ਜਦ ਪਿੰਡਾਂ ਦੇ ਪੰਛੀ ਮੋਏ .

ਨਾ ਸਰੀਂਹ ਚਿੜੀ ਫੜਕਦੀ

ਨਾ ਵਣ 'ਚ ਬੋਲੇ ਕਾਂ

ਨਾ ਬਾਬੇ ਬੋਹੜ ਦੀ ਛਾਂ

ਭਾਗ ਸਾਡੜੇ ਸੌ ਗਏ ਜੀਕਣ 

ਸੱਥਾਂ ਮੋੜ ਸਭ ਹੋ ਸੁੰਨੇ 

ਜਦ ਪਿੰਡ ਦੇ ਪੰਛੀ ਮੋਏ।


ਮੋਈਆਂ ਅਣਜੰਮੀਆਂ ਚਿੜੀਆਂ 

ਕੁਝ ਅਣਖਾਂ ਦੀ ਬਲੀ ਚੜ੍ਹੀਆਂ 

ਮਾਰ ਉਡਾਰੀ ਨਾ ਮੁੜੀਆਂ 

ਵੈਰਾਗੀ ਮਾਵਾਂ ਦੇ ਹੰਝੂ ਚੋਏ

ਵੀਰਾਨ ਹੋ ਗਈਆਂ  ਕੁੱਖਾਂ 

ਜਦ ਪਿੰਡ ਦੇ ਪੰਛੀ ਮੋਏ।


ਬਣ ਕਬੂਤਰ ਚੀਨੇ

ਗੁੱਭਰੂ ਛੈਲ-ਛਬੀਲੇ

ਕਰਨ ਰੋਟੀ ਦੇ ਹੀਲੇ

ਉਡਾਰੀ ਲਾ ਪਰਦੇਸੀ ਹੋਏ।

ਵਿਹੜੇ ਹੋ ਚੱਲੇ ਖਾਲੀ

ਜਦ ਪਿੰਡ ਦੇ ਪੰਛੀ ਮੋਏ।


ਇੱਕ ਨਾਗ ਨਸ਼ਿਆਂ ਦਾ

ਆਲ੍ਹਣੇ ਜਾ ਵੜਿਆ 

ਨਿੱਕੇ ਬੋਟਾਂ ਨੂੰ ਫੜਿਆ

ਮਾਵਾਂ ਤੋਂ ਪੁੱਤ ਫਿਰ ਖੋਏ

ਗਲੀਆ ਹੋਈਆ ਸੁੰਨੀਆ

ਜਦ ਪਿੰਡ ਦੇ ਪੰਛੀ ਮੋਏ।

             ✍✍ਪ੍ਭ ਦਿਆਲ ਸਿੱਧੂ