ਹਰ ਪੰਛੀ ਦਾ ਹੱਕ ਆਜ਼ਾਦੀ .

ਉੱਡਦੀਆਂ ਰੂਹਾਂ ਦੀ ਮੈਂ ਦੱਸ 

ਕੀ ਲਿਖਾਂ ਕਹਾਣੀ ਨੀ 

ਬੋਲਣ ਇਹ ਤਾਂ ਲੱਗਦਾ 

ਪੜੵਦੀਆਂ ਨਾਨਕ ਬਾਣੀ ਨੀ । 


ਉਹ ਚਿੜੀਆਂ ਜੋ ਨਿੱਤ ਤੜਕੇ 

ਖਿੜਕੀ ਵਿੱਚ ਆਉਂਦੀਆਂ ਨੇ 

ਕੁਝ ਗਾਣਾ ਗਾ ਕੁਝ ਰੌਲਾ ਪਾ 

ਮੈਨੂੰ ਰੋਜ਼ ਜਗਾਉਂਦੀਆਂ ਨੇ  । 


ਕੋਇਲ ਜਿਸ ਨੂੰ ਸੁਣ ਸੁਣ ਕੇ

ਹੈਰਾਨੀ ਹੁੰਦੀ ਹੈ 

ਜਿਹੜੀ ਪਾਕ ਸੰਗੀਤ ਦੀ ਅਸਲ 

ਨਿਸ਼ਾਨੀ ਹੁੰਦੀ ਹੈ । 


ਲੈ ਜਾ ਪ੍ਰੇਮ ਦੇ ਅੱਖਰ 

ਉੱਡਦਾ ਜਾਈਂ ਕਬੂਤਰ ਤੂੰ 

ਯਾਦ ਰੱਖੀਂ ਉਸ ਤੋਂ ਲਿਖਵਾ ਕੇ 

ਲਿਆਈਂ  ਉੱਤਰ ਤੂੰ । 


ਉਹ ਕੂੰਜਾਂ ਜੋ ਧੀਆਂ ਵਾਂਗ 

ਪ੍ਰਾਹੁਣੀਆਂ ਹੁੰਦੀਆਂ ਨੇ 

ਧੀਆਂ ਵੀ ਤਾਂ ਇੱਕ ਨਾ ਇੱਕ ਦਿਨ 

ਵਿਆਹੁਣੀਆਂ ਹੁੰਦੀਆਂ ਨੇ । 


ਉਹਦੀ ਤੋਰ ਤਾਂ ਕਿਸੇ ਹੀਰ ਦਾ 

ਪਾਵੇ ਜਵਾਂ ਭੁਲੇਖਾ ਨੀ 

ਬਾਗਾਂ ਦੇ ਵਿੱਚ ਨੱਚੇ ਮੋਰ 

ਮੈਂ ਚੜੵ ਚੜੵ ਕੋਠੇ ਵੇਖਾਂ ਨੀ । 


ਓਸ ਬਨੇਰੇ ਬੈਠੇ ਕਾਂ ਦਾ 

ਬੋਲ ਕੰਨਾਂ ਵਿੱਚ ਪੈਂਦਾ ਹੈ 

ਘਰ ਆਵੇਗਾ ਵੀਰ ਭੈਣ ਨੂੰ

ਚਾਅ ਜਿਹਾ ਚੜ੍ਹਦਾ ਰਹਿੰਦਾ ਹੈ । 


ਬਾਜ਼ ਦੀ ਤਿੱਖੀ ਨਜ਼ਰ ਪਿੱਛੇ ਵੀ 

ਛੁਪੀ ਕਹਾਣੀ ਹੈ 

ਦਸਮ ਪਿਤਾ ਦਾ ਖਾਸ ਤੇ ਸਭ ਤੋਂ 

ਸੋਹਣਾ ਹਾਣੀ ਹੈ । 


ਬਗਲੇ , ਤੋਤੇ , ਮੈਨਾਂ ਗਾਉਦੀਆਂ 

ਵੇਖ ਟਟੀਹਰੀਆਂ ਨੇ 

ਘੁੱਗੀਆਂ ਅਤੇ ਗਟਾਰਾਂ ਸਾਡੇ 

ਘਰ ਹੀ ਠਹਿਰੀਆਂ ਨੇ 


ਪਾਖ ਪੰਖੇਰੂ ਸਦਾ ਜੋ ਸਭ ਦਾ 

ਭਲਾ ਹੀ ਮੰਗਦੇ ਨੇ 

ਵੰਨ ਸੁਵੰਨੇ ਖੰਭਾਂ ਵਾਲੇ 

ਅੱਡ ਅੱਡ ਰੰਗ ਦੇ ਨੇ । 


ਦਿਲ ਨੂੰ ਸੋੰਹਦੇ, ਮਨ ਨੂੰ ਭਾਉਂਦੇ 

ਵੇਖ ਪਰਿੰਦੇ ਨੇ 

ਪਰ ਆਪਣੀ ਕਰਤੂਤ ਤੋ ਅੱਜਕਲ੍ਹ 

ਇਹ ਸ਼ਰਮਿੰਦੇ ਨੇ ।  


ਪਿੰਜਰੇ ਦੇ ਵਿੱਚ ਕੈਦ 

ਤਾਂ ਕੁਦਰਤ ਦੀ ਬਰਬਾਦੀ ਹੈ 

ਹਰ ਇੱਕ ਜੀਵ ਦਾ ਪਹਿਲਾ ਹੱਕ 

ਉਸ ਦੀ ਆਜ਼ਾਦੀ ਹੈ । 

                  ਸਿੰਮੀ ਧੀਮਾਨ