ਰੱਬ ਸੁਣ ਲੈਂਦਾ ਅਰਜ਼ ਜੇ ਮੇਰੀ .

ਰੱਬ ਸੁਣਦਾ ਜੇ ਅਰਜ਼ ਮੇਰੀ ਮੈਂ ਪੰਛੀ ਹੋ ਜਾਂਦਾ

ਉੱਚੀ ਮਾਰ ਉਡਾਰੀ ਨਵੀਆਂ ਸਿਖਰਾਂ ਛੋਹ ਜਾਂਦਾ 


ਚੂਰੀਆਂ ਖਾਂਦਾ ਕਾਗ ਮੈਂ ਬਣ ਕੇ

ਬੇਪਰਵਾਹ ਹੋ ਜਾ ਬਹਿੰਦਾ ਮੈਂ ਹਰ ਬਨੇਰੇ 'ਤੇ ਤਣ ਤਣ ਕੇ

ਕਾਲੇ ਰੰਗ ਨੂੰ ਵੇਖ ਲੋਕ ਨਾ ਟਿੱਚਰਾਂ ਕਰਦੇ

ਮੰਨ ਵੱਡ-ਵਡੇਰਾ ਆਪਣਾ ਮੇਰੀ ਪੂਜਾ ਕਰਦੇ

ਹੋ ਜਾਂਦਾ ਮਸ਼ਹੂਰ, ਤੇ ਚਰਚਾ ਮੇਰੀ ਹੁੰਦੀ

ਏਥੇ, ਓਥੇ, ਜਿੱਥੇ ਬਹਿ-ਖਲੋ ਜਾਂਦਾ 

ਰੱਬ ਸੁਣਦਾ ਅਰਜ਼ ਜੇ ਮੇਰੀ ਮੈਂ ਪੰਛੀ ਹੋ ਜਾਂਦਾ

ਉੱਚੀ ਮਾਰ ਉਡਾਰੀ ਨਵੀਆਂ ਸਿਖਰਾਂ ਛੋਹ ਜਾਂਦਾ 


ਮੋਰ ਜੇ ਬਣ ਜਾਂਦਾ ਮੈਂ ਕਿਧਰੇ

ਹੁੰਦੀ ਸੁੱਨਖੇਪਨ ਦੀ ਰੀਸ ਨਾ ਕੋਈ

ਨੱਚ-ਨੱਚ ਹਰ ਦੁੱਖ ਭੁੱਲ ਜਾਂਦਾ

ਦਿਲ ਵਿਚ ਰਹਿੰਦੀ ਚੀਸ ਨਾ ਕੋਈ

ਖੁਸ਼ਦਿਲੀ ਦਾ ਆਲਮ ਚਹੁੰ-ਪਾਸੀਂ ਮੈਂ ਕਰਕੇ

ਸਭਨਾਂ ਦੇ ਦਿਲ ਮੋਹ ਜਾਂਦਾ

ਰੱਬ ਸੁਣਦਾ ਅਰਜ਼ ਜੇ ਮੇਰੀ ਮੈਂ ਪੰਛੀ ਹੋ ਜਾਂਦਾ

ਉੱਚੀ ਮਾਰ ਉਡਾਰੀ ਨਵੀਆਂ ਸਿਖਰਾਂ ਛੋਹ ਜਾਂਦਾ 


ਹੁੰਦੀ ਪੂਰੀ ਰੀਝ ਜੇ ਦਿਲ ਦੀ, ਬਾਜ਼ ਮੈਂ ਹੁੰਦਾ 

ਖੰਭਾਂ 'ਚ ਹੁੰਦੀ ਜਾਨ ਬਹੁਤੇਰੀ, ਅੱਖ ਵੀ ਤਿੱਖੀ 

ਉੱਚੀਆਂ ਲੰਮੀਆਂ ਉਡਾਰੀਆਂ ਦਾ ਹੁੰਦਾ ਆਸ਼ਿਕ਼ 

ਹਰ ਉਡਾਣ ਹੀ ਲੱਗਦੀ ਮੈਨੂੰ ਬਹੁਤ ਹੀ ਨਿੱਕੀ 

ਹੁੰਦੀ ਜਦੋਂ ਬਰਸਾਤ ਤਾਂ ਉੱਚਾ ਬੱਦਲਾਂ ਤੋਂ ਵੀ ਹੋ ਜਾਂਦਾ

ਰੱਬ ਸੁਣਦਾ ਅਰਜ਼  ਜੇ ਮੇਰੀ ਮੈਂ ਪੰਛੀ ਹੋ ਜਾਂਦਾ,

ਉੱਚੀ ਮਾਰ ਉਡਾਰੀ ਸਿਖਰਾਂ ਨਵੀਆਂ ਛੋਹ ਜਾਂਦਾ !

                                                    ---  ਸਿਧਾਰਥ