ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਜਵੱਦੀ ਟਕਸਾਲ ਵਲੋਂ ਵਿਸ਼ੇਸ਼ ਸੈਮੀਨਾਰ 16 ਨੂੰ : ਸੰਤ ਅਮੀਰ ਸਿੰਘ ਜੀ.
ਲੁਧਿਆਣਾ 5 ਮਈ (ਪ੍ਰਿਤਪਾਲ ਸਿੰਘ ਪਾਲੀ)- ਸਰਬ ਸ਼ਕਤੀਮਾਨ ਪ੍ਰਮਾਤਮਾਂ ਦਾ ਚਿੰਤਨ ਤੇ ਮਨਨ ਕਰਨ ਵਾਲੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 650 ਵੀਂ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ ਵਿੱਚ ਜਵੱਦੀ ਟਕਸਾਲ ਵਲੋਂ ਸ਼ਨੀਵਾਰ 16 ਮਈ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ "ਬੇਗਮਪੁਰਾ ਦਾ ਸੰਕਲਪ" ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਨੇ ਆਪਣੇ ਯੁੱਗ ਦੀ ਲੋਕਾਈ ਵਾਸਤੇ ਇਕ ਉੱਚਾ-ਸੁੱਚਾ ਮਾਡਲ ਪ੍ਰਸਤੁਤ ਕੀਤਾ। ਆਪ ਜੀ ਦੀ ਬਾਣੀ ਸਮਾਜ ਸਮੁਦਾਇ ਭਾਈਚਾਰੇ ਨੂੰ ਵੀ ਬਹੁਭਾਂਤੀ ਉਲਝਣਾ ਤੋਂ ਬਚਾਉਣ ਲਈ ਉੱਚੀਆਂ ਰੂਹਾਨੀ ਅਤੇ ਸਦਾਚਾਰਕ ਮੰਜਲਾਂ ਸਰ ਕਰਨ ਦੀ ਸਮਰੱਥਾ ਰੱਖਦੀ ਹੈ। ਜਿਸ ਅਨੁਸਾਰ ਉਨ੍ਹਾਂ ਵਲੋਂ ਪ੍ਰਮਾਤਮਾਂ ਦੀ ਭਗਤੀ ਪ੍ਰਵਾਨ ਚੜ੍ਹੀ। ਭਗਤ ਜੀ ਨੇ ਆਪਣਾ ਸਮੁੱਚਾ ਜੀਵਨ ਲੋਕਾਈ ਲਈ ਨੈਤਿਕ ਅਤੇ ਰੂਹਾਨੀ ਜੀਵਨ ਮਾਰਗ 'ਤੇ ਤੁਰਨ ਵਾਸਤੇ ਪ੍ਰੇਰਿਆ। ਉਨ੍ਹਾਂ ਸਮੂੰਹ ਸੰਗਤਾਂ ਨੂੰ ਸਨੀਮਰ ਅਪੀਲ ਕੀਤੀ ਕਿ ਜਵੱਦੀ ਟਕਸਾਲ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸੈਮੀਨਾਰ ਵਿੱਚ ਉਚੇਚੇ ਤੌਰ 'ਤੇ ਪੁੱਜਣ ਵਾਲੇ ਵਿਦਵਾਨ ਮਹਾਂਪੁਰਸ਼ਾਂ, ਡਾਕਟਰ-ਪ੍ਰੋਫੈਸਰ ਸਕਾਲਰ ਸਹਿਬਾਨਾਂ ਦੇ ਵਿਚਾਰ ਸਰਵਣ ਕਰੀਏ ਅਤੇ ਭਗਤ ਜੀ ਦੀ ਮਹਾਨ ਕਰਨੀ ਨੂੰ ਸਿਜਦਾ ਕਰੀਏ। ਵਿਸ਼ੇਸ਼ ਸੈਮੀਨਾਰ 'ਚ ਸਮੂਲੀਅਤ ਕਰੀਏ।
