ZIKAR PUNJAB ਜੰਗਲਾਤ ਵਿਭਾਗ ਖਾਮੋਸ਼ .
ਸੜਕਾਂ ਦੇ ਆਲੇ- ਦੁਆਲੇ ਖੜ੍ਹੇ ਦਰੱਖਤਾਂ ਨੂੰ ਸ਼ਰੇਆਮ ਲਾਈ ਜਾ ਰਹੀ ਅੱਗ, ਜੰਗਲਾਤ ਵਿਭਾਗ ਖਾਮੋਸ਼ : ਬੈਨੀਪਾਲ
ਖੰਨਾ24 ਮਈ (ਮਨਜੀਤ ਸਿੰਘ ਧੀਮਾਨ )5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਪੂਰੇ ਸੰਸਾਰ ਭਰ 'ਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਣ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।ਇਸ ਲੜੀ ਤਹਿਤ ਜੰਗਲਾਤ ਵਿਭਾਗ ਵੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ, ਜਿਸ ਪ੍ਰਤੀ ਜੰਗਲਾਤ ਵਿਭਾਗ ਵੱਡੇ ਪੱਧਰ ਤੇ ਤਿਆਰੀਆਂ ਵਿੱਢ ਕੇ ਪੂਰੇ ਪੰਜਾਬ ਵਿੱਚ ਲੱਖਾਂ ਬੂਟੇ ਤੇ ਦਰੱਖ਼ਤ ਲਾਉਣ ਦੀਆਂ ਤਿਆਰੀਆਂ ਵਿੱਚ ਹੈ। ਇੰਨੀ ਭਿਆਨਕ ਗਰਮੀ ਪੈਣ ਨਾਲ ਲੋਕਾਂ ਦਾ ਘਰੋਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਦਰੱਖ਼ਤਾਂ ਕਰਕੇ ਰਾਹਗੀਰਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲਦੀ ਹੈ ਪਰੰਤੂ ਫੇਰ ਵੀ ਕੁਝ ਲੋਕਾਂ ਵੱਲੋਂ ਸੜਕਾਂ ਕਿਨਾਰੇ ਖੜ੍ਹੇ ਦਰੱਖਤਾਂ ਨੂੰ ਸ਼ਰੇਆਮ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ ਤੇ ਇਸ ਪਾਸੇ ਵੱਲ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦਾ ਕੋਈ ਵੀ ਧਿਆਨ ਨਹੀਂ।ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਖੰਨਾ ਬਲਾਕ ਅਧੀਨ ਪੈਂਦੀ ਬੀਟ ਈਸੜੂ ਦੀਆਂ ਸੜਕਾਂ ਦੇ ਦੋਵੇਂ ਪਾਸੇ ਲੱਗੇ ਦਰੱਖਤਾਂ ਨੂੰ ਅੱਗ ਨਾਲ ਸਾੜਨ ਦੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਚੂਨਾਂ ਲੱਗ ਰਿਹਾ ਹੈ, ਉਥੇ ਹੀ ਵਾਤਾਵਰਣ ਵੀ ਵੱਡੇ ਪੱਧਰ ਤੇ ਦੂਸ਼ਿਤ ਹੋ ਰਿਹਾ ਹੈ ਇਸ ਤੋਂ ਇਲਾਵਾ ਪੰਛੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਨਾੜ ਜਾਂ ਘਾਹ ਫੂਸ ਸਾੜਨ ਵਾਲੇ ਕਿਸਾਨ ਅਕਸਰ ਇਹਨਾਂ ਯਤਨਾਂ ਵਿੱਚ ਰਹਿੰਦੇ ਹਨ ਕਿ ਇਸ ਅੱਗ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਸੜਕਾਂ ਦੇ ਆਲੇ ਦੁਆਲੇ ਸੜੇ ਹੋਏ ਨਿੱਕੇ ਨਿੱਕੇ ਦਰੱਖ਼ਤ ਅਤੇ ਮੋਟੇ ਦਰੱਖ਼ਤ ਬੁਰੀ ਤਰ੍ਹਾਂ ਸੜੇ ਪਏ ਹਨ, ਜੋ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਵਾਤਾਵਰਣ ਵਿੱਚ ਲੋਹੜੇ ਦਾ ਜ਼ਹਿਰ ਘੋਲ ਰਿਹਾ ਹੈ। ਬੈਨੀਪਾਲ ਨੇ ਕਿਹਾ ਜੇਕਰ ਜੰਗਲਾਤ ਵਿਭਾਗ ਦੇ ਗਾਰਡ ਆਪਣੇ ਦਫ਼ਤਰਾਂ ਵਿੱਚੋਂ ਬਾਹਰ ਨਿਕਲ ਕੇ ਆਪਣੀ ਡਿਊਟੀ ਸਮੇਂ ਸਿਰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਲੋਕਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਦੀਆਂ ਜਾ ਰਹੀਆਂ ਅਜਾਈਂ ਜਾਨਾਂ ਨੂੰ ਵੀ ਬਚਾਇਆ ਜਾ ਸਕੇਗਾ।ਬੈਨੀਪਾਲ ਨੇ ਕਿਹਾ ਕਿ ਸੜਕਾਂ ਤੇ ਹਰ ਸਾਲ ਅੱਗ ਲਾਉਣ ਦੀਆਂ ਸੈਂਕੜੇ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ, ਜਿਸ ਨਾਲ ਅੱਗ ਲਾਉਣ ਵਾਲਿਆਂ ਦੇ ਹੌਂਸਲੇ ਦਿਨ ਬ ਦਿਨ ਵੱਧਦੇ ਜਾ ਰਹੇ ਹਨ। ਉਹਨਾਂ ਜੰਗਲਾਤ ਵਿਭਾਗ ਦੇ ਸਕੱਤਰ ਤੋਂ ਮੰਗ ਕੀਤੀ ਹੈ ਕਿ ਵਣ ਰੇਂਜ ਦੋਰਾਹਾ ਅਧੀਨ ਪੈਂਦੀ ਬੀਟ ਈਸੜੂ ਦੀਆਂ ਸੜਕਾਂ ਤੇ ਕਰਮਚਾਰੀਆਂ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਪਿਆਰਾ ਸਿੰਘ ਕੌੜੀ, ਨੰਬਰਦਾਰ ਲਖਵੀਰ ਸਿੰਘ ਪੰਜਰੁੱਖਾ, ਚੌਂਕੀਦਾਰ ਜਤਿੰਦਰ ਸਿੰਘ ਰੋਹਣੋ, ਗੁਰਪ੍ਰੀਤ ਸਿੰਘ ਰੋਹਣੋ, ਗੁਰਦੀਪ ਸਿੰਘ ਲਿਬਲਾਨੀ, ਸਵਰਨ ਸਿੰਘ ਰੋਹਣੋ, ਐਡਵੋਕੇਟ ਰਵਿੰਦਰ ਰਿਖੀ, ਐਡਵੋਕੇਟ ਵਿਪਨ ਰਿਖੀ, ਐਡਵੋਕੇਟ ਅਸ਼ੋਕ ਗਰਗ ਆਦਿ ਹਾਜ਼ਰ ਸਨ।
