ਉਹ ... / ਅਸ਼ਵਨੀ ਜੇਤਲੀ 'ਪ੍ਰੇਮ'.

ਜੀਹਦੇ ਹੋਠਾਂ ਉੱਤੇ ਮਿੱਠੀ ਮੁਸਕਾਨ ਦਾ ਸੀ ਰੰਗ

ਜੀਹਨੂੰ ਵੇਖ ਰਹਿ ਜਾਂਦੀਆਂ ਸੀ ਪਰੀਆਂ ਵੀ ਦੰਗ
ਜੀਹਦੀ ਤੋਰ 'ਚ ਸੀ ਮੜ੍ਹਕ ਤੇ ਸ਼ਾਨ ਵਾਲਾ ਢੰਗ
ਜੀਹਦੇ ਨੈਣਾਂ ਵਿਚ ਸੰਗ ਵਾਲੀ ਧਾਰ ਸੀ
ਮੇਰੀ ਜ਼ਿੰਦਗੀ ਦਾ ਉਹੀ ਤਾਂ ਆਧਾਰ ਸੀ
ਜੀਹਦਾ ਮੁੱਖੜ੍ਹਾ ਸੀ ਅੱਗ ਦਾ ਜਿਉਂ ਗੋਲਾ ਦਗ਼ਦਾ          ਜੀਹਦਾ ਦਿਲ ਸੀ ਕੁਈ ਭਰ ਦਰਿਆ ਵਗਦਾ
ਜੀਹਦੇ ਸਾਹਾਂ ਵਿਚ ਸੂਰਜਾਂ ਦਾ ਤੇਜ ਮਘਦਾ
ਤੇ ਸੁਭਾਅ ਦੀ ਜੋ ਯਖ਼ ਠੰਢੀ ਸੀਤ ਸੀ
ਮਨ ਮੇਰੇ ਦੀ ਉਹੋ ਤਾਂ ਯਾਰੋ ਮੀਤ ਸੀ

ਜਦੋਂ ਮਿਲੇ ਸੀ, ਉਹ ਘੜੀ ਮੇਰਾ ਭਾਗ ਬਣੀ ਸੀ      ਉਹਦੀ ਮਿਲਣੀ ਹੀ ਜ਼ਿੰਦਗੀ ਦਾ ਸਾਜ਼ ਬਣੀ ਸੀ
ਮੇਰੇ ਕੰਨਾਂ ਲਈ ਸਕੂਨ ਵਾਲਾ ਰਾਗ ਬਣੀ ਸੀ
ਸਾਰੀ ਉਮਰਾ ਦਾ ਸੱਚਾ ਸੰਗੀਤ ਸੀ ਉਹ ਰੂਹ
ਮੇਰੀ ਕਵਿਤਾ, ਗ਼ਜ਼ਲ, ਅਤੇ ਗੀਤ ਸੀ ਉਹ ਰੂਹ

ਹੁਣ ਚੇਤੇ ਕਰ ਉਹਨੂੰ  ਦਿਲ ਪਰਚਾ ਲਈਦਾ
ਉਹਦੀ ਯਾਦ ਵਿੱਚ ਗੀਤ ਕੋਈ ਗਾ ਲਈਦਾ
ਸੀਨੇ ਵਿਚ ਸਾਰੇ ਗਮਾਂ ਨੂੰ ਛੁਪਾ ਲਈਦਾ      
ਟੁੱਟੀ ਅੱਧ ਵਿਚਕਾਰੋਂ, ਉਹ ਪੂਰੀ ਬਾਤ ਹੋਵੇਗੀ              ਕਿਸੇ ਅਗਲੇ ਜਨਮ ਮੁਲਾਕਾਤ ਹੋਵੇਗੀ