ਕੈਮਿਸਟਾਂ ਦੀ ਹੜਤਾਲ.

ਦੇਸ਼ ਭਰ ਦੇ ਕੈਮਿਸਟਾਂ ਨੇ ਕੀਤੀ ਹੜਤਾਲ ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ

 

ਲੁਧਿਆਣਾ (ਅਭਿਸ਼ੇਕ ਸ਼ਰਮਾ) : ਦੇਸ਼ ਭਰ ਦੇ ਕੈਮਿਸਟਾਂ ਨੇ ਅੱਜ ਹੜਤਾਲ ਕਰਕੇ ਈ ਫਾਰਮੇਸੀ ਦੇ ਵੱਧ ਰਹੇ ਕਾਰੋਬਾਰ ਅਤੇ ਮਾਰਕੀਟ ਵਿਚ ਨਕਲੀ ਦਵਾਈਆਂ ਦੀ ਹੋ ਰਹੀ ਭਰਮਾਰ ਨੂੰ ਲੈਕੇ ਵਿਰੋਧ ਪ੍ਰਗਟਾਇਆ। ਪੰਜਾਬ , ਹਰਿਆਣਾ, ਦਿੱਲੀ ਸਮੇਤ ਕਈ ਥਾਵਾਂ ਤੇ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੇ ਅੱਜ ਸਾਰਾ ਦਿਨ ਦੁਕਾਨਾਂ ਬੰਦ ਰਖ ਕੇ ਈ ਫਾਰਮੇਸੀ ਦੇ ਵੱਧ ਰਹੇ ਚਲਨ ਦਾ ਵਿਰੋਧ ਕੀਤਾ। ਉਹਨਾਂ ਦਦਾ ਕਹਿਣਾ ਹੈ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਕਾਰਨ ਦੁਕਾਨਦਾਰਾਂ ਦਾ ਰੁਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਦਾ ਇਹ ਵੀ ਦੋਸ਼ ਸੀ ਕਿ ਮਾਰਕੀਟ ਵਿੱਚ ਨਕਲੀ ਦਵਾਈਆਂ ਦਾ ਹੜ੍ਹ ਆਇਆ ਹੋਇਆ ਹੈ, ਜਿਸਨੂੰ ਸਮਾਂ ਰਹਿੰਦੇ ਨੱਥ ਪਾਉਣ ਦੀ ਸਖ਼ਤ ਲੋੜ ਹੈ, ਨਹੀਂ ਤਾਂ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਨਕਲੀ ਦਵਾ ਕਾਰੋਬਾਰੀ ਸਮਾਜ ਨੂੰ ਪੂਰੀ ਤਰ੍ਹਾਂ ਨਿਗਲ ਜਾਣਗੇ। ਹਾਲਾਂਕਿ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣ ਕਰਕੇ ਕਈ ਥਾਵਾਂ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ, ਲੇਕਿਨ ਦਵਾ ਕਾਰੋਬਾਰੀਆਂ ਨੇ ਹੜਤਾਲ ਸੰਬੰਧੀ ਪਹਿਲਾਂ ਹੀ ਲੋਕਾਂ ਨੂੰ ਜ਼ਰੂਰੀ ਦਵਾਈਆਂ ਅਗਾਊਂ ਖਰੀਦਣ ਬਾਰੇ ਅਪੀਲ ਕਰ ਦਿੱਤੀ ਸੀ।