ਭਾਰਤ ਦੇ ਬੱਚਿਆਂ ਨੂੰ ਭੋਜਨ ਦੇ ਇਲਾਵਾ ਵੀ ਹੋਰ ਚੀਜ਼ਾਂ ਦੀ ਜ਼ਰੂਰਤ ਹੈ.
ਕੁਝ ਸਮਾਂ ਪਹਿਲਾਂ, ਮੇਰੇ ਕਲੀਨਿਕ ਵਿੱਚ ਪੰਜ ਸਾਲ ਦੀ ਇੱਕ ਬੱਚੀ ਨੂੰ ਲਿਆਂਦਾ ਗਿਆ। ਉਹ ਆਪਣੀ ਉਮਰ ਦੇ ਬੱਚਿਆਂ ਦੀ ਤੁਲਨਾ ਵਿੱਚ ਵਿਕਾਸ ਦੇ ਕਈ ਪੜਾਵਾਂ ਵਿੱਚ ਪਿੱਛੇ ਲਗ ਰਹੀ ਸੀ। ਉਸ ਦੀ ਬੋਲਣ ਦੀ ਗਤੀ ਹੌਲੀ ਸੀ ਅਤੇ ਉਹ ਆਪਣੇ ਉਮਰ ਦੇ ਦੂਜੇ ਬੱਚਿਆਂ ਵਾਂਗ ਸਰਗਰਮ ਜਾਂ ਰੁੱਝੀ ਨਹੀਂ ਦਿਖ ਰਹੀ ਸੀ। ਉਸ ਦੇ ਵਿਕਾਸ ਦੇ ਮੁਲਾਂਕਣ ਵਿੱਚ ਉਹ ਤਿੰਨ ਸਾਲ ਦੀ ਬੱਚੇ ਦੇ ਪੱਧਰ 'ਤੇ ਪਾਈ ਗਈ। ਉਸ ਦੀ ਮਾਂ ਬਹੁਤ ਚਿੰਤਤ ਸੀ। ਬੱਚਾ ਬਿਮਾਰ ਨਹੀਂ ਸੀ। ਕੋਈ ਅਜਿਹੀ ਬਿਮਾਰੀ ਜਾਂ ਨਿਦਾਨ ਨਹੀਂ ਸੀ ਜੋ ਇਸ ਦੀ ਵਜ੍ਹਾ ਸਮਝਾ ਸਕੇ। ਪਰ ਜਦੋਂ ਅਸੀਂ ਕੋਵਿਡ-19 ਦੇ ਪਿਛਲੇ ਦੋ ਵਰ੍ਹਿਆਂ ਬਾਰੇ ਗੱਲ ਕੀਤੀ, ਤਾਂ ਤਸਵੀਰ ਸਪਸ਼ਟ ਹੋਣ ਲੱਗੀ। ਲੰਬੇ ਲੌਕਡਾਉਨ ਕਾਰਨ ਸਕੂਲ ਬੰਦ ਰਹੇ; ਉਹ ਜ਼ਿਆਦਾਤਰ ਸਮਾਂ ਘਰ ‘ਤੇ ਰਹੀ; ਖੇਡ ਦੀ ਥਾਂ ਸਕ੍ਰੀਨ ਨੇ ਲੈ ਲਈ ਅਤੇ ਭੋਜਨ ਪਹਿਲਾਂ ਦੀ ਤੁਲਨਾ ਵਿੱਚ ਵੱਧ ਸਾਧਾਰਨ ਅਤੇ ਸੀਮਤ ਹੋ ਗਏ। ਉਨ੍ਹਾਂ ਸ਼ਾਂਤ ਵਰ੍ਹਿਆਂ ਵਿੱਚ ਉਸ ਦੇ ਦਿਮਾਗ ਨੂੰ ਉਹ ਸਭ ਨਹੀਂ ਮਿਲ ਪਾਇਆ ਜਿਸ ਦੀ ਉਸ ਨੂੰ ਵਧਣ ਦੇ ਲਈ ਜ਼ਰੂਰਤ ਸੀ। ਉਹ ਕੋਈ ਅਪਵਾਦ ਨਹੀਂ ਸੀ। ਵੱਖ-ਵੱਖ ਕਲੀਨਿਕਾਂ ਵਿੱਚ ਬਾਲ ਰੋਗ ਮਾਹਿਰ ਅਤੇ ਵਿਕਾਸ ਮਾਹਿਰ ਇੱਕ ਹੀ ਤਰ੍ਹਾਂ ਦੀ ਸਥਿਤੀ ਦੇਖ ਰਹੇ ਸਨ- ਅਜਿਹੇ ਬੱਚੇ ਜੋ ਸਰੀਰਕ ਤੌਰ ‘ਤੇ ਤੰਦਰੁਸਤ ਸਨ, ਪਰ ਵਿਕਾਸ ਵਿੱਚ ਪਿੱਛੇ ਰਹਿ ਗਏ ਸਨ। ਇਹ ਵਾਇਰਸ ਦੀ ਵਜ੍ਹਾ ਨਾਲ ਨਹੀਂ ਸੀ, ਸਗੋਂ ਉਸ ਦੇ ਬਾਅਦ ਪੈਦਾ ਹੋਈਆਂ ਸਥਿਤੀਆਂ ਦੀ ਵਜ੍ਹਾ ਨਾਲ ਸੀ।
ਵਿਸ਼ਵ ਸਹਿਤ ਸੰਗਠਨ ਦੇ ਮੁਤਾਬਕ, ਦਿਮਾਗ ਦਾ 90% ਵਿਕਾਸ ਪੰਜ ਵਰ੍ਹੇ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ, ਜਿਸ ਨਾਲ ਸ਼ੁਰੂਆਤੀ ਵਰ੍ਹੇ ਬੱਚੇ ਦੇ ਬੋਧਾਤਮਕ, ਭਾਵਨਾਤਮਕ ਅਤੇ ਸਮਾਜਿਕ ਭਵਿੱਖ ਨੂੰ ਆਕਾਰ ਦੇਣ ਦਾ ਸਭ ਤੋਂ ਵੱਡਾ ਮੌਕਾ ਬਣ ਜਾਂਦੇ ਹਨ । ਇਸ ਦੌਰਾਨ ਬਣਨ ਵਾਲੇ ਤੰਤੂ ਸੰਪਰਕ ਸਿੱਖਣ, ਭਾਸ਼ਾ, ਯਾਦਦਾਸ਼ਤ ਅਤੇ ਜੀਵਨ ਭਰ ਲਚਕੀਲੇਪਣ ਨੂੰ ਮਜ਼ਬੂਤ ਕਰਦੇ ਹਨ।
ਇਸ ਮਿਆਦ ਵਿੱਚ ਸਹੀ ਪੋਸ਼ਣ ਪ੍ਰਾਪਤ ਕਰਨਾ ਸਭ ਤੋਂ ਸ਼ਕਤੀਸ਼ਾਲੀ ਨਿਵੇਸ਼ਾਂ ਵਿੱਚੋਂ ਇੱਕ ਹੈ ਜੋ ਅਸੀਂ ਕਰ ਸਕਦੇ ਹਾਂ। ਆਇਰਨ, ਜ਼ਿੰਕ ਅਤੇ ਸੇਲੇਨਿਯਮ ਜਿਹੇ ਸੂਖਮ ਪੋਸ਼ਕ ਤੱਤ, ਜਿਨ੍ਹਾਂ ਨੂੰ ਅਕਸਰ ਤੰਤੂ ਪੋਸ਼ਕ ਤੱਤ ਕਿਹਾ ਜਾਂਦਾ ਹੈ, ਸਿਹਤਮੰਦ ਦਿਮਾਗ ਵਿਕਾਸ ਅਤੇ ਕਾਰਜ ਦੇ ਲਈ ਜ਼ਰੂਰੀ ਹਨ। ਫਿਰ ਵੀ ਅੰਕੜੇ ਇੱਕ ਚਿੰਤਾਜਨਕ ਕਹਾਣੀ ਦੱਸਦੇ ਹਨ। ਸਿਰਫ ਆਇਰਨ ਦੀ ਕਮੀ ਭਾਰਤ ਵਿੱਚ ਪੰਜ ਵਰ੍ਹੇ ਤੋਂ ਘੱਟ ਉਮਰ ਦੇ ਲਗਭਗ 50% ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ (ਐੱਨਐੱਫਐੱਚਐੱਸ-5)। ਪੰਜ ਵਰ੍ਹੇ ਤੋਂ ਘੱਟ ਉਮਰ ਦੇ 67.1% ਬੱਚਿਆਂ ਵਿੱਚ ਅਨੀਮੀਆ ਦਰਜ ਕੀਤਾ ਗਿਆ, ਜੋ ਪਿਛਲੇ ਸਰਵੇਖਣ ਤੋਂ ਵੱਧ ਹੈ। 12-59 ਮਹੀਨੇ ਦੀ ਉਮਰ ਦੇ ਬੱਚਿਆਂ ਦੇ ਰਾਸ਼ਟਰੀ ਪੱਧਰ ‘ਤੇ ਪ੍ਰਤੀਨਿਧੀ ਵਿਸ਼ਲੇਸ਼ਣ ਸਹਿਤ ਹਾਲ ਹੀ ਦੇ ਸਬੂਤਾਂ ਤੋਂ ਪਤਾ ਚਲਿਆ ਹੈ ਕਿ 60% ਤੋਂ ਵੱਧ ਬੱਚਿਆਂ ਵਿੱਚ ਅਨੀਮੀਆ ਦੇ ਨਾਲ ਜਾਂ ਉਸ ਦੇ ਬਿਨਾ ਸੂਖਮ ਪੋਸ਼ਕ ਤੱਤ ਦੀ ਕਮੀ ਸੀ। ਇਹ ਸਿਰਫ ਹੀਮੋਗਲੋਬਿਨ ਦੀ ਸੰਖਿਆ ਤੋਂ ਕਿਤੇ ਵੱਧ ਵਿਆਪਕ ਪੋਸ਼ਣ ਸਬੰਧੀ ਮੰਤਰ ਵੱਲ ਇਸ਼ਾਰਾ ਕਰਦਾ ਹੈ।
ਡੋਕੋਸਾਹੇਕਸਾਨੋਇਕ ਐਸਿਡ (ਡੀਐੱਚਏ), ਇੱਕ �"ਮੇਗਾ-3 ਫੈਟੀ ਐਸਿਡ, ਦਿਮਾਗ ਦੇ ਬੁਨਿਆਦੀ ਢਾਂਚੇ, ਯਾਦਦਾਸ਼ਤ ਨਿਰਮਾਣ ਅਤੇ ਦ੍ਰਿਸ਼ ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਕੋਲੀਨ, ਇੱਕ ਹੋਰ ਜ਼ਰੂਰੀ ਪੋਸ਼ਕ ਤੱਤ, ਹੁਣ ਦਿਮਾਗ ਦੇ ਵਿਕਾਸ ਦੇ ਲਈ ਲਾਜ਼ਮੀ ਮੰਨਿਆ ਜਾਂਦਾ ਹੈ। ਜਦੋਂ ਮਾਵਾਂ ਗਰਭਵਾਤ ਦੌਰਾਨ ਕੋਲੀਨ ਦਾ ਸੇਵਨ ਕਰਦੀਆਂ ਹਨ, ਤਾਂ ਇਹ ਤੰਦਰੁਸਤ ਜੀਨ ਗਤੀਵਿਧੀ ਅਤੇ ਸੈੱਲ ਬਣਤਰ, ਅਤੇ ਦਿਮਾਗ ਦੇ ਪ੍ਰਮੁੱਖ ਖੇਤਰਾਂ – ਜਿਨ੍ਹਾਂ ਵਿੱਚ ਯਾਦ ਅਤੇ ਚਿੰਤਨ ਦੇ ਲਈ ਜ਼ਿੰਮੇਦਾਰ ਖੇਤਰ ਸ਼ਾਮਲ ਹਨ- ਦੇ ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਇਹ ਪੋਸ਼ਕ ਤੱਤ ਬੱਚੇ ਦੇ ਆਹਾਰ ਵਿੱਚ ਵਿਕਲਪਿਕ ਨਹੀਂ ਹਨ, ਸਗੋਂ ਉਨ੍ਹਾਂ ਦੀ ਸਮਰੱਥਾ ਦੇ ਮੂਲਭੂਤ ਹਨ।
ਬੱਚੇ ਦੇ ਜੀਵਨ ਵਿੱਚ ਮਹੱਤਵਪੂਰਨ ਪੋਸ਼ਣ ਸਬੰਧੀ ਦਖਲਅੰਦਾਜ਼ੀ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਦਿਮਾਗ ਦਾ ਵਿਕਾਸ ਭਰੂਣ ਅਵਸਥਾ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ, ਅਤੇ ਮਾਂ ਦੀ ਪੋਸ਼ਣ ਸਥਿਤੀ ਸਿੱਧੇ ਤੌਰ ‘ਤੇ ਉਸ ਤੰਤੂ ਅਧਾਰ ਨੂੰ ਆਕਾਰ ਦਿੰਦੀ ਹੈ ਜਿਸ ਨਾਲ ਬੱਚਾ ਜਨਮ ਲੈਂਦਾ ਹੈ। ਡੀਐੱਚਏ ਗਰਭ ਵਿੱਚ ਤੰਤੂ ਸੰਪਰਕ ਨੂੰ ਸਹਾਰਾ ਦਿੰਦਾ ਹੈ; ਗਰਭਅਵਸਥਾ ਦੌਰਾਨ ਆਇਰਨ ਅਤੇ ਫੋਲਿਕ ਐਸਿਡ ਦੀ ਵਰਤੋਂ ਜਨਮ ਸਮੇਂ ਘੱਟ ਵਜ਼ਨ ਅਤੇ ਵਿਕਾਸ ਵਿੱਚ ਦੇਰੀ ਦੇ ਜੋਖਮ ਨੂੰ ਘੱਟ ਕਰਦਾ ਹੈ। ਫਿਰ ਵੀ, ਭਾਰਤ ਵਿੱਚ ਸਿਰਫ਼ 44% ਗਰਭਵਤੀ ਮਹਿਲਾਵਾਂ ਨੇ ਸਿਫਾਰਸ਼ ਕੀਤੀਆਂ 180 ਜਾਂ ਉਸ ਤੋਂ ਵੱਧ ਦਿਨਾਂ ਤੱਕ ਆਇਰਨ-ਫੋਲਿਕ ਐਸਿਡ ਸਪਲੀਮੈਂਚਸ ਦੀ ਵਰਤੋਂ ਕੀਤੀ (ਐੱਨਐੱਫਐੱਚਐੱਸ-5), ਜੋ ਇੱਕ ਬਹੁਤ ਵੱਡਾ ਅਤੇ ਟੀਚਾਬੱਧ ਕਰਨ ਯੋਗ ਮੌਕਾ ਪੇਸ਼ ਕਰਦਾ ਹੈ।
ਇਹੀ ਕਾਰਨ ਹੈ ਕਿ ਕਿਸ਼ੌਰੀਆਂ ਵਿੱਚ ਨਿਵੇਸ਼ ਕਰਨਾ ਅਗਲੀ ਪੀੜ੍ਹੀ ਵਿੱਚ ਨਿਵੇਸ਼ ਕਰਨਾ ਹੈ। ਇੱਕ ਸਿਹਤਮੰਦ ਲੜਕੀ ਸਿਹਤਮੰਦ ਮਾਂ ਬਣਦੀ ਹੈ, ਅਤੇ ਇੱਕ ਸਿਹਤਮੰਦ ਮਾਂ ਆਪਣੇ ਬੱਚੇ ਨੂੰ ਸਰਵੋਤਮ ਸੰਭਵ ਸ਼ੁਰੂਆਤ ਦਿੰਦੀ ਹੈ। ਭਾਰਤ ਵਿੱਚ 59% ਕਿਸ਼ੌਰੀਆਂ ਵਿੱਚ ਅਨੀਮੀਆ ਦੀ ਸਮੱਸਿਆ ਹੈ, ਇਸ ਲਈ ਸਕੂਲਾਂ, ਭਾਈਚਾਰਕ ਪ੍ਰੋਗਰਾਮਾਂ ਅਤੇ ਟੀਚਾਬੱਧ ਪੂਰਕ ਆਹਾਰ ਦੇ ਜ਼ਰੀਏ ਨਾਲ ਇਸ ਸਮੂਹ ਨੂੰ ਤਰਜੀਹ ਦੇਣਾ ਸੰਪੂਰਨ ਸਿਹਤ ਸੰਭਾਲ ਵਿੱਚ ਪ੍ਰਭਾਵਸ਼ਾਲੀ ਉਪਾਵਾਂ ਵਿੱਚੋਂ ਇੱਕ ਹੈ।
ਹਾਲਾਂਕਿ ਪੋਸ਼ਣ ਮਹੱਤਵਪੂਰਨ ਹੈ, ਦਿਮਾਗ ਦੇ ਵਿਕਾਸ ਲਈ ਦੋ ਸਮਾਨਾਂਤਰ ਇਨਪੁਟਸ ਲਾਜ਼ਮੀ ਹਨ: ਢੁਕਵਾਂ ਪੋਸ਼ਣ ਅਤੇ ਸਮਾਜਿਕ-ਭਾਵਨਾਤਮਕ ਉਤੇਜਨਾ। ਮਹਾਮਾਰੀ ਨੇ ਇਸ ਨੂੰ ਸਸ਼ਕਤ ਤੌਰ ‘ਤੇ ਪ੍ਰਦਰਸ਼ਿਤ ਕੀਤਾ। ਯੂਨੀਸੈੱਫ ਦਾ ਅਨੁਮਾਨ ਹੈ ਕਿ ਆਲਮੀ ਪੱਧਰ ‘ਤੇ ਸੱਤ ਵਿੱਚੋਂ ਇੱਕ ਬੱਚੇ ਨੇ ਕੋਵਿਡ-19 ਦੇ ਦੌਰਾਨ ਵਿਕਾਸ ਜਾਂ ਸਿੱਖਣ ਵਿੱਚ ਮਹੱਤਵਪੂਰਨ ਨੁਕਸਾਨ ਦਾ ਅਨੁਭਵ ਕੀਤਾ, ਜੋ ਮੁੱਖ ਤੌਰ ‘ਤੇ ਬਿਮਾਰੀ ਕਾਰਨ ਨਹੀਂ, ਸਗੋਂ ਸਾਥੀਆਂ ਨਾਲ ਮੇਲ-ਜੋਲ, ਗੱਲਬਾਤ ਅਤੇ ਖੇਡ ਦੀ ਕਮੀ ਕਾਰਨ ਹੋਇਆ। ਸਕ੍ਰੀਨ ਨੇ ਮਨੁੱਖੀ ਸੰਪਰਕ ਦਾ ਸਥਾਨ ਲੈ ਲਿਆ, ਅਤੇ ਭਾਸ਼ਾ, ਸਰੀਰਕ ਅਤੇ ਸਮਾਜਿਕ ਵਿਕਾਸ ਪ੍ਰਭਾਵਿਤ ਹੋਇਆ।
ਜਵਾਬਦੇਹ ਦੇਖਭਾਲ, ਮੌਖਿਕ ਗੱਲਬਾਤ, ਸਪਰਸ਼ ਨਾਲ ਜੁੜਾਅ, ਅਤੇ ਇੱਕ ਉਤੇਜਕ ਵਾਤਾਵਰਣ ਦਿਮਾਗੀ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹਨ ਅਤੇ ਸਿਹਤਮੰਦ ਦਿਮਾਗ ਦੀ ਸੰਰਚਨਾ ਦੇ ਲਈ ਜ਼ਰੂਰੀ ਹਨ। ਸ਼ੁਰੂਆਤੀ ਬਚਪਨ ਦੇ ਪ੍ਰੋਗਰਾਮ ਜੋ ਪੋਸ਼ਣ ਸਬੰਧੀ ਸਹਾਇਤਾ ਅਤੇ ਵਿਕਾਸ ਸਬੰਧੀ ਉਤੇਜਨਾ ਦੋਵਾਂ ਨੂੰ ਏਕੀਕ੍ਰਿਤ ਕਰਦੇ ਹਨ, ਅਜਿਹੇ ਪਰਿਣਾਮ ਦਿੰਦੇ ਹਨ ਜੋ ਇਨ੍ਹਾਂ ਵਿੱਚੋਂ ਕੋਈ ਵੀ ਇਕੱਲੇ ਪ੍ਰਾਪਤ ਨਹੀਂ ਕਰ ਸਕਦਾ। ਭਾਰਤ ਦਾ ਪ੍ਰੋਗਰਾਮ ਢਾਂਚਾ ਇਸ ‘ਤੇ ਅਮਲ ਕਰਨ ਦੇ ਲਈ ਚੰਗੀ ਸਥਿਤੀ ਵਿੱਚ ਹੈ। ਪੋਸ਼ਣ ਅਭਿਆਨ ਅਤੇ ਪੀਐੱਮ ਪੋਸ਼ਣ ਜਿਹੇ ਪ੍ਰੋਗਰਾਮ ਪਹਿਲਾਂ ਤੋਂ ਹੀ ਦੇਸ਼ ਭਰ ਵਿੱਚ ਲੱਖਾਂ ਮਾਵਾਂ ਅਤੇ ਛੋਟੇ ਬੱਚਿਆਂ ਤੱਕ ਪਹੁੰਚ ਰਹੇ ਹਨ।
ਪੋਸ਼ਣ ਪਖਵਾੜਾ ਜਿਹੀ ਪਹਿਲ ਪੋਸ਼ਣ ਦੇ ਇਰਦ-ਗਿਰਦ ਲਗਾਤਾਰ, ਭਾਈਚਾਰਕ ਪੱਧਰ ‘ਤੇ ਲਾਮਬੰਦੀ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਵੰਡ ਢਾਂਚਾ, ਜਿਸ ਵੱਚ ਆਂਗਨਵਾੜੀ ਨੈੱਟਵਰਕ, ਫਰੰਟਲਾਈਨ ਵਰਕਰ ਅਤੇ ਭਾਈਚਾਰਕ ਪੱਧਰ ‘ਤੇ ਪਹੁੰਚ ਸ਼ਾਮਲ ਹੈ, ਸਥਾਪਿਤ ਹੈ। ਹੁਣ ਮੌਕਾ ਇਹ ਹੈ ਕਿ ਇਸ ਢਾਂਚੇ ਤੋਂ ਮਿਲਣ ਵਾਲੇ ਲਾਭਾਂ ਨੂੰ ਹੋਰ ਵੱਧ ਵਧਾਇਆ ਜਾਵੇ।
ਉਚਿਤ ਟ੍ਰੇਨਿੰਗ ਅਤੇ ਸਹਿਯੋਗ ਨਾਲ, ਉਹ ਸਰੀਰਕ ਵਿਕਾਸ ‘ਤੇ ਨਜ਼ਰ ਰੱਖਣ ਤੋਂ ਲੈ ਕੇ ਮਾਤਾ-ਪਿਤਾ ਨੂੰ ਸ਼ੁਰੂਆਤੀ ਪ੍ਰੋਤਸਾਹਨ, ਸੰਵੇਦਨਸ਼ੀਲ ਦੇਖਭਾਲ ਅਤੇ ਬਾਲ ਵਿਕਾਸ ਪ੍ਰਥਾਵਾਂ ‘ਤੇ ਮਾਰਗਦਰਸ਼ਨ ਦੇਣ ਤੱਕ ਆਪਣੀ ਭੂਮਿਕਾ ਦਾ ਵਿਸਤਾਰ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈੱਫ ਦੇ ਨਰਚਰਿੰਗ ਕੇਅਰ ਫ੍ਰੇਮਵਰਕ ਨੂੰ ਏਕੀਕ੍ਰਿਤ ਕਰਨਾ, ਜੋ ਪੋਸ਼ਣ, ਸਿਹਤ, ਸੁਰੱਖਿਆ, ਸ਼ੁਰੂਆਤੀ ਸਿੱਖਿਆ ਅਤੇ ਦੇਖਭਾਲ ਨੂੰ ਇੱਕ ਸੁਸੰਗਤ ਇਕਾਈ ਵਿੱਚ ਜੋੜਦਾ ਹੈ, ਇਸ ਵਿਕਾਸ ਦੇ ਲਈ ਇੱਕ ਸਪਸ਼ਟ ਅਤੇ ਵਿਗਿਆਨਕ ਰੋਡਮੈਪ ਪ੍ਰਦਾਨ ਕਰਦਾ ਹੈ। ਇਹ ਟੀਚਾ ਬੱਚਿਆਂ ਨੂੰ ਭੋਜਨ ਕਰਵਾਉਣ ਤੋਂ ਅੱਗੇ ਵਧਾ ਕੇ ਉਨ੍ਹਾਂ ਨੂੰ ਅਸਲ ਵਿੱਚ ਫਲਣ-ਫੁੱਲਣ ਵਿੱਚ ਮਦਦ ਕਰਨ ਦੇ ਵੱਲ ਲੈ ਜਾਂਦਾ ਹੈ।
ਸ਼ੁਰੂਆਤੀ ਬਚਪਣੇ ਵਿੱਚ ਪੋਸ਼ਣ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਲਾਭ ਦੇਣ ਵਾਲਾ ਨਿਵੇਸ਼ ਹੈ। ਜਦੋਂ ਬੱਚਿਆਂ ਨੂੰ ਉਨ੍ਹਾਂ ਦੇ ਵਿਕਸਿਤ ਹੁੰਦੇ ਦਿਮਾਗ ਲਈ ਜ਼ਰੂਰੀ ਪੋਸ਼ਕ ਤੱਤ, ਸਹੀ ਦੇਖਭਾਲ ਦਾ ਵਾਤਾਵਰਣ ਅਤੇ ਸਹੀ ਮਾਨਸਿਕ ਅਤੇ ਸਮਾਜਿਕ ਪ੍ਰੋਤਸਾਹਨ ਮਿਲਦਾ ਹੈ ਤਾਂ ਉਸ ਦਾ ਲਾਭ ਪੂਰੀ ਜ਼ਿੰਦਗੀ ਮਿਲਦਾ ਹੈ। ਅਜਿਹੇ ਬੱਚੇ ਬਿਹਤਰ ਵਿਦਿਆਰਥੀ ਬਣਦੇ ਹਨ, ਅੱਗੇ ਚੱਲ ਕੇ ਵਧੇਰੇ ਸਮਰੱਥ ਅਤੇ ਉਤਪਾਦਕ ਨਾਗਰਿਕ ਬਣਦੇ ਹਨ, ਅਤੇ ਸਮਾਜ ਵੀ ਵਧੇਰੇ ਮਜ਼ਬੂਤ ਅਤੇ ਸਮਰੱਥ ਬਣਦਾ ਹੈ। ਭਾਰਤ ਕੋਲ ਵਿਕਸਿਤ ਭਾਰਤ ਦਾ ਸੁਪਨਾ ਹੈ। ਉਸ ਕੋਲ ਵਿਵਸਥਾਵਾਂ ਹਨ। ਉਸ ਕੋਲ ਵਿਗਿਆਨ ਹੈ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਸ਼ੁਰੂਆਤੀ ਬਚਪਨ ਦੇ ਪੋਸ਼ਣ ਨੂੰ ਸਿਰਫ਼ ਭਲਾਈ ਯੋਜਨਾਵਾਂ ਦਾ ਹਿੱਸਾ ਨਾ ਮੰਨਿਆ ਜਾਵੇ, ਸਗੋਂ ਉਸ ਨੂੰ ਉਸ ਬੁਨਿਆਦ ਦੇ ਰੂਪ ਵਿੱਚ ਦੇਖਿਆ ਜਾਵੇ, ਜਿਸ ‘ਤੇ ਬਾਕੀ ਸਭ ਕੁਝ ਟਿਕਿਆ ਹੈ।
(ਲੇਖਕ, ਨਵੀਂ ਦਿੱਲੀ ਦੇ ਮਧੁਕਰ ਰੇਨਬੋ ਚਿਲਡਰਨਸ ਹਸਪਤਾਲ ਵਿੱਚ ਪੀਡੀਆਟ੍ਰਿਕ ਗੈਸਟ੍ਰੋਐਂਟ੍ਰੋਲੌਜੀ ਦੇ ਸੀਨੀਅਰ ਸਲਾਹਕਾਰ ਅਤੇ ਨਿਊਟ੍ਰੀਸ਼ੀਅਨ ਸੋਸਾਇਟੀ ਆਫ ਇੰਡੀਆ (ਐੱਨਐੱਸਆਈ) ਦੇ ਮੁਖੀ ਹਨ।)
*****
