ਫੁੱਟਵੀਅਰ ਵਿਚ ਭਾਰਤ ਦਾ ਭਵਿੱਖ.
ਸਮਾਰਟ, ਟਿਕਾਊ, ਬੇਮਿਸਾਲ: ਟੈਕਨੀਕਲ ਟੈਕਸਟਾਈਲ ਇਸ ਤਰ੍ਹਾਂ ਬੁਣ ਰਹੇ ਹਨ ਫੁੱਟਵੀਅਰ ਵਿੱਚ ਭਾਰਤ ਦਾ ਭਵਿੱਖ
-ਸ਼੍ਰੀ ਗਿਰਿਰਾਜ ਸਿੰਘ
ਆਤਮ-ਨਿਰਭਰ ਭਾਰਤ ਦਾ ਮਤਲਬ ਸਿਰਫ਼ ਉਤਪਾਦਨ ਵਿੱਚ ਆਤਮ-ਨਿਰਭਰਤਾ ਹੀ ਨਹੀਂ, ਸਗੋਂ ਗਲੋਬਲ ਵੈਲਿਊ ਲੜੀ ਵਿੱਚ ਲੀਡਰਸ਼ਿਪ ਵੀ ਹਾਸਲ ਕਰਨਾ ਹੈ। ਕੁਝ ਹੀ ਖੇਤਰਾਂ ਨੇ ਇਸ ਮੌਕੇ ਦੀ ਫੁੱਟਵੀਅਰ ਵਾਂਗ ਸਪਸ਼ਟ ਤੌਰ ’ਤੇ ਵਰਤੋਂ ਕੀਤੀ ਹੈ। ਫੁੱਟਵੀਅਰ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਸਭ ਤੋਂ ਆਮ ਵਸਤੂਆਂ ਵਿੱਚੋਂ ਇੱਕ ਹੈ। ਇਸ ਦੀ ਵਰਤੋਂ ਸਕੂਲੀ ਬੱਚਿਆਂ, ਲੰਬੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਅਤੇ ਲਗਾਤਾਰ ਭੱਜ-ਨੱਠ ਕਰਕੇ ਸਾਮਾਨ ਦੀ ਡਿਲੀਵਰੀ ਕਰਨ ਵਾਲਿਆਂ ਤੋਂ ਲੈ ਕੇ ਆਪਣੀਆਂ ਸਰੀਰਕ ਹੱਦਾਂ ਤੋਂ ਅੱਗੇ ਜਾਣ ਵਾਲੇ ਐਥਲੀਟਾਂ ਤੱਕ ਕਰਦੇ ਹਨ। ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਫੁੱਟਵੀਅਰ ਉਤਪਾਦਕ ਹੈ। ਇਸ ਦੇ ਬਾਵਜੂਦ ਗਲੋਬਲ ਫੁੱਟਵੀਅਰ ਨਿਰਯਾਤ ਵਿੱਚ ਸਾਡੀ ਹਿੱਸੇਦਾਰੀ ਬਹੁਤ ਘੱਟ ਹੈ।
ਇਹ ਅੰਤਰ ਸਮਰੱਥਾ ਦੀ ਕਮੀ ਕਾਰਨ ਨਹੀਂ, ਸਗੋਂ ਮਟੀਰੀਅਲ (ਸਮੱਗਰੀ), ਡਿਜ਼ਾਈਨ ਅਤੇ ਕਾਰਜ ਪ੍ਰਦਰਸ਼ਨ ਦੇ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਕਾਰਨ ਹੈ। ਇਸ ਬਦਲਾਅ ਦੇ ਕੇਂਦਰ ਵਿੱਚ ਇੱਕ ਅਜਿਹੀ ਸ਼੍ਰੇਣੀ ਵੀ ਹੈ ਜਿਸ ਵੱਲ ਅਕਸਰ ਲੋਕਾਂ ਦਾ ਧਿਆਨ ਨਹੀਂ ਜਾਂਦਾ, ਉਹ ਹੈ- ਟੈਕਨੀਕਲ ਟੈਕਸਟਾਈਲ। ਮੈਂ ਇਸ ਨੂੰ ਹਾਲ ਹੀ ਵਿੱਚ ਆਪਣੀ ਆਗਰਾ ਯਾਤਰਾ ਦੌਰਾਨ ਹੋਰ ਵੀ ਸਪਸ਼ਟਤਾ ਨਾਲ ਸਮਝਿਆ। ਆਗਰਾ ਆਪਣੇ ਜੁੱਤਿਆਂ ਅਤੇ ਚੱਪਲਾਂ ਲਈ ਜਾਣਿਆ ਜਾਂਦਾ ਹੈ। ਉੱਥੋਂ ਦੇ ਉਤਪਾਦਨ ਸਮੂਹਾਂ ਵਿੱਚ ਘੁੰਮਦਿਆਂ ਅਤੇ ਨਿਰਮਾਤਾਵਾਂ ਨਾਲ ਗੱਲਬਾਤ ਕਰਦਿਆਂ ਇਹ ਸਪਸ਼ਟ ਹੋ ਗਿਆ ਕਿ ਉੱਥੇ ਇਨ੍ਹਾਂ ਦੇ ਉਤਪਾਦਨ ਵਿੱਚ ਨਵੀਨਤਾ ਪਹਿਲਾਂ ਹੀ ਕੀਤੀ ਜਾ ਰਹੀ ਹੈ। ਕਈ ਇਕਾਈਆਂ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਕਰ ਰਹੀਆਂ ਸਨ, ਜੋ ਬਹੁਤ ਆਰਾਮਦਾਇਕ, ਟਿਕਾਊ ਅਤੇ ਨਰਮ ਜੁੱਤੇ ਬਣਾ ਰਹੀਆਂ ਹਨ। ਪਰ ਇਨ੍ਹਾਂ ਵਿੱਚੋਂ ਕਈਆਂ ਨੇ ਇਨ੍ਹਾਂ ਨੂੰ ਟੈਕਨੀਕਲ ਟੈਕਸਟਾਈਲ ਵਜੋਂ ਨਹੀਂ ਦੱਸਿਆ। ਉਨ੍ਹਾਂ ਸਾਰਿਆਂ ਨੇ ਇਨ੍ਹਾਂ ਨੂੰ ਸਿਰਫ਼ ਅਜਿਹੇ ਬਿਹਤਰ ਸਾਧਨਾਂ ਵਜੋਂ ਦੇਖਿਆ ਜੋ ਉਪਭੋਗਤਾਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।
ਦਿੱਲੀ ਵਿੱਚ ਫੁੱਟਵੀਅਰ ਐਸੋਸੀਏਸ਼ਨ ਨਾਲ ਹੋਈ ਇੱਕ ਬੈਠਕ ਦੌਰਾਨ ਇਹ ਸਮਝ ਹੋਰ ਡੂੰਘੀ ਹੋਈ। ਉਦਯੋਗ ਜਗਤ ਦੇ ਹਿੱਸੇਦਾਰਾਂ ਨੇ ਖਪਤਕਾਰਾਂ ਦੀਆਂ ਬਦਲਦੀਆਂ ਉਮੀਦਾਂ ਬਾਰੇ ਦੱਸਿਆ, ਜਿਵੇਂ ਕਿ ਖਪਤਕਾਰ ਹੁਣ ਹਲਕੇ, ਬਿਹਤਰ ਕੁਸ਼ਨਿੰਗ ਵਾਲੇ, ਹਵਾਦਾਰ ਅਤੇ ਟਿਕਾਊ ਜੁੱਤੇ ਪਸੰਦ ਕਰਦੇ ਹਨ। ਇਹ ਹੁਣ ਕੇਵਲ ਮਹਿੰਗੇ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਨਹੀਂ ਰਹਿ ਗਈਆਂ ਸਨ, ਸਗੋਂ ਮਿਆਰੀ ਜ਼ਰੂਰਤਾਂ ਬਣਦੀਆਂ ਜਾ ਰਹੀਆਂ ਸਨ। ਇਸੇ ਚਰਚਾ ਦੌਰਾਨ ਮੇਰੇ ਵਿਭਾਗ ਨੇ ਇੱਕ ਮਹੱਤਵਪੂਰਨ ਨੁਕਤੇ ’ਤੇ ਚਾਨਣਾ ਪਾਇਆ: ਫੁੱਟਵੀਅਰ ਉਦਯੋਗ ਪਹਿਲਾਂ ਹੀ ਟੈਕਨੀਕਲ ਟੈਕਸਟਾਈਲ ਦੀ ਵਿਆਪਕ ਰੂਪ ਵਿੱਚ ਵਰਤੋਂ ਕਰ ਰਿਹਾ ਹੈ, ਭਾਵੇਂ ਇਸ ਨੂੰ ਰਸਮੀ ਤੌਰ ’ਤੇ ਮਾਨਤਾ ਨਾ ਦਿੱਤੀ ਗਈ ਹੋਵੇ।
ਉਸ ਅਹਿਸਾਸ ਨੇ ਪੂਰੀ ਚਰਚਾ ਦਾ ਸਰੂਪ ਹੀ ਬਦਲ ਦਿੱਤਾ। ਗਲੋਬਲ ਪੱਧਰ ’ਤੇ, ਫੁੱਟਵੀਅਰ ਉਦਯੋਗ ਸਾਲਾਨਾ ਲਗਭਗ 23.9 ਬਿਲੀਅਨ ਜੋੜੀ ਜੁੱਤਿਆਂ ਦਾ ਉਤਪਾਦਨ ਕਰਦਾ ਹੈ, ਜਿਸ ਦਾ ਬਾਜ਼ਾਰ ਆਕਾਰ ਕਰੀਬ 500 ਬਿਲੀਅਨ ਅਮਰੀਕੀ ਡਾਲਰ ਹੈ। ਭਾਰਤ ਗਲੋਬਲ ਉਤਪਾਦਨ ਵਿੱਚ ਲਗਭਗ 12.5 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ, ਫਿਰ ਵੀ ਨਿਰਯਾਤ ਵਿੱਚ ਇਸ ਦੀ ਹਿੱਸੇਦਾਰੀ ਸਿਰਫ 2 ਪ੍ਰਤੀਸ਼ਤ ਹੈ। ਇਹ ਅੰਕੜਾ ਸਾਡੀ ਸਮਰੱਥਾ ਅਤੇ ਗਲੋਬਲ ਸਥਿਤੀ ਦੇ ਵਿਚਕਾਰਲੇ ਸਪਸ਼ਟ ਅੰਤਰ ਨੂੰ ਦਰਸਾਉਂਦਾ ਹੈ। ਨਾਲ ਹੀ, ਦੁਨੀਆ ਭਰ ਦੇ ਲਗਭਗ 86 ਪ੍ਰਤੀਸ਼ਤ ਫੁੱਟਵੀਅਰ 'ਨੌਨ-ਲੈਦਰ' (ਗੈਰ-ਚਮੜਾ) ਹਨ, ਜਦਕਿ ਭਾਰਤ ਦਾ ਉਦਯੋਗ ਰਵਾਇਤੀ ਤੌਰ ’ਤੇ ਚਮੜੇ ’ਤੇ ਕੇਂਦ੍ਰਿਤ ਰਿਹਾ ਹੈ।
ਦੇਸ਼ ਵਿੱਚ ਵੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਸਾਲ 2025 ਵਿੱਚ ਭਾਰਤੀ ਫੁੱਟਵੀਅਰ ਬਾਜ਼ਾਰ ਦਾ ਆਕਾਰ 20.67 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਵਧਦੀ ਆਮਦਨ ਅਤੇ ਖਪਤਕਾਰਾਂ ਦੇ ਬਦਲਦੇ ਰੁਝਾਨਾਂ ਨੂੰ ਦਰਸਾਉਂਦਾ ਹੈ। ਹਾਲਾਂਕਿ, ਇੱਕ ਔਸਤ ਭਾਰਤੀ ਅਜੇ ਵੀ ਸਾਲ ਭਰ ਵਿੱਚ ਲਗਭਗ 2 ਜੋੜੀ ਜੁੱਤੇ ਹੀ ਖਰੀਦਦਾ ਹੈ, ਜਦਕਿ ਗਲੋਬਲ ਔਸਤ 7 ਤੋਂ 8 ਜੋੜੀ ਦਾ ਹੈ। ਜਿਵੇਂ-ਜਿਵੇਂ ਖਰੀਦਣ ਦੀ ਸਮਰੱਥਾ ਵਧੇਗੀ, ਖਪਤਕਾਰਾਂ ਦੀ ਪਸੰਦ 'ਆਰਾਮ' ਅਤੇ 'ਬਿਹਤਰ ਪ੍ਰਦਰਸ਼ਨ' ਹੋਵੇਗੀ। ਇਸ ਨੂੰ ਦੇਖਦੇ ਹੋਏ ਘਰੇਲੂ ਬਾਜ਼ਾਰ ਦਾ ਵਿਸਥਾਰ ਹੋਰ ਵੀ ਵਿਆਪਕ ਹੋਣ ਦੀ ਉਮੀਦ ਹੈ।
ਇਹੀ ਉਹ ਨੁਕਤਾ ਹੈ, ਜਿੱਥੇ ਟੈਕਨੀਕਲ ਟੈਕਸਟਾਈਲ ਵਿਕਾਸ ਦੇ ਅਗਲੇ ਪੜਾਅ ਲਈ ਮਹੱਤਵਪੂਰਨ ਬਣ ਜਾਂਦੇ ਹਨ। ਟੈਕਸਟਾਈਲ ਮੰਤਰਾਲੇ ਵਿੱਚ, ਇਸ ਤਬਦੀਲੀ ਨੂੰ 'ਸਮਾਰਟ, ਟਿਕਾਊ ਅਤੇ ਨਿਰਵਿਘਨ' ਫਰੇਮਵਰਕ ਦੇ ਮਾਧਿਅਮ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ। 'ਸਮਾਰਟ' ਫੁੱਟਵੀਅਰ ਤਕਨੀਕ ਅਤੇ ਡਿਜ਼ਾਈਨ ਦੇ ਵਧਦੇ ਏਕੀਕਰਨ ਨੂੰ ਦਰਸਾਉਂਦੇ ਹਨ। ਡਿਜੀਟਲ ਟੂਲਸ, ਏਆਈ ਅਧਾਰਿਤ ਮਾਡਲਿੰਗ ਅਤੇ ਫੁੱਟ ਸਕੈਨਿੰਗ ਦੇ ਮਾਧਿਅਮ ਰਾਹੀਂ ਹੁਣ ਵੱਡੇ ਪੱਧਰ ’ਤੇ ਨਿੱਜੀ ਜ਼ਰੂਰਤਾਂ ਦੇ ਅਨੁਕੂਲ ਹੱਲ ਸੰਭਵ ਹੋ ਰਹੇ ਹਨ। ਇਹ ਰੁਝਾਨ ਵਿਆਪਕ ਰੂਪ ਵਿੱਚ ਖਪਤਕਾਰਾਂ ਦੀਆਂ ਜ਼ਰੂਰਤਾਂ ਅਤੇ ਫੈਸ਼ਨ ਦੇ ਅਨੁਕੂਲ ਹੈ। ਸਾਲ 2025 ਵਿੱਚ, ਭਾਰਤ ਵਿੱਚ 28.9 ਮਿਲੀਅਨ ਸਮਾਰਟਵਾਚਾਂ ਦੀ ਵਿਕਰੀ ਦਰਜ ਕੀਤੀ ਗਈ, ਜਿਸ ਨਾਲ 780 ਮਿਲੀਅਨ ਅਮਰੀਕੀ ਡਾਲਰ ਦਾ ਮਾਲੀਆ ਪ੍ਰਾਪਤ ਹੋਇਆ। ਇਹ ਉਨ੍ਹਾਂ ਉਤਪਾਦਾਂ ਦੇ ਪ੍ਰਤੀ ਵਧਦੀ ਪਸੰਦ ਨੂੰ ਦਰਸਾਉਂਦਾ ਹੈ ਜੋ ਰੋਜ਼ਾਨਾ ਵਰਤੋਂ ਦੇ ਨਾਲ-ਨਾਲ ਅੱਜ ਦੇ ਸਮੇਂ ਦੇ ਅਨੁਕੂਲ ਵੀ ਹੋਣ। ਸਨੀਕਰ (ਹਲਕੇ ਰਬੜ ਦੇ ਜੁੱਤੇ) ਸ਼੍ਰੇਣੀ ਦੇ ਜੁੱਤੇ ਇਸ ਬਦਲਾਅ ਨੂੰ ਹੋਰ ਵੀ ਸਪਸ਼ਟ ਰੂਪ ਵਿੱਚ ਦਿਖਾਉਂਦੇ ਹਨ। ਅਨੁਮਾਨ ਹੈ ਕਿ ਇਹ ਸਾਲ 2024 ਦੇ 3.2 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2030 ਤੱਕ ਲਗਭਗ 6 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਜਾਣਗੇ, ਜਿਸ ਵਿੱਚ ਇਸ ਦੀ ਮਾਤਰਾ 55 ਮਿਲੀਅਨ ਜੋੜੀ ਤੋਂ ਵਧ ਕੇ 70 ਮਿਲੀਅਨ ਜੋੜੀ ਹੋ ਜਾਵੇਗੀ। ਖਪਤਕਾਰ ਸਪਸ਼ਟ ਤੌਰ ’ਤੇ ਅਜਿਹੇ ਫੁੱਟਵੀਅਰ ਖਰੀਦ ਰਹੇ ਹਨ, ਜੋ 'ਆਰਾਮਦਾਇਕ' ਹੋਣ ਅਤੇ 'ਦੇਖਣ ਵਿੱਚ ਵੀ ਸੁੰਦਰ' ਹੋਣ ਅਤੇ ਇੱਥੇ ਹੀ 'ਟੈਕਨੀਕਲ ਟੈਕਸਟਾਈਲ' ਇੱਕ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ।
ਟਿਕਾਊਪਣ ਵੀ ਇੱਕ ਨਿਰਣਾਇਕ ਕਾਰਕ ਬਣਦਾ ਜਾ ਰਿਹਾ ਹੈ। "ਰਿਸਾਈਕਲਡ ਪੀਈਟੀ ਪਲਾਸਟਿਕ ਅਤੇ 'ਬਾਇਓਡੀਗ੍ਰੇਡੇਬਲ' ਫਾਈਬਰ ਵਰਗੇ ਪਦਾਰਥ ਹੌਲੀ-ਹੌਲੀ ਉਤਪਾਦਨ ਦੀ ਮੁੱਖ ਧਾਰਾ ਵਿੱਚ ਪ੍ਰਵੇਸ਼ ਕਰ ਰਹੇ ਹਨ। ਭਾਰਤ ਲਈ, ਇਹ ਨਾ ਸਿਰਫ਼ ਇੱਕ ਵਾਤਾਵਰਨਕ ਜ਼ਰੂਰਤ ਹੈ, ਸਗੋਂ ਗਲੋਬਲ ਬਾਜ਼ਾਰਾਂ ਵਿੱਚ ਖੁਦ ਨੂੰ ਟਿਕਾਊ ਸਮੱਗਰੀ ਦੇ ਸਪਲਾਈਕਰਤਾ ਵਜੋਂ ਸਥਾਪਿਤ ਕਰਨ ਦਾ ਇੱਕ ਰਣਨੀਤਕ ਮੌਕਾ ਵੀ ਹੈ। ਇਸੇ ਤਰ੍ਹਾਂ, 'ਨਿਰਵਿਘਨ ਨਿਰਮਾਣ' ਦੀ ਦਿਸ਼ਾ ਵਿੱਚ ਵਧਦੇ ਕਦਮ ਵੀ ਪਰਿਵਰਤਨਕਾਰੀ ਸਾਬਤ ਹੋ ਰਹੇ ਹਨ। 3ਡੀ ਬੁਣਾਈ ਅਤੇ ਉੱਨਤ ਨਿਰਮਾਣ ਵਰਗੀਆਂ ਤਕਨੀਕਾਂ ਕੂੜੇ ਨੂੰ ਘਟਾ ਰਹੀਆਂ ਹਨ, ਕੁਸ਼ਲਤਾ ਵਿੱਚ ਸੁਧਾਰ ਕਰ ਰਹੀਆਂ ਹਨ ਅਤੇ ਉਤਪਾਦਨ ਚੱਕਰ ਨੂੰ ਤੇਜ਼ ਕਰ ਰਹੀਆਂ ਹਨ। ਇਸ ਨਾਲ ਨਿਰਮਾਤਾ ਨਿਰੰਤਰਤਾ ਅਤੇ ਗੁਣਵੱਤਾ ਬਣਾਈ ਰੱਖਦੇ ਹੋਏ ਖਪਤਕਾਰਾਂ ਦੀਆਂ ਬਦਲਦੀਆਂ ਮੰਗਾਂ ਦੇ ਪ੍ਰਤੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਤਪਾਦਨ ਕਰਨ ਵਿੱਚ ਸਮਰੱਥ ਹੋ ਰਹੇ ਹਨ।
ਇਸ ਬਦਲਾਅ ਨੂੰ ਹੋਰ ਵੀ ਮਜ਼ਬੂਤ ਬਣਾਉਣ ਵਾਲੀ ਗੱਲ ਹੈ ਭਾਰਤ ਦੇ ਮੌਜੂਦਾ ਇਕੋਸਿਸਟਮ ਦਾ ਪੈਮਾਨਾ। ਫੁੱਟਵੀਅਰ ਉਦਯੋਗ ਵਿੱਚ ਪਹਿਲਾਂ ਹੀ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ, ਜਿਸ ਵਿੱਚ ਲਗਭਗ 50 ਪ੍ਰਤੀਸ਼ਤ ਮਹਿਲਾਵਾਂ ਹਨ; ਇਸ ਕਰਕੇ ਇਹ ਸਮਾਵੇਸ਼ੀ ਰੁਜ਼ਗਾਰ ਦਾ ਇੱਕ ਵੱਡਾ ਜ਼ਰੀਆ ਬਣ ਗਿਆ ਹੈ। ਲਗਭਗ 2.9 ਅਰਬ ਜੋੜੀ ਜੁੱਤਿਆਂ ਦੇ ਸਾਲਾਨਾ ਉਤਪਾਦਨ ਦੇ ਨਾਲ, ਭਾਰਤ ਵਿੱਚ ਪ੍ਰਤੀ ਕਾਮਾ ਉਤਪਾਦਕਤਾ ਲਗਭਗ 4 ਤੋਂ 5 ਜੋੜੀ ਪ੍ਰਤੀ ਦਿਨ ਹੈ। ਇਸ ਦੀ ਤੁਲਨਾ ਵਿੱਚ, ਗਲੋਬਲ ਉਤਪਾਦਨ ਵਿੱਚ ਕਿਤੇ ਜ਼ਿਆਦਾ ਕੁਸ਼ਲਤਾ ਦੇਖਣ ਨੂੰ ਮਿਲਦੀ ਹੈ, ਜਿੱਥੇ ਮਜ਼ਦੂਰ ਪ੍ਰਤੀ ਦਿਨ ਲਗਭਗ 17 ਤੋਂ 20 ਜੋੜੀ ਜੁੱਤੇ ਬਣਾਉਂਦੇ ਹਨ। ਆਗਰਾ, ਕਾਨਪੁਰ, ਚੇਨਈ, ਰਾਨੀਪੇਟ, ਅੰਬੂਰ ਅਤੇ ਕੋਲਕਾਤਾ ਵਿੱਚ ਸਥਾਪਿਤ ਕਲੱਸਟਰ ਨਾ ਸਿਰਫ਼ ਉਤਪਾਦਨ ਦੇ ਕੇਂਦਰ ਹਨ, ਸਗੋਂ ਉਹ ਅਧਾਰ ਵੀ ਹਨ ਜਿਨ੍ਹਾਂ ’ਤੇ ਭਾਰਤ ਫੁੱਟਵੀਅਰ ਖੇਤਰ ਵਿੱਚ ਆਪਣੀ ਕੁਸ਼ਲਤਾ, ਮੁਕਾਬਲੇਬਾਜ਼ੀ ਅਤੇ ਗਲੋਬਲ ਲੀਡਰਸ਼ਿਪ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾ ਸਕਦਾ ਹੈ।
ਟੈਕਨੀਕਲ ਟੈਕਸਟਾਈਲ ਵੱਲ ਇਹ ਬਦਲਾਅ ਕਿਸੇ ਨਵੇਂ ਉਦਯੋਗ ਨੂੰ ਖੜ੍ਹਾ ਕਰਨ ਬਾਰੇ ਨਹੀਂ ਹੈ, ਸਗੋਂ ਇੱਕ ਮੌਜੂਦਾ ਉਦਯੋਗ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਬਾਰੇ ਹੈ। ਆਗਰਾ ਦੀ ਯਾਤਰਾ ਅਤੇ ਦਿੱਲੀ ਵਿੱਚ ਹੋਈਆਂ ਚਰਚਾਵਾਂ ਤੋਂ ਇੱਕ ਸਰਲ ਪਰ ਪ੍ਰਭਾਵਸ਼ਾਲੀ ਸਮਝ ਸਾਹਮਣੇ ਆਈ ਹੈ—ਫੁੱਟਵੀਅਰ ਵਿੱਚ ਟੈਕਨੀਕਲ ਟੈਕਸਟਾਈਲ ਕੋਈ ਉੱਭਰਦੀ ਹੋਈ ਧਾਰਨਾ ਨਹੀਂ ਹੈ। ਉਹ ਪਹਿਲਾਂ ਹੀ ਇਸ ਉਦਯੋਗ ਦਾ ਹਿੱਸਾ ਹਨ ਅਤੇ ਚੁੱਪਚਾਪ ਫੁੱਟਵੀਅਰ ਉਤਪਾਦਾਂ ਨੂੰ ਬਣਾਉਣ ਅਤੇ ਤਿਆਰ ਕਰਨ ਵਿੱਚ ਬਿਹਤਰ ਯੋਗਦਾਨ ਦੇ ਰਹੇ ਹਨ।
ਅਗਲਾ ਕੰਮ ਇਸ ਏਕੀਕਰਨ ਨੂੰ ਪਛਾਣਨਾ, ਵਿਵਸਥਿਤ ਕਰਨਾ ਅਤੇ ਇਸ ਦਾ ਵਿਸਥਾਰ ਕਰਨਾ ਹੈ। ਫੁੱਟਵੀਅਰ ਖੇਤਰ ਨੂੰ ਟੈਕਨੀਕਲ ਟੈਕਸਟਾਈਲ ਇਕੋਸਿਸਟਮ ਦੇ ਦਾਇਰੇ ਵਿੱਚ ਹੋਰ ਜ਼ਿਆਦਾ ਸਪਸ਼ਟ ਰੂਪ ਵਿੱਚ ਲਿਆਉਣ ਨਾਲ ਨਵੀਨਤਾ ਨੂੰ ਹੁਲਾਰਾ ਮਿਲ ਸਕਦਾ ਹੈ, ਨਿਰਯਾਤ ਵਧ ਸਕਦਾ ਹੈ ਅਤੇ ਉੱਚ ਗੁਣਵੱਤਾ ਵਾਲੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ਨਾਲ ਭਾਰਤ ਦੀਆਂ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਗਲੋਬਲ ਮੰਗ ਦੇ ਰੁਝਾਨਾਂ ਦੇ ਨਾਲ, ਖਾਸ ਕਰਕੇ ਨਾਨ-ਲੈਦਰ ਅਤੇ ਪਰਫਾਰਮੈਂਸ-ਅਧਾਰਿਤ ਸ਼੍ਰੇਣੀਆਂ ਵਿੱਚ, ਤਾਲਮੇਲ ਬਿਠਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
ਗਲੋਬਲ ਮੈਨੂਫੈਕਚਰਿੰਗ ਖੇਤਰ ਵਿੱਚ ਮੋਹਰੀ ਬਣਨ ਦੀ ਭਾਰਤ ਦੀ ਯਾਤਰਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਉਹ ਰਵਾਇਤੀ ਉਦਯੋਗਾਂ, ਉੱਨਤ ਸਮੱਗਰੀਆਂ ਅਤੇ ਆਧੁਨਿਕ ਡਿਜ਼ਾਈਨ ਦੇ ਸੰਗਮ ਦਾ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਉਂਦਾ ਹੈ। ਫੁੱਟਵੀਅਰ ਅਜਿਹਾ ਹੀ ਇੱਕ ਸੰਗਮ ਹੈ। ‘ਟੈਕਨੀਕਲ ਟੈਕਸਟਾਈਲ’ ਉਹ ਧਾਗਾ ਹੈ ਜੋ ਇਸ ਮੌਕੇ ਨੂੰ ਇੱਕ ਗਲੋਬਲ ਸਫਲਤਾ ਦੀ ਕਹਾਣੀ ਵਿੱਚ ਪਿਰੋਣ ਵਿੱਚ ਮਦਦ ਕਰ ਸਕਦਾ ਹੈ।
(ਲੇਖਕ ਕੇਂਦਰੀ ਟੈਕਸਟਾਈਲ ਮੰਤਰੀ ਹਨ। ਲੇਖ ਵਿੱਚ ਪ੍ਰਗਟ ਕੀਤੇ ਗਏ ਲੇਖਕ ਦੇ ਨਿੱਜੀ ਵਿਚਾਰ ਹਨ)
******
