ZIKAR PUNJAB ਮਨੀਸ਼ ਤਿਵਾੜੀ ਨੇ ਮੈਲਬੌਰਨ ਵਿਚ ਯੂਡੀਐਫ ਜਿੱਤ ਸਮਾਰੋਹ ਦੀ ਕੀਤੀ ਅਗਵਾਈ.

 ਭਾਰਤ ਦੀ ਬਹੁਲਤਾਵਾਦੀ ਸੋਚ ਅਤੇ ਵਿਸ਼ਵ ਭਰ ਦੇ ਪ੍ਰਵਾਸੀ ਭਾਰਤੀਆਂ ਦੀ ਤਾਕਤ ਨੂੰ ਕੀਤਾ ਰੇਖਾਂਕਿਤ
 

ਆਈਓਸੀ ਕੇਰਲ ਚੈਪਟਰ ਵੱਲੋਂ ਸ਼ਾਨਦਾਰ ‘ਯੂਡੀਐੱਫ ਵਿਕਟਰੀ ਸੈਲੀਬ੍ਰੇਸ਼ਨਜ਼ 2026’ ਸਮਾਗਮ ਦਾ ਆਯੋਜਨ

ਲੁਧਿਆਣਾ, 24 ਮਈ : ਕੇਰਲ ਵਿਧਾਨ ਸਭਾ ਚੋਣਾਂ ਵਿੱਚ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ (ਯੂਡੀਐੱਫ) ਦੀ ਇਤਿਹਾਸਕ ਅਤੇ ਨਿਰਣਾਇਕ ਜਿੱਤ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਕੇਰਲ ਚੈਪਟਰ ਵੱਲੋਂ ਮੈਲਬੋਰਨ ਦੇ ਰੋਵਵਿਲ ਸਥਿਤ ਆਸਟ੍ਰੇਲੀਅਨ ਇੰਡਿਅਨ ਕਮਿਊਨਿਟੀ ਸੈਂਟਰ ਵਿੱਚ ‘ਵਿਕਟਰੀ ਸੈਲੀਬ੍ਰੇਸ਼ਨਜ਼ 2026’ ਨਾਮਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਵੀ ਪ੍ਰਮੁੱਖ ਹਸਤੀਆਂ ਵਿੱਚ ਸ਼ਾਮਲ ਸਨ।

ਸਮਾਗਮ ਦੀ ਸ਼ੁਰੂਆਤ ਆਈਓਸੀ ਆਸਟ੍ਰੇਲੀਆ ਦੇ ਅਹੁਦੇਦਾਰਾਂ ਵੱਲੋਂ ਮਨੀਸ਼ ਤਿਵਾੜੀ ਦਾ ਨਿੱਘਾ ਅਤੇ ਦਿਲੋਂ ਸਵਾਗਤ ਕਰਨ ਨਾਲ ਹੋਈ। ਆਈਓਸੀ ਆਗੂਆਂ ਨੇ ਉਨ੍ਹਾਂ ਦੀ ਇਸ ਯਾਤਰਾ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਈਓਸੀ ਆਸਟ੍ਰੇਲੀਆ ਦੀ ਪੂਰੀ ਟੀਮ ਦਾ ਮਨੋਬਲ ਕਾਫ਼ੀ ਵਧਿਆ ਹੈ।

ਸਭਾ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਅਤੇ ਖਾਸ ਕਰਕੇ ਇਸਦੇ ਕੇਰਲ ਚੈਪਟਰ ਨੂੰ ਹਾਲ ਹੀ ਵਿੱਚ ਸੰਪੰਨ ਹੋਈਆਂ ਕੇਰਲ ਚੋਣਾਂ ਵਿੱਚ ਯੂਡੀਐੱਫ ਦੀ ਨਿਰਣਾਇਕ ਜਿੱਤ ਨੂੰ ਸਮਰਪਿਤ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੇਰਾ ਕੇਰਲ ਸੂਬੇ ਨਾਲ ਬਹੁਤ ਪੁਰਾਣਾ ਅਤੇ ਡੂੰਘਾ ਰਿਸ਼ਤਾ ਰਿਹਾ ਹੈ। ਕੇਰਲ ਭਾਰਤ ਦੀ ਵਿਭਿੰਨਤਾ ਅਤੇ ਬਹੁਲਤਾਵਾਦ ਦਾ ਜਸ਼ਨ ਮਨਾਉਂਦਾ ਹੈ। ਇਹ ਭਾਰਤ ਦੀ ਰੰਗ-ਬਿਰੰਗੀ ਵਿਭਿੰਨਤਾ ਦੀ ਸਭ ਤੋਂ ਉੱਤਮ ਮਿਸਾਲ ਪੇਸ਼ ਕਰਦਾ ਹੈ।

ਇਸ ਦੌਰਾਨ ਆਪਣੇ ਸੰਬੋਧਨ ਦੌਰਾਨ ਤਿਵਾੜੀ ਨੇ ਕਿਹਾ ਕਿ ਉਹ ਪੰਜਾਬ ਤੋਂ ਆਉਂਦਾ ਹਨ, ਜਿਸਦੀ ਰੂਹ ਨੂੰ ਤਿੰਨ ਸ਼ਬਦਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿੱਚ ਸਮੇਟਿਆ ਜਾ ਸਕਦਾ ਹੈ। ਇਹ ਦੇਖ ਕੇ ਬੇਹੱਦ ਖੁਸ਼ੀ ਹੁੰਦੀ ਹੈ ਕਿ ਦੇਸ਼ ਦੇ ਦੱਖਣੀ ਸਿਰੇ ‘ਤੇ ਸਥਿਤ ਕੇਰਲ ਵਿੱਚ ਵੀ ਉਹੀ ਬਹੁਲਤਾਵਾਦ, ਉਹੀ ਵਿਭਿੰਨਤਾ ਅਤੇ ਮਨੁੱਖੀ ਜੀਵਨ ਪ੍ਰਤੀ ਉਹੀ ਸਤਿਕਾਰ ਅਤੇ ਮੁੱਲ ਮੌਜੂਦ ਹਨ। ਕਈ ਮਾਇਨਿਆਂ ਵਿੱਚ ਕੇਰਲ ਅਤੇ ਪੰਜਾਬ ਵਿੱਚ ਕਾਫ਼ੀ ਸਮਾਨਤਾਵਾਂ ਹਨ। ਨਾ ਸਿਰਫ਼ ਉਨ੍ਹਾਂ ਦੀ ਧਰਮਨਿਰਪੱਖ ਅਤੇ ਬਹੁਲਤਾਵਾਦੀ ਸਿਆਸਤ ਵਿੱਚ, ਸਗੋਂ ਇਸ ਗੱਲ ਵਿੱਚ ਵੀ ਕਿ ਇਹ ਦੋਵੇਂ ਰਾਜ ਦੁਨੀਆ ਭਰ ਵਿੱਚ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰਿਆਂ ਵਾਲੇ ਹਨ।

ਤਿਵਾੜੀ ਨੇ ਕਿਹਾ ਕਿ ਸਾਡੇ ਵਿੱਚੋਂ ਕਈ ਲੋਕ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਅਤੇ ਪਿਛੋਕੜਾਂ ਨਾਲ ਸੰਬੰਧਿਤ ਹੋ ਸਕਦੇ ਹਨ ਅਤੇ ਭਾਰਤ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹੋਣਗੇ। ਪਰ ਜਦੋਂ ਅਸੀਂ ਵਿਦੇਸ਼ ਵਿੱਚ ਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਭਾਰਤੀ ਹੁੰਦੇ ਹਾਂ ਅਤੇ ਬਾਕੀ ਸਭ ਕੁਝ ਉਸ ਤੋਂ ਬਾਅਦ ਆਉਂਦਾ ਹੈ। ਇਹੀ ਸੋਚ ਸਾਡੇ ਹਰ ਕੰਮ ਦੀ ਮਾਰਗਦਰਸ਼ਕ ਹੋਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਸਾਨੂੰ ਸਿਰਫ਼ ਇੰਡੀਅਨ ਨੈਸ਼ਨਲ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ ਵਜੋਂ ਨਹੀਂ ਦੇਖਿਆ ਜਾਂਦਾ ਹੈ, ਸਗੋਂ ਭਾਰਤ ਦੇ ਨਾਗਰਿਕਾਂ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਸਾਡੇ ਹਰ ਚੰਗੇ ਜਾਂ ਮਾੜੇ ਕੰਮ ਦਾ ਅਸਰ ਨਾ ਸਿਰਫ਼ ਸਾਡੇ ਭਾਈਚਾਰੇ ‘ਤੇ, ਸਗੋਂ ਭਾਰਤ ਦੇ ਅਕਸ ‘ਤੇ ਵੀ ਪੈਂਦਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਲਗਾਤਾਰ ਵਧਣ ਅਤੇ ਫੈਲਾਅ ਦੇ ਮੱਦੇਨਜ਼ਰ ਇਸਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਰਾਹੀਂ ਅਸੀਂ ਆਪਣੇ ਸੰਦੇਸ਼, ਆਪਣੀਆਂ ਚਿੰਤਾਵਾਂ ਅਤੇ ਆਸਟ੍ਰੇਲੀਆ ਨਾਲ ਸਾਂਝੇ ਰਣਨੀਤਿਕ ਹਿਤਾਂ ਨੂੰ ਵਿਆਪਕ ਪੱਧਰ ‘ਤੇ ਪਹੁੰਚਾ ਸਕਦੇ ਹਾਂ। ਇਹ ਸਿਰਫ਼ ਰਣਨੀਤਿਕ ਮਾਮਲਿਆਂ ਜਾਂ ਵਿਸ਼ਵ ਪੱਧਰੀ ਸਾਂਝੇ ਹਿਤਾਂ ਤੱਕ ਸੀਮਿਤ ਨਹੀਂ, ਸਗੋਂ ਸਭਿਆਚਾਰਕ ਪੱਖ ਤੋਂ ਵੀ ਮਹੱਤਵਪੂਰਨ ਹੈ। ਤੁਸੀਂ ਇਸ ਮਹਾਨ ਦੇਸ਼ ਵਿੱਚ ਭਾਰਤ ਦੇ ਅਸਲ ਰਾਜਦੂਤ ਹੋ।

ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ, ਆਈਓਸੀ ਆਸਟ੍ਰੇਲੀਆ ਦੇ ਕੌਮੀ ਮੀਤ ਪ੍ਰਧਾਨ ਸੁਖਬੀਰ ਸੰਧੂ, ਆਈਓਸੀ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਹਰਪ੍ਰੀਤ ਸਿੰਘ ਡੋਡ, ਆਈਓਸੀ ਵਿਕਟੋਰੀਆ ਦੇ ਪ੍ਰਧਾਨ ਕਨਵਲ ਪ੍ਰਤਾਪ ਸਿੰਘ, ਆਈਓਸੀ ਪੰਜਾਬ ਦੇ ਜਨਰਲ ਸਕੱਤਰ ਤਰਨਜੀਤ ਗਿੱਲ ਅਤੇ ਆਈਓਸੀ ਆਸਟ੍ਰੇਲੀਆ ਦੇ ਕਾਨੂੰਨੀ ਸਲਾਹਕਾਰ ਬੈਰਿਸਟਰ ਗੁਰਪਾਲ ਸਿੰਘ, ਅਸ਼ਵਨੀ ਬਾਵਾ ਵੀ ਹਾਜ਼ਰ ਸਨ।

ਇਸੇ ਤਰ੍ਹਾਂ, ਕੇਰਲ ਚੈਪਟਰ ਵੱਲੋਂ ਆਈਓਸੀ ਕੇਰਲ ਚੈਪਟਰ ਦੇ ਰਾਸ਼ਟਰੀ ਪ੍ਰਧਾਨ ਜੀਗੇਸ਼, ਆਈਓਸੀ ਆਸਟ੍ਰੇਲੀਆ ਦੇ ਜਨਰਲ ਸਕੱਤਰ ਸੋਬਨ ਥਾਮਸ, ਰਾਸ਼ਟਰੀ ਸਕੱਤਰ ਬਿਜੂ ਸਕਾਰੀਆ ਅਤੇ ਸਕੱਤਰ ਅਫ਼ਜ਼ਲ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ। ਇਸ ਤੋਂ ਇਲਾਵਾ ਸੁਨੀਲ ਦੱਤ, ਵਰੁਣ ਸ਼ਰਮਾ, ਸਨੀ ਦੱਤ ਅਤੇ ਰਾਜਾ ਢਿੱਲੋਂ ਵੀ ਸਮਾਗਮ ਵਿੱਚ ਮੌਜੂਦ ਰਹੇ।