ਸੁੱਖੀ ਬੱਲ ਦਾ ਸਨਮਾਨ.
ਫਿਲਮ ਕਲਾਕਾਰ, ਮਾਊਂਨਟੇਨਰ ਸੁੱਖੀ ਬੱਲ ਦਾ ਜਰਖੜ ਖੇਡ ਸਟੇਡੀਅਮ ਪੁੱਜਣ ਤੇ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ " ਨਾਲ ਹੋਇਆ ਸਨਮਾਨ
ਲੁਧਿਆਣਾ / ਡੇਹਲੋਂ 18 ਮਈ (ਗੀਤਾ ਸਕਸੈਨਾ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਰਜਿਸਟਰ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ olympion ਪ੍ਰਿਥੀਪਾਂਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਮੈਚਾਂ ਦੌਰਾਨ ਬੀਤੀ ਰਾਤ ਹੁਣੇ ਹੁਣੇ ਨੇਪਾਲ ਦੀ ਹਿਮਾਲਿਆ ਪਹਾੜੀ ਅੰਮਾ ਡਬਲਮ ਨੂੰ ਸਰ ਕਰਨ ਵਾਲੀ ਪੰਜਾਬ ਦੀ ਪਹਿਲੀ ਨੌਜਵਾਨ ਧੀ , ਫਿਲਮ ਕਲਾਕਾਰ ,ਕੌਮੀ ਅਥਲੀਟ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਦਾ ਜਰਖੜ ਸਟੇਡੀਅਮ ਵਿਖੇ ਪੁੱਜਣ ਤੇ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਜਰਖੜ ਟਰੱਸਟ ਵਲੋਂ ਉਹਨਾਂ ਨੂੰ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ" ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁੱਖੀ ਬੱਲ ਨੇ ਜਿੱਥੇ ਟੂਰਨਾਮੈਂਟ ਦੀਆਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਉਥੇ ਉਹਨਾਂ ਨੇ ਆਪਣੇ ਸਨਮਾਨ ਬਾਰੇ ਬੋਲਦਿਆ ਆਖਿਆ ਕਿ ਇਹ ਸਨਮਾਨ ਉਹਨਾਂ ਦੀ ਸਮਰਪਿਤ ਭਾਵਨਾ, ਮਿਹਨਤ , ਅਤੇ ਜ਼ਿੰਦਗੀ ਦੇ ਹੋਰ ਟੀਚੇ ਸਰ ਕਰਨ ਨੂੰ ਹੋਰ ਹੌਸਲਾ ਦੇਵੇਗਾ । ਉਹਨਾਂ ਆਖਿਆ ਕਿ ਜਰਖੜ ਖੇਡਾਂ ਨੇ ਤੰਦਰੁਸਤ ਸਮਾਜ ਅਤੇ ਅੱਗੇ ਵੱਧਦਾ ਪੰਜਾਬ ਸਿਰਜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੁਖੀ ਬੱਲ ਨੇ ਆਖਿਆ ਕਿ ਉਹਨਾਂ ਦਾ ਪਰਿਵਾਰ ਵੀ ਖੇਡਾਂ ਨੂੰ ਹੀ ਸਮਰਪਿਤ ਹੈ ਉਹ ਖੁਦ ਕੌਮੀ ਪੱਧਰ ਦੀ ਅਥਲੀਟ ਰਹੀ ਹੈ ਉਹਨਾਂ ਦੇ ਪਿਤਾ ਰਣਜੀਤ ਸਿੰਘ ਬੱਲ ਜਿੱਥੇ ਕਬੱਡੀ ਦੇ ਨਾਮੀ ਖਿਡਾਰੀ ਸੀ ਉਹਨਾਂ ਦਾ ਭਰਾ ਕੌਮੀ ਪੱਧਰ ਤੇ ਬਾਸਕਟਬਾਲ ਖੇਡਦਾ ਹੈ। ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨਾਲ ਖੇਡਾਂ ਸਬੰਧੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਸੁਖੀ ਬੱਲ ਨੇ ਆਖਿਆ ਕਿ ਜੇਕਰ ਪੰਜਾਬ ਦੇ ਹਰ ਪਿੰਡ ਵਿੱਚ ਜਰਖੜ ਵਰਗੀ ਖੇਡ ਸਹੂਲਤ ਨੌਜਵਾਨਾਂ ਨੂੰ ਮਿਲੇ ਤਾਂ ਪੰਜਾਬ ਕੁਝ ਦਿਨਾਂ ਵਿੱਚ ਹੀ ਆਪਣੇ ਆਪ ਡਰੱਗ ਮੁਕਤ ਸੂਬਾ ਬਣ ਸਕਦਾ ਹੈ।
ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਸੁੱਖੀ ਬੱਲ ਨੂੰ ਜੀ ਆਇਆ ਆਖਦਿਆਂ ਦਸੰਬਰ ਮਹੀਨੇ ਹੋਣ ਵਾਲੀਆਂ ਜਰਖੜ ਖੇਡਾਂ ਲਈ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ, ਅਮਰੀਕ ਸਿੰਘ ਮਿਨਹਾਸ ਏਆਈਜੀ ,ਗੁਰਸਤਿੰਦਰ ਸਿੰਘ ਪ੍ਰਗਟ , ਤਜਿੰਦਰ ਸਿੰਘ ਜਰਖੜ ਸ਼ਿੰਗਾਰਾ ਸਿੰਘ ਜਰਖੜ ਅਤੇ ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ , ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
