ਚਿੰਤਨ ਸ਼ਿਵਿਰ.

ਚਿੰਤਨ ਸ਼ਿਵਿਰ : ਸਾਂਝੇ ਦ੍ਰਿਸ਼ਟੀਕੋਣ ਰਾਹੀਂ ਭਾਰਤ ਵਿੱਚ ਖੇਡਾਂ ਦੇ ਭਵਿੱਖ ਨੂੰ ਦਿਸ਼ਾ ਦੇਣਾ


 
ਸ਼੍ਰੀ ਪੁਲੇਲਾ ਗੋਪੀਚੰਦ

ਦੋ ਚਿੰਤਨ ਸ਼ਿਵਿਰਾਂ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨ ਤੋਂ ਬਾਅਦ, ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਅੱਜ ਭਾਰਤੀ ਖੇਡ ਜਗਤ ਦੀ ਸਭ ਤੋਂ ਸਮਾਂਬੱਧ ਅਤੇ ਪ੍ਰਭਾਵਸ਼ਾਲੀ ਪਹਿਲਕਦਮੀਆਂ ਵਿੱਚੋਂ ਇੱਕ ਹੈ। ਅਸੀਂ ਆਪਣੇ ਰਾਸ਼ਟਰ ਦੀ ਖੇਡ ਯਾਤਰਾ ਦੇ ਇੱਕ ਮਹੱਤਵਪੂਰਨ ਮੋੜ ‘ਤੇ ਹਾਂ, ਇੱਕ ਅਜਿਹਾ ਮੋੜ ਜਿੱਥੇ ਇਰਾਦਾ, ਨਿਵੇਸ਼ ਅਤੇ ਪ੍ਰੇਰਣਾ ਮਿਸਾਲੀ ਤੌਰ ‘ਤੇ ਇਕੱਠੇ ਮਿਲ ਰਹੇ ਹਨ।
ਪਿਛਲੇ ਇੱਕ ਦਹਾਕੇ ਵਿੱਚ, ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਵਿੱਚ ਖੇਡ ਹਾਸ਼ੀਏ ਤੋਂ ਮੁੱਖਧਾਰਾ ਵਿੱਚ ਆ ਗਿਆ ਹੈ। ਇਸ ਦੀ ਮਹੱਤਤਾ ਵੱਲ ਵੀ ਸਾਫ ਤੌਰ ‘ਤੇ ਰਾਸ਼ਟਰੀ ਜਾਗਰੂਕਤਾ ਦੇਖੀ ਜਾ ਸਕਦੀ ਹੈ, ਨਾ ਸਿਰਫ਼ ਇੱਕ ਪ੍ਰਤੀਯੋਗੀ ਗਤੀਵਿਧੀ ਵਜੋਂ, ਸਗੋਂ ਸਿਹਤ, ਅਨੁਸ਼ਾਸਨ ਅਤੇ ਰਾਸ਼ਟਰੀ ਗੌਰਵ ਦੇ ਸਾਧਨ ਵਜੋਂ ਵੀ। ਅੱਜ, ਅਸੀਂ ਇੱਕ ਵਿਸ਼ਾਲ ਅਤੇ ਵੱਖ-ਵੱਖ ਪ੍ਰਣਾਲੀਆਂ ਦੇਖ ਰਹੇ ਹਾਂ, ਜਿੱਥੇ ਰਾਜ ਸਰਕਾਰਾਂ, ਗੈਰ –ਸਰਕਾਰੀ ਸੰਗਠਨ, ਨਿਗਮ, ਸੰਘ ਅਤੇ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਸਾਰੇ ਮਿਲ ਕੇ ਖੇਡਾਂ ਦੇ ਵਿਕਾਸ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇ ਰਹੇ ਹਨ।
ਚਿੰਤਨ ਸ਼ਿਵਿਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਸਾਰੇ ਹਿਤਧਾਰਕਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਂਦਾ ਹੈ। ਖੇਡਾਂ ਆਪਣੇ ਆਪ ਵਿੱਚ ਕਈ ਖੇਤਰਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਮੈਨੂਫੈਕਚਰਿੰਗ, ਮਨੋਰੰਜਨ, ਫਿਟਨੈੱਸ, ਮੀਡੀਆ ਅਤੇ ਸਿੱਖਿਆ ਸ਼ਾਮਲ ਹਨ। ਇਹ ਸ਼ਿਵਿਰ ਇਨ੍ਹਾਂ ਸਾਰੇ ਖੇਤਰਾਂ ਨੂੰ ਇਕੱਠੇ ਲਿਆਉਣ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਇੱਕ ਸਾਂਝਾ ਦ੍ਰਿਸ਼ਟੀਕੋਣ ਬਣਦਾ ਹੈ, ਜੋ ਕਿ ਲੰਬੇ ਸਮੇਂ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ। ਇਹ ਦੇਸ਼ ਦੇ ਸਮੂਹਿਕ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਨਾਲ ਹੀ ਵੱਖ-ਵੱਖ ਰਾਜਾਂ ਦੇ ਸਰਵੋਤਮ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਨਾਲ ਅਨੁਕਰਣ ਅਤੇ ਨਵਾਚਾਰ ਨੂੰ ਵੀ ਪ੍ਰੋਤਸਾਹਨ ਮਿਲਦਾ ਹੈ।

ਚਿੰਤਨ ਸ਼ਿਵਿਰ ਸਿਰਫ਼ ਇੱਕ ਸੰਮੇਲਨ ਤੋਂ ਕਿਤੇ ਵਧ ਕੇ ਇੱਕ ਸਿਖਲਾਈ ਵਿਧੀ ਹੈ। ਇਹ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ, ਚੁਣੌਤੀਆਂ ਨੂੰ ਸਮਝਣ ਅਤੇ ਮਿਲ ਕੇ ਹੱਲ ਵਿਕਸਿਤ ਕਰਨ ਦਾ ਮੌਕਾ ਦਿੰਦਾ ਹੈ। ਇਹ ਇੱਕ ਸ਼ਕਤੀਸ਼ਾਲੀ ਪ੍ਰੇਰਕ ਵਜੋਂ ਵੀ ਕੰਮ ਕਰਦਾ ਹੈ, ਸਫਲਤਾ ਦੀਆਂ ਸਾਰੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਇਸ ਵਿਚਾਰ ਨੂੰ ਹੋਰ ਪੁਖਤਾ ਕਰਦਾ ਹੈ ਕਿ ਭਾਰਤ ਵਿੱਚ ਖੇਡਾਂ ਸਿਰਫ ਵਿਸ਼ਿਸ਼ਟ ਮੈਡਲਾਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਸ ਵਿੱਚ ਸ਼ਮੂਲੀਅਤ, ਸਮਾਵੇਸ਼ ਅਤੇ ਰਾਸ਼ਟਰ ਨਿਰਮਾਣ ਵੀ ਸ਼ਾਮਲ ਹੈ।

ਫਿਟ ਇੰਡੀਆ ਮੂਵਮੈਂਟ ਵਰਗੀਆਂ ਪਹਿਲਕਦਮੀਆਂ, ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਅਤੇ ਸਾਈਕਲਿੰਗ ਮੁਕਾਬਲੇ ਵਰਗੀਆਂ ਭਾਈਚਾਰਕ ਗਤੀਵਿਧੀਆਂ ਨੇ ਖੇਡਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਨਵਾਂ ਰੂਪ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਜ਼ੋਰ ‘ਸਾਰਿਆਂ ਲਈ ਖੇਡਾਂ’ ਦੇ ਨਾਲ-ਨਾਲ ਉੱਚੇ ਪੱਧਰ ‘ਤੇ ਉੱਤਮਤਾ ‘ਤੇ ਹੈ। ਮੈਡਲ ਜਿੱਤਣ ਦੀਆਂ ਇੱਛਾਵਾਂ ਹੋਰ ਵਿਆਪਕ ਭਾਈਵਾਲੀ ਹੁਣ ਵੱਖ-ਵੱਖ ਮੁੱਦੇ ਨਹੀਂ ਹਨ, ਸਗੋਂ ਉਹ ਇੱਕ ਹੀ ਪ੍ਰਕਿਰਿਆ ਦਾ ਹਿੱਸਾ ਹਨ।
ਸ੍ਰੀਨਗਰ ਵਿੱਚ ਸ਼ਿਵਿਰ ਦਾ ਆਯੋਜਨ ਕਰਨ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਇਸ ਸ਼ਹਿਰ ਦੀ ਸ਼ਾਂਤ ਸੁੰਦਰਤਾ ਨਾ ਸਿਰਫ ਖੇਡਾਂ ਦੀ ਵਿਚਾਰਧਾਰਾ ਲਈ ਇੱਕ ਮਨਮੋਹਕ ਪਿਛੋਕੜ ਪ੍ਰਦਾਨ ਕਰਦੀ ਹੈ ਸਗੋਂ ਸ਼ਾਂਤ ਚਿੰਤਨ ਦੀ ਭਾਵਨਾ ਵੀ ਦਿੰਦੀ ਹੈ, ਜੋ ਕਿ ਸਾਰਥਕ ਸੰਵਾਦ ਲਈ ਬਹੁਤ ਜ਼ਰੂਰੀ ਹੈ।

ਇਸ ਚਿੰਤਨ ਸ਼ਿਵਿਰ ਦਾ ਇੱਕ ਅਹਿਮ ਕੇਂਦਰ ਬਿੰਦੂ ਸ੍ਰੀਨਗਰ ਖੇਡ ਸੰਕਲਪ ਨੂੰ ਅਪਣਾਉਣਾ ਸੀ। ਇਹ ਸੰਕਲਪ ਸਿਰਫ ਇੱਕ ਇਰਾਦੇ ਦਾ ਦਸਤਾਵੇਜ਼ ਨਹੀਂ ਹੈ, ਸਗੋਂ ਇੱਕ ਏਕੀਕ੍ਰਿਤ ਢਾਂਚਾ ਹੈ, ਜੋ ਕਿ ਭਾਰਤੀ ਖੇਡ ਜਗਤ ਦੇ ਸਾਰੇ ਹਿਤਧਾਰਕਾਂ ਦੀਆਂ ਇੱਛਾਵਾਂ ਨੂੰ ਇਕੱਠਾ ਕਰਦਾ ਹੈ। ਸਾਂਝੇ ਟੀਚਿਆਂ, ਤਰਜੀਹਾਂ ਅਤੇ ਜ਼ਿੰਮੇਵਾਰੀਆਂ ਨੂੰ ਸਾਫ ਤੌਰ ‘ਤੇ ਰੇਖਾਂਕਿਤ ਕਰਕੇ ਇਹ ਇੱਕ ਅਜਿਹਾ ਰੋਡਮੈਪ ਤਿਆਰ ਕਰਦਾ ਹੈ, ਜੋ ਕਿ ਵੰਡ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। 

ਸ੍ਰੀਨਗਰ ਖੇਡ ਸੰਕਲਪ ਦੀ ਅਸਲੀ ਤਾਕਤ ਵੱਖ-ਵੱਖ ਭਾਈਵਾਲਾਂ-ਸਰਕਾਰਾਂ, ਸੰਘਾਂ, ਨਿਜੀ ਖੇਤਰ ਅਤੇ ਨਾਗਰਿਕ ਸਮਾਜ ਨੂੰ ਇੱਕ ਮੰਚ ‘ਤੇ ਲਿਆਉਣ ਦੀ ਸਮਰੱਥਾ ਵਿੱਚ ਮੌਜੂਦ ਹੈ। ਇਹ ਇਸ ਵਿਚਾਰਧਾਰਾ ਨੂੰ ਹੋਰ ਪੁਖਤਾ ਕਰਦਾ ਹੈ ਕਿ ਭਾਰਤ ਦੇ ਖੇਡ ਜਗਤ ਦਾ ਉੱਥਾਨ ਵੱਖੋ-ਵੱਖਰੇ ਯਤਨਾਂ ਨਾਲ ਨਹੀਂ ਹੋ ਸਕਦਾ। ਇਸ ਦੀ ਬਜਾਏ, ਇਸ ਨੂੰ ਇੱਕ ਤਾਲਮੇਲ ਵਾਲਾ, ਸਹਿਯੋਗਾਤਮਕ ਦ੍ਰਿਸ਼ਟੀਕੋਣ ਨਾਲ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਸੰਸਾਧਨਾਂ, ਗਿਆਨ ਅਤੇ ਮੁਹਾਰਤ ਨੂੰ ਇਕੱਠਿਆਂ ਲਿਆਂਦਾ ਜਾਵੇ।

ਭਾਰਤ ਨੂੰ 2036 ਤੱਕ ਓਲੰਪਿਕਸ ਗੇਮਸ ਵਿੱਚ ਟੌਪ 10 ਦੇਸ਼ਾਂ ਵਿੱਚ ਸ਼ਾਮਲ ਹੋਣ ਦੀ ਆਪਣੀ ਲੰਬੇ ਸਮੇਂ ਦੀ ਇੱਛਾ ਨੂੰ ਪ੍ਰਾਪਤ ਕਰਨ ਲਈ ਇਹ ਤਾਲਮੇਲ ਬਹੁਤ ਮਹੱਤਵਪੂਰਨ ਹੈ। ਵਿਸ਼ਵ ਪੱਧਰੀ ਐਥਲੀਟ ਤਿਆਰ ਕਰਨ ਲਈ ਨਾ ਸਿਰਫ ਪ੍ਰਤਿਭਾ ਦੀ ਲੋੜ ਹੁੰਦੀ ਹੈ, ਸਗੋਂ ਇੱਕ ਸੁਚਾਰੂ ਪ੍ਰਣਾਲੀ ਵੀ ਲਾਜ਼ਮੀ ਹੁੰਦੀ ਹੈ, ਜਿਸ ਵਿੱਚ ਜ਼ਮੀਨੀ ਪੱਧਰ ‘ਤੇ ਪਛਾਣ, ਵਿਗਿਆਨਿਕ ਟ੍ਰੇਨਿੰਗ, ਬੁਨਿਆਦੀ ਢਾਂਚਾ, ਉੱਤਮ ਕੋਚਿੰਗ, ਪ੍ਰਤੀਯੋਗਿਤਾ ਦਾ ਅਨੁਭਵ ਅਤੇ ਨਿਰੰਤਰ ਵਿੱਤੀ ਅਤੇ ਸੰਸਥਾਗਤ ਸਮਰਥਨ ਸ਼ਾਮਲ ਹਨ। ਸੰਕਲਪ ਓਹੀ ਰਣਨੀਤਿਕ ਕੜੀ ਹੈ, ਜੋ ਇਨ੍ਹਾਂ ਸਾਰੇ ਤੱਤਾਂ ਨੂੰ ਇੱਕ ਯੋਜਨਾਬੱਧ ਪ੍ਰਣਾਲੀ ਨਾਲ ਜੋੜ ਸਕਦਾ ਹੈ। 

ਇਨ੍ਹਾਂ ਚਰਚਾਵਾਂ ਤੋਂ ਜੋ ਗੱਲ ਸਭ ਤੋਂ  ਵੱਧ ਉੱਭਰ ਕੇ ਸਾਹਮਣੇ ਆਈ ਹੈ, ਉਹ ਹੈ ਇਸ ਵਿਵਸਥਾ ਵਿੱਚ ਮੌਜੂਦ ਆਸ਼ਾਵਾਦ। ਸਾਰਿਆਂ ਦਾ ਇਹ ਮੰਨਣਾ ਹੈ ਕਿ ਭਾਰਤ ਦਾ ਖੇਡ ਭਵਿੱਖ ਉੱਜਵਲ ਹੈ ਅਤੇ ਸਹਿਯੋਗ ਨਾਲ ਅਸੀਂ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਉੱਚ ਪ੍ਰਦਰਸ਼ਨ ਵਾਲੇ ਖੇਡ ਸੱਭਿਆਚਾਰ ਦਾ ਨਿਰਮਾਣ ਕਰ ਸਕਦੇ ਹਾਂ। 
ਚਿੰਤਨ ਸ਼ਿਵਿਰ ਕਈ ਮਾਇਨਿਆਂ ਵਿੱਚ ਇੱਕ ਵਿਲੱਖਣ ਪ੍ਰਯੋਗ ਹੈ, ਪਰੰਤੂ ਇਹ ਪਹਿਲਾਂ ਤੋਂ ਹੀ ਸਫਲ ਸਾਬਤ ਹੋ ਰਿਹਾ ਹੈ। ਇਹ ਸੰਵਾਦ, ਤਾਲਮੇਲ ਅਤੇ ਆਪਸੀ ਸਮਝ ਦੇ ਮਹੱਤਵ ਨੂੰ ਦਰਸਾਉਂਦਾ ਹੈ। ਭਾਰਤ ਵਰਗੇ ਵਿਭਿੰਨਤਾ ਵਾਲੇ ਦੇਸ਼ ਲਈ, ਅਜਿਹੇ ਮੰਚ ਨਾ ਸਿਰਫ ਲਾਭਦਾਇਕ ਹਨ, ਸਗੋਂ ਜ਼ਰੂਰੀ ਵੀ ਹਨ।

ਜੇਕਰ ਅਸੀਂ ਆਲਮੀ ਖੇਡ ਮੰਚ ‘ਤੇ ਆਪਣੀਆਂ ਇੱਛਾਵਾਂ ਨੂੰ ਸਹੀ ਮਾਇਨੇ ਵਿੱਚ ਸਾਕਾਰ ਕਰਨਾ ਚਾਹੁੰਦੇ ਹਾਂ, ਤਾਂ ਇਨ੍ਹਾਂ ਸੰਵਾਦਾਂ ਦਾ ਜਾਰੀ ਰਹਿਣਾ ਅਤੇ ਇਨ੍ਹਾਂ ਨੂੰ ਸਮੂਹਿਕ ਕਾਰਵਾਈ ਰਾਹੀਂ ਮਦਦ ਮਿਲਣਾ ਵੀ ਜ਼ਰੂਰੀ ਹੈ। ਸ੍ਰੀਨਗਰ ਖੇਡ ਸੰਕਲਪ ਸਾਨੂੰ ਉਹ ਦਿਸ਼ਾ ਪ੍ਰਦਾਨ ਕਰਦਾ ਹੈ। ਚਿੰਤਨ ਸ਼ਿਵਿਰ ਸਾਨੂੰ ਉਹ ਮੰਚ ਪ੍ਰਦਾਨ ਕਰਦਾ ਹੈ। ਇਹ ਦੋਵੇਂ ਮਿਲ ਕੇ ਭਾਰਤ ਨੂੰ ਆਪਣੀ ਖੇਡ ਸਬੰਧੀ ਇੱਛਾਵਾਂ ਨੂੰ ਸਥਾਈ ਓਲੰਪਿਕ ਸਫਲਤਾ ਵਿੱਚ ਬਦਲਣ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦੇ ਹਨ।

(ਲੇਖਕ ਭਾਰਤੀ ਰਾਸ਼ਟਰੀ ਬੈੱਡਮਿੰਟਨ ਟੀਮ ਦੇ ਮੁੱਖ ਰਾਸ਼ਟਰੀ ਕੋਚ ਹਨ)