ਜਵੱਦੀ ਟਕਸਾਲ ਵਿਖੇ ਬੇਗਮਪੁਰਾ ਵਿਸ਼ੇ 'ਤੇ ਸੈਮੀਨਾਰ ਅੱਜ.

ਲੁਧਿਆਣਾ 15 ਮਈ ( ਪ੍ਰਿਤਪਾਲ ਸਿੰਘ ਪਾਲੀ)  - ਜਵੱਦੀ ਟਕਸਾਲ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਸ਼ੁਭ ਦਿਹਾੜੇ ਮਹੀਨਾਵਾਰੀ ਸਮਾਗਮ ਕਰਵਾਏ ਗਏ। ਸੰਤ ਬਾਬਾ ਅਮੀਰ ਸਿੰਘ ਜੀ ਨੇ ਬਾਰਹ ਮਾਹ ਤੁਖਰੀ ਅਤੇ ਮਾਂਝ ਦੇ ਹਵਾਲਿਆਂ ਨਾਲ ਗੁਰਬਾਣੀ ਸ਼ਬਦਾਂ ਦੀ ਜੀਵਨ ਵਿਚ ਅਹਿਮੀਅਤ ਨੂੰ ਸਮਝਾਉਂਦਿਆਂ ਫ਼ੁਰਮਾਇਆ ਕਿ ਪਰਮਾਤਮਾ ਦਾ ਪਵਿੱਤਰ ਨਾਮ ਸੱਚੇ ਗੁਰੂ ਗਿਆਨ ਅਤੇ ਗੁਰੂ ਦੀ ਸੰਗਤ ਕਰਦਿਆਂ, ਦੁਰਲਭ ਮਨੁੱਖਾ ਜਨਮ ਸਫਲ ਕਰਨ ਦਾ ਸਬੱਬ ਬਣਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨਾਲ ਜੁੜ ਕੇ, ਉਸਦੀ ਸ਼ਰਨ ਪਿਆਂ ਦੀ ਉਹ ਰੱਖਿਆ ਕਰਦਾ ਹੈ। ਮਨੁੱਖ ਪ੍ਰਭੂ ਨਾਮ ਨਾਲ ਜੁੜ ਕੇ ਜਮਾਂ ਦੀ ਫਾਹੀ  ਤੋਂ ਬਚਿਆ ਰਹਿੰਦਾ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਜਿਹਾ ਕੀਮਤੀ ਮੋਤੀ ਹੈ। ਜਿਸ ਨੂੰ ਪ੍ਰਾਪਤ ਕਰਨ ਵਾਲੇ ਜੀਵ ਤੋਂ ਕੋਈ "ਨਾਮ" ਕੋਈ ਖੋਹ ਨਹੀਂ ਸਕਦਾ, ਨਾ ਕੋਈ ਚੋਰੀ ਕੇ ਸਕਦਾ ਹੈ। ਇਸ ਕਰਕੇ ਜੇਕਰ ਸੱਚੇ ਗੁਰੂ ਦਾ ਸਾਥ ਮਿਲ ਜਾਵੇ ਤਾਂ ਹੀ ਰੂਹਾਨੀ ਜੀਵਨ ਮਿਲ ਸਕਦਾ ਹੈ। ਜਿਸ ਵਿੱਚ ਅਸਲ ਆਨੰਦ ਹੈ, ਜਿਸ ਮਨੁੱਖ ਦੇ ਮੱਥੇ ਦੇ ਭਾਗ ਪ੍ਰਗਟ ਹੋਣ ਉਸਨੂੰ ਮਨੁੱਖਾ ਜੀਵਨ ਰੂਪੀ ਜੇਠ ਦਾ ਮਹੀਨਾ ਦੁਖਦਾਇਕ ਨਹੀਂ ਬਲਕਿ ਰੰਗਲ ਤੇ ਆਨੰਦ ਦਾਇਕ ਬਣਿਆ ਰਹਿੰਦਾ ਹੈ।

ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650 ਵੀਂ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ 'ਚ ਅੱਜ ਦੇ ਸੈਮੀਨਾਰ ਵਿੱਚ ਡਾ. ਹਰਜੋਧ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਹੋਣਗੇ, ਜਦਕਿ ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਜਸਪਾਲ ਸਿੰਘ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ।ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਮਹਿਮਾਨ ਹੋਣਗੇ। ਸੈਮੀਨਾਰ ਦੇ ਭਾਸ਼ਣਾਂ ਦੀ ਆਰੰਭਤਾ ਪ੍ਰੋ: ਗੁਰਨੇਕ ਸਿੰਘ ਸਾਬਕਾ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਕਰਨਗੇ, ਮੁੱਖ ਭਾਸ਼ਣ ਪ੍ਰੋਫੈਸਰ ਅਮਰ ਸਿੰਘ ਡਾਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੋਵੇਗਾ। ਜਦਕਿ ਵਿਦਵਾਨ ਵਕਤੇ ਸੰਤ ਬਾਬਾ ਤੇਜਾ ਸਿੰਘ ਜੀ  ਨਿਰਮਲ ਭੇਖਰਤਨ ਖੁੱਡੇ ਵਾਲੇ, ਉੱਘੇ ਸਿੱਖ ਚਿੰਤਕ ਸ੍ਰ: ਅਨੁਰਾਗ ਸਿੰਘ,  ਪ੍ਰੋ: ਰਵੇਲ ਸਿੰਘ, ਪ੍ਰੋ: ਰੌਣਕੀ ਰਾਮ ਸਾਬਕਾ ਪ੍ਰੋਫੈਸਰ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਦਿ ਖੋਜ ਭਰਪੂਰ ਪਰਚੇ ਪੜ੍ਹਨਗੇ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੈਮੀਨਾਰ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ।