ਲਈ ਹਰ ਸਿਹਤਮੰਦ ਵਿਅਕਤੀ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਨਿਯਮਿਤ ਤੌਰ 'ਤੇ ਖੂਨ ਦਾਨ ਕਰੇਗਾ।
ਰਗਾਂ ਵਿੱਚ ਜੋ ਵਗਦਾ ਹੈ, ਉਹ ਸਿਰਫ ਖੂਨ ਨਹੀਂ, ਅਹਿਸਾਸ ਹੈ,
ਕਿਸੇ ਦੀਆਂ ਸਾਹਾਂ ਦਾ ਇਹ ਅਨਮੋਲ ਵਿਸ਼ਵਾਸ ਹੈ।
ਦੇ ਕੇ ਇਸ ਨੂੰ ਕਿਸੇ ਨੂੰ, ਤੁਸੀਂ ਭਗਵਾਨ ਬਣ ਜਾਂਦੇ ਹੋ,
ਖੂਨ ਦਾਨ ਹੀ ਸੱਚੀ ਇਨਸਾਨੀਅਤ ਦਾ ਪ੍ਰਕਾਸ਼ ਹੈ।
ਅੱਜ ਇੱਕ ਕਦਮ ਅੱਗੇ ਵਧਾਓ। ਨਜ਼ਦੀਕੀ ਬਲੱਡ ਬੈਂਕ ਜਾਓ ਅਤੇ ਕਿਸੇ ਅਣਜਾਣ ਦੇ ਜੀਵਨ ਵਿੱਚ ਉਮੀਦ ਦੀ ਕਿਰਣ ਬਣ ਜਾਓ।
ਖੂਨ ਦਾਨ ਕਰੋ—ਕਿਉਂਕਿ ਇਹੀ ਸੱਚਾ ਜੀਵਨ ਦਾਨ ਹੈ।
( ਲਲਿਤ ਬੇਰੀ)
