ਦਾਖਲੇ ਲਈ ਉਤਸ਼ਾਹ.

ਕੋਟਾਂ ਕਾਲਜ ’ਚ ਨਵੇਂ ਸ਼ੈਸ਼ਨ ਦੌਰਾਨ ਬੱਚਿਆਂ ’ਚ ਦਾਖ਼ਲੇ ਲਈ ਭਾਰੀ ਉਤਸ਼ਾਹ

ਖੰਨਾ, 23ਮਈ (ਮਨਜੀਤ ਸਿੰਘ ਧੀਮਾਨ )---ਇਥੋਂ ਦੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਸੈਸ਼ਨ 2026-27 ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਇਸ ਰੁਝਾਨ ਪ੍ਰਤੀ ਕਿਹਾ ਕਿ ਇਹ ਸ਼ਾਨਾਮਤੀ ਸੰਸਥਾ ਤਿੰਨ ਦਹਾਕਿਆਂ ਤੋਂ ਇਲਾਕੇ ਦੇ ਤਕਰੀਬਨ 200 ਪਿੰਡਾਂ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੀ ਹੈ। ਕਾਲਜ ਵਿਖੇ ਬੀ ਏ, ਬੀ ਕਾਮ, ਬੀ ਸੀ ਏ, ਬੀ ਐੱਸ ਸੀ ਮੈਡੀਕਲ, ਨਾਨ ਮੈਡੀਕਲ ਅਤੇ ਬੀ ਐੱਸ  ਸੀ ਫੈਸ਼ਨ ਡਿਜਾਈਨਿੰਗ ਦੇ ਨਾਲ-ਨਾਲ ਪੋਸਟ ਗ੍ਰੈਜੂਏਸ਼ਨ ਵਿੱਚ ਐੱਮ ਏ ਪੰਜਾਬੀ, ਰਾਜਨੀਤੀ ਸ਼ਾਸਤਰ, ਹਿਸਟਰੀ, ਇਕਨਾਮਿਕਸ, ਐੱਮ ਕਾਮ ਅਤੇ ਪੀ ਜੀ ਡੀ ਸੀ ਏ ਦੇ ਕੋਰਸ ਮੁਹੱਈਆ ਕਰਵਾਏ ਜਾ ਰਹੇ ਹਨ। ਵਿੱਦਿਅਕ ਖੇਤਰ ਵਿੱਚ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਪੱਧਰ ’ਤੇ ਪੁਜੀਸ਼ਨਾਂ ਹਾਸਲ ਕਰਦੇ ਆ ਰਹੇ ਹਨ। ਜ਼ਿਕਰਯੋਗ ਹੈ ਕਾਲਜ ਦੀ ਵਿਦਿਆਰਥਣ ਕੋਮਲਪ੍ਰੀਤ ਕੋਰ ਨੇ ਐੱਮ ਏ ਪੰਜਾਬੀ ਦੇ ਤੀਜੇ ਸਮੈਸਟਰ ਵਿੱਚੋਂ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ ਕਾਮ ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਤੇ ਲਵਪ੍ਰੀਤ ਕੌਰ ਐੱਮ ਕਾਮ ਨੇ ਯੂਨੀਵਰਸਿਟੀ ਵਿੱਚ ਪਹਿਲਾ ਅਤੇ ਚੌਥਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਕੋਟਾਂ ਕਾਲਜ ਦੇ ਵਿਦਿਆਰਥੀਆਂ ਦੀ ਕਈ ਵਰ੍ਹੇ ਤੋਂ ਝੰਡੀ ਰਹੀ ਹੈ। ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਮੁਕਾਬਲਿਆਂ ਵਿੱਚ ਗਿੱਧਾ ਟੀਮ, ਸ਼ਬਦ ਗਾਇਣ, ਗਜ਼ਲ/ਗੀਤ ਤੇ ਕਾਵਿ ਪ੍ਰਤਿਯੋਗਤਾ ਤੋਂ ਇਲਾਵਾ ਪੱਖੀ ਬੁਣਨਾ, ਕਢਾਈ ਤੇ ਕਸੀਦਾਕਾਰੀ ਵਿੱਚ ਵੀ ਵਿਦਿਆਰਥੀ ਨਾ ਸਿਰਫ ਭਾਗ ਲੈਦੇ ਹਨ ਬਲਕਿ ਪਹਿਲੀਆਂ, ਦੂਜੀਆਂ ਪੁਜੀਸ਼ਨਾਂ ਵੀ ਹਾਸਲ ਕਰਦੇ ਆ ਰਹੇ ਹਨ। ਪ੍ਰਿੰਸੀਪਲ ਸਾਹਿਬ ਨੇ ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਦੀਆਂ ਮੱਲ੍ਹਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕਾਲਜ ਦੀ ਟੀਮ ਨੇ ਵੇਟਲਿਫਟਿੰਗ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਕਾਸ਼ਦੀਪ ਸਿੰਘ ਅਤੇ ਸੰਦੀਪ ਕੁਮਾਰ ਨੇ ਚਾਂਦੀ ਦਾ ਤਮਗਾ ਅਤੇ ਲਡ਼ਕੀਆਂ ਵਿੱਚੋਂ ਸਿਮਰਦੀਪ ਕੌਰ ਨੇ ਸੋਨ ਤਮਗਾ ਤੇ ਮੰਜੂ ਦੇਵੀ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਕਾਲਜ ਦੀ ਫੁੱਟਬਾਲ ਟੀਮ ਨੇ ਸੁਧਾਰ ਕਾਲਜ ਲੁਧਿਆਣਾ ਵਿਖੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਨੈਤਿਕ ਤੇ ਧਾਰਮਿਕ ਸਿੱਖਿਆ ਦੀ ਅਹਿਮੀਅਤ ਨੂੰ ਪਛਾਣਦਿਆਂ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਦੇ ਸਰਟੀਫਿਕੇਟ ਕੋਰਸ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਜਿਸ ਤਹਿਤ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਤੋਂ ਸੈਸ਼ਨ 2025-26 ਦੌਰਾਨ 1,82000 ਰੁਪਏ ਦੇ ਵਜ਼ੀਫੇ ਵੀ ਪ੍ਰਾਪਤ ਕੀਤੇ ਹਨ। ਉਨ੍ਹਾਂ ਕਾਲਜ ਦੇ ਤਜ਼ਰਬੇਕਾਰ ਅਤੇ ਯੋਗ ਸਟਾਫ਼ ਦੀ ਅਣਥੱਕ ਮਿਹਨਤ ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਸਮੂਹ ਸਟਾਫ਼ ਦੇ ਸਾਂਝੇ ਉੱਦਮਾਂ ਨਾਲ ਕਾਲਜ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।

ਕੈਪਸ਼ਨ : ਕਾਲਜ ’ਚ ਦਾਖ਼ਲਾ ਮੁਹਿੰਮ ਸ਼ੁਰੂ ਕਰਦੇ ਹੋਏ ਅਧਿਆਪਕ ਅਤੇ ਪ੍ਰਿੰਸੀਪਲ ਡਾ.ਗਗਨਦੀਪ ਸਿੰਘ।