ਏਆਈ ਦਾ ਕਬਾਇਲੀ ਭਾਸ਼ਾਵਾਂ ਵਿੱਚ ਸੰਵਾਦ: ਸਮਾਵੇਸ਼ੀ ਵਿਕਾਸ ਦਾ ਪ੍ਰਤੀਕ ਜਾਂ ਕਬਾਇਲੀ ਮਾਣ ਨੂੰ ਤਕਨਾਲੋਜੀ ਦਾ ਸਮਰਥਨ.
ਸ਼੍ਰੀਮਤੀ ਰੰਜਨਾ ਚੋਪੜਾ
ਸਾਡੇ ਦੇਸ਼ ਭਰ ਵਿੱਚ ਫੈਲੇ ਜੰਗਲਾਂ, ਪਹਾੜੀਆਂ ਅਤੇ ਦੂਰ-ਦੁਰਾਡੇ ਦੀਆਂ ਬਸਤੀਆਂ ਵਿੱਚ, ਇੱਕ ਸ਼ਾਂਤ ਪਰ ਸਫ਼ਲ ਬਦਲਾਅ ਚੱਲ ਰਿਹਾ ਹੈ। ਕਬਾਇਲੀ ਭਾਈਚਾਰੇ ਲੰਬੇ ਸਮੇਂ ਤੋਂ ਭਾਰਤ ਦੀ ਵਿਕਾਸ ਗਾਥਾ ਦੇ ਕੇਂਦਰ ਵਿੱਚ ਆਪਣੇ ਯੋਗ ਸਥਾਨ ਦੀ ਉਡੀਕ ਕਰ ਰਹੇ ਸਨ। ਅੱਜ ਉਹ ਰਾਸ਼ਟਰ ਦੀ ਤਰੱਕੀ ਦੇ ਸਰਗਰਮ ਨਿਰਮਾਤਾ ਵਜੋਂ ਉੱਭਰ ਰਹੇ ਹਨ। ਜਨਜਾਤੀਯ ਗਰਿਮਾ ਉਤਸਵ ਦੀ ਇਹੀ ਭਾਵਨਾ ਹੈ: ਵਿਕਸਿਤ ਭਾਰਤ ਦੀ ਯਾਤਰਾ ਦਾ ਇੱਕ ਰਾਸ਼ਟਰੀ ਉਤਸਵ, ਜਿੱਥੇ ਤਰੱਕੀ ਭੂਗੋਲ ਜਾਂ ਸਥਿਤੀ ਦਾ ਖ਼ਾਸ ਅਧਿਕਾਰ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦਾ ਬਰਾਬਰ ਅਧਿਕਾਰ ਹੈ।
ਉਮੰਗ ਦਾ ਪੈਮਾਨਾ
ਇਹ ਸਮਝਣ ਦੇ ਲਈ ਕਿ ਤਕਨਾਲੋਜੀ ਕਬਾਇਲੀ ਵਿਕਾਸ ਦੇ ਲਈ ਕਿਉਂ ਲਾਜ਼ਮੀ ਹੋ ਗਈ ਹੈ, ਕਿਸੇ ਨੂੰ ਪਹਿਲਾਂ ਚੁਣੌਤੀ ਦੀ ਵਿਆਪਕਤਾ ਨੂੰ ਸਮਝਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਨਜਾਤੀਯ ਆਦਿਵਾਸੀ ਨਿਆਏ ਮਹਾਅਭਿਆਨ (ਪੀਐੱਮ-ਜਨਮਨ), ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ (ਡੀਏਜੇਜੀਯੂਏ), ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮਿਸ਼ਨ ਅਤੇ ਸਬੰਧਿਤ ਪਹਿਲਕਦਮੀਆਂ ਵਿੱਚ 549 ਜ਼ਿਲ੍ਹਿਆਂ ਅਤੇ 30 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 2,911 ਬਲਾਕਾਂ ਦੇ 63,000 ਤੋਂ ਵੱਧ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ 5.5 ਕਰੋੜ ਤੋਂ ਵੱਧ ਆਦਿਵਾਸੀ ਨਾਗਰਿਕ ਲਾਭਵੰਦ ਹੋਏ ਹਨ। ਖ਼ਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ’ਤੇ ਖ਼ਾਸ ਧਿਆਨ ਦੇਣ ਦੇ ਨਾਲ, ਇਨ੍ਹਾਂ ਯਤਨਾਂ ਦਾ ਉਦੇਸ਼ ਰਿਹਾਇਸ਼, ਪੀਣ ਵਾਲਾ ਪਾਣੀ, ਸਵੱਛਤਾ, ਸਿੱਖਿਆ, ਸਿਹਤ ਸੰਭਾਲ, ਕਨੈਕਟੀਵਿਟੀ ਅਤੇ ਰੋਜ਼ੀ-ਰੋਟੀ ਵਰਗੀਆਂ ਜ਼ਰੂਰੀ ਸੇਵਾਵਾਂ ਦਾ ਮੁਕੰਮਲ ਕਵਰੇਜ ਯਕੀਨੀ ਬਣਾਉਣਾ ਹੈ। ਇਸ ਤਰ੍ਹਾਂ ਦੇ ਵੱਖ-ਵੱਖ ਅਤੇ ਵਿਸਤ੍ਰਿਤ ਇਲਾਕੇ ਵਿੱਚ ਹਰ ਪਰਿਵਾਰ ਤੱਕ ਪਹੁੰਚਣ ਦੇ ਲਈ ਅਜਿਹੀ ਪ੍ਰਣਾਲੀ ਦੀ ਜ਼ਰੂਰਤ ਹੁੰਦੀ ਹੈ ਜੋ ਡੇਟਾ-ਅਧਾਰਿਤ, ਕਨੈਕਟਡ ਅਤੇ ਜਵਾਬਦੇਹ ਹੋਵੇ ਅਤੇ ਇਹੀ ਅਸੀਂ ਤਿਆਰ ਕਰ ਰਹੇ ਹਾਂ।
ਇਸ ਸਾਲ ਜਨਜਾਤੀਯ ਗਰਿਮਾ ਉਤਸਵ ਦਾ ਆਯੋਜਨ ਲਗਭਗ ਚਾਰ ਵਿਸ਼ਾ-ਅਧਾਰਿਤ ਹਫ਼ਤਿਆਂ ਦੇ ਆਲੇ-ਦੁਆਲੇ ਕੀਤਾ ਜਾ ਰਿਹਾ ਹੈ, ਜੋ ਇਕੱਠੇ ਕਬਾਇਲੀ ਵਿਕਾਸ ਦੇ ਪੂਰੇ ਪਸਾਰ ਨੂੰ ਦਰਸਾਉਂਦੇ ਹਨ। ਉਦਘਾਟਨ ਦਾ ਵਿਸ਼ਾ, "ਵਿਕਾਸ ਦੇ ਇੱਕ ਵਾਹਕ ਵਜੋਂ ਤਕਨਾਲੋਜੀ", ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕਿਵੇਂ ਡਿਜੀਟਲ ਸਿਸਟਮ, ਵਿਗਿਆਨ ਅਤੇ ਨਵੀਨਤਾ ਭਾਰਤ ਦੇ ਕੁਝ ਦੂਰ-ਦੁਰਾਡੇ ਦੇ ਭਾਈਚਾਰਿਆਂ ਤੱਕ ਸ਼ਾਸਨ ਅਤੇ ਮੌਕਿਆਂ ਦਾ ਵਿਸਤਾਰ ਕਰਨ ਵਿੱਚ ਮਦਦ ਕਰ ਰਹੇ ਹਨ। ਇਸ ਪਹੁੰਚ ਦੇ ਕੇਂਦਰ ਵਿੱਚ ਇੱਕ ਸਰਲ ਸਿਧਾਂਤ ਸ਼ਾਮਲ ਹੈ: ਕਬਾਇਲੀ ਭਾਸ਼ਾਵਾਂ, ਸਭਿਆਚਾਰਾਂ, ਵਿਰਾਸਤ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਦਾ ਪੂਰਾ ਸਤਿਕਾਰ ਕਰਦੇ ਹੋਏ ਵਿਕਾਸ ਆਖਰੀ ਅੰਤਿਮ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ।
ਤਕਨਾਲੋਜੀ ਵੱਲੋਂ ਕਬਾਇਲੀ ਮਾਣ ਨੂੰ ਹੁਲਾਰਾ
ਉਦੇਸ਼ ਨਾਲ ਨਿਰਦੇਸ਼ਿਤ ਹੋਣ ’ਤੇ ਤਕਨਾਲੋਜੀ ਕੀ ਹਾਸਲ ਕਰ ਸਕਦੀ ਹੈ, ਇਸ ਦੀ ਸਭ ਤੋਂ ਉੱਤਮ ਉਦਾਹਰਣ 'ਬਿਰਸਾ 101' ਹੈ, ਯਾਨੀ ਸਿਕਲ ਸੈੱਲ ਰੋਗ ਦੇ ਲਈ ਭਾਰਤ ਦੀ ਪਹਿਲੀ ਸਵਦੇਸ਼ੀ ਸੀਆਰਆਈਐੱਸਪੀਆਰ ਅਧਾਰਿਤ ਜੀਨ ਥੈਰੇਪੀ ਹੈ।। ਸਿਕਲ ਸੈੱਲ ਰੋਗ ਲੰਬੇ ਸਮੇਂ ਤੋਂ ਕਬਾਇਲੀ ਆਬਾਦੀ ਦੇ ਲਈ ਸਿਹਤ ਦੀ ਇੱਕ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਭਾਰਤ ਹੁਣ ਸਮਾਨਤਾ ਤੇ ਪਹੁੰਚ ਵਿੱਚ ਸ਼ਾਮਲ ਉੱਨਤ ਵਿਗਿਆਨ ਦੇ ਨਾਲ ਉਸ ਚੁਣੌਤੀ ਦਾ ਜਵਾਬ ਦੇ ਰਿਹਾ ਹੈ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ), ਸੀਐੱਸਆਈਆਰ-ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਖੋਜ, ਕਲੀਨਿਕਲ ਟ੍ਰਾਇਲ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਤਬਾਦਲੇ ਦਾ ਸਮਰਥਨ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਸੀਐੱਸਆਈਆਰ-ਆਈਜੀਆਈਬੀ ਵਿੱਚ ਹਾਲ ਹੀ ਵਿੱਚ ਹੋਏ ਇੱਕ ਸੈਮੀਨਾਰ ਵਿੱਚ ਵਿਗਿਆਨੀਆਂ, ਨੀਤੀ ਨਿਰਮਾਤਾਵਾਂ ਅਤੇ ਸਿਕਲ ਸੈੱਲ ਯੋਧਿਆਂ ਨੂੰ ਇਕੱਠੇ ਲਿਆਂਦਾ ਗਿਆ, ਜੋ ਵਿਗਿਆਨਕ ਤਰੱਕੀ ਅਤੇ ਯਤਨਾਂ ਦੇ ਪਿੱਛੇ ਦੀ ਮਨੁੱਖੀ ਜ਼ਰੂਰਤ ਦੋਵਾਂ ਨੂੰ ਦਰਸਾਉਂਦਾ ਹੈ।
ਸਾਂਝਾ ਟੀਚਾ ਸਪੱਸ਼ਟ ਹੈ: ਇੱਕ ਕਿਫ਼ਾਇਤੀ, ਇੱਕ ਵਾਰ ਕੀਤੇ ਜਾਣ ਵਾਲਾ ਇਲਾਜ ਵਿਕਸਿਤ ਕਰਨਾ ਜੋ ਜ਼ਰੂਰਤਮੰਦ ਹਰ ਕਬਾਇਲੀ ਪਰਿਵਾਰ ਤੱਕ ਪਹੁੰਚ ਸਕੇ। ਬਿਰਸਾ 101 ਸਿਰਫ਼ ਮੈਡੀਕਲ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਤੋਂ ਵੀ ਕਿਤੇ ਵੱਧ ਹੈ। ਇਹ ਇੱਕ ਐਲਾਨ ਹੈ ਕਿ ਭਾਰਤ ਦਾ ਸਭ ਤੋਂ ਉੱਨਤ ਵਿਗਿਆਨ ਆਪਣੇ ਸਭ ਤੋਂ ਹੱਕਦਾਰ ਭਾਈਚਾਰਿਆਂ ਦੀ ਸੇਵਾ ਕਰੇਗਾ।
ਇਹ ਦ੍ਰਿੜ੍ਹ ਵਿਸ਼ਵਾਸ ਇੱਕ ਪਹਿਲਕਦਮੀ ਤੋਂ ਕਿਤੇ ਵੱਧ ਡੂੰਘਾ ਹੈ। ਟ੍ਰੈਡੀਸ਼ਨਲ ਨਾਲੇਜ ਡਿਜੀਟਲ ਲਾਇਬ੍ਰੇਰੀ (ਟੀ.ਕੇ.ਡੀ.ਐੱਲ.) ਅਤੇ ਆਯੁਰਜੀਨੋਮਿਕਸ ਵਰਗੇ ਯਤਨ ਦਰਸਾਉਂਦੇ ਹਨ ਕਿ ਕਿਵੇਂ ਆਧੁਨਿਕ ਤਕਨੀਕ ਆਦਿਵਾਸੀ ਭਾਈਚਾਰਿਆਂ ਵੱਲੋਂ ਲੰਬੇ ਸਮੇਂ ਤੋਂ ਸੰਭਾਲੇ ਗਏ ਅਮੀਰ ਔਸ਼ਧੀ ਅਤੇ ਵਾਤਾਵਰਣਿਕ ਗਿਆਨ ਦੇ ਦਸਤਾਵੇਜ਼ੀਕਰਨ, ਪ੍ਰਮਾਣਿਕਤਾ ਅਤੇ ਸੰਭਾਲ ਵਿੱਚ ਮਦਦ ਕਰ ਸਕਦੀ ਹੈ।
ਸਮਾਵੇਸ਼ ਦੀ ਇਹੀ ਭਾਵਨਾ ਇਸ ਗੱਲ ਨੂੰ ਆਕਾਰ ਦੇ ਰਹੀ ਹੈ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਬਾਇਲੀ ਵਿਕਾਸ ਦੇ ਨਾਲ ਜੋੜਿਆ ਜਾ ਰਿਹਾ ਹੈ। 'ਇੰਡੀਆ ਏਆਈ ਇੰਪੈਕਟ ਸਮਿਟ 2026' ਵਿੱਚ, ਮੰਤਰਾਲੇ ਨੇ ਇੱਕ ਸਰਲ ਪਰ ਦ੍ਰਿੜ੍ਹ ਵਿਸ਼ਵਾਸ ’ਤੇ ਅਧਾਰਿਤ ਏਆਈ-ਸਮਰੱਥ ਪਲੈਟਫਾਰਮਾਂ ਦੀ ਲੜੀ ਪੇਸ਼ ਕੀਤੀ, ਜਿਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਸ਼ਾ ਕੋਈ ਰੁਕਾਵਟ ਨਹੀਂ ਹੈ ਜਿਸ ਨੂੰ ਦੂਰ ਕੀਤਾ ਜਾਣਾ ਹੈ, ਸਗੋਂ ਇੱਕ ਪਛਾਣ ਹੈ ਜਿਸ ਦਾ ਉਤਸਵ ਮਨਾਇਆ ਜਾਣਾ ਚਾਹੀਦਾ ਹੈ। ਆਦਿ ਵਾਣੀ, ਕਬਾਇਲੀ ਭਾਸ਼ਾਵਾਂ ਦੇ ਲਈ ਇੱਕ ਏਆਈ-ਸੰਚਾਲਿਤ ਅਨੁਵਾਦਕ ਹੈ, ਜੋ ਲਿਖਤ ਤੋਂ ਲਿਖਤ ਅਤੇ ਲਿਖਤ ਤੋਂ ਬੋਲੀ ਅਨੁਵਾਦ, ਓਸੀਆਰ ਅਤੇ ਕਬਾਇਲੀ ਭਾਸ਼ਾਵਾਂ ਵਿੱਚ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ ਦਾ ਸਮਰਥਨ ਕਰਦਾ ਹੈ, ਜਿਸ ਨਾਲ ਨਾਗਰਿਕਾਂ ਨੂੰ ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਜਨਤਕ ਸੇਵਾਵਾਂ ਨਾਲ ਜੁੜਨ ਦੇ ਸਮਰੱਥ ਬਣਾਇਆ ਜਾਂਦਾ ਹੈ। 'ਟ੍ਰਾਈਬੌਟ' ਇੱਕ ਬਹੁ-ਭਾਸ਼ਾਈ ਸੰਵਾਦਾਤਮਕ ਏਆਈ ਸਹਾਇਕ ਹੈ, ਜੋ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਨਾਗਰਿਕਾਂ ਨੂੰ ਤੁਰੰਤ ਮਾਰਗ-ਦਰਸ਼ਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਸਹਾਇਤਾ ਪ੍ਰਦਾਨ ਕਰਕੇ ਇਸ ਯਤਨ ਨੂੰ ਹੋਰ ਮਜ਼ਬੂਤ ਕਰਦਾ ਹੈ। ਭਗਵਾਨ ਬਿਰਸਾ ਮੁੰਡਾ ਸੈੱਲ ਅਤੇ ਆਈਆਈਟੀ ਦਿੱਲੀ ਦੇ ਨਾਲ ਆਯੋਜਿਤ ਇੱਕ ਰਾਸ਼ਟਰੀ ਸੈਮੀਨਾਰ ਦੌਰਾਨ ਵੀ ਇਨ੍ਹਾਂ ਯਤਨਾਂ ’ਤੇ ਚਰਚਾ ਕੀਤੀ ਗਈ, ਜੋ ਕਬਾਇਲੀ ਭਾਸ਼ਾਵਾਂ ਦੇ ਲੰਬੇ ਸਮੇਂ ਦੇ ਸੰਭਾਲ ਅਤੇ ਮਜ਼ਬੂਤੀ ਸਮੇਤ ਏਆਈ ਦੇ ਸਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਅਤੇ ਭਾਈਚਾਰੇ-ਕੇਂਦਰਿਤ ਉਪਯੋਗ ’ਤੇ ਕੇਂਦ੍ਰਿਤ ਸੀ।
ਤਕਨਾਲੋਜੀ ਸਭਿਆਚਾਰਕ ਪ੍ਰਗਟਾਵੇ ਅਤੇ ਆਰਥਿਕ ਸਸ਼ਕਤੀਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਬਣ ਰਹੀ ਹੈ। ਆਉਣ ਵਾਲੇ 'ਟ੍ਰਾਈਬਐਕਸ' ਪਲੈਟਫਾਰਮ ਦਾ ਉਦੇਸ਼ ਕਬਾਇਲੀ ਕਲਾਵਾਂ, ਭਾਸ਼ਾਵਾਂ, ਰਵਾਇਤੀ ਗਿਆਨ, ਸੰਗੀਤ, ਸ਼ਿਲਪਕਾਰੀ ਅਤੇ ਸੱਭਿਆਚਾਰਕ ਤਜ਼ਰਬਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਡਿਜੀਟਲ ਈਕੋਸਿਸਟਮ ਬਣਾਉਣਾ ਹੈ। ਇਸ ਯਤਨ ਨੂੰ ਪੂਰਾ ਕਰਦੇ ਹੋਏ, ਕਬਾਇਲੀ ਭਾਰਤ ਦਾ ਪ੍ਰਸਤਾਵਿਤ 'ਜੀਆਈ ਸੰਭਾਵਿਤ ਕਲਾ ਅਤੇ ਸ਼ਿਲਪ ਐਟਲਸ ਭੂਗੋਲਿਕ ਸੰਕੇਤ ਸਮਰੱਥਾ ਦੇ ਨਾਲ ਕਬਾਇਲੀ ਹਸਤਸ਼ਿਲਪ, ਜੰਗਲ ਦੇ ਉਤਪਾਦਾਂ ਅਤੇ ਰਵਾਇਤੀ ਕਲਾ ਰੂਪਾਂ ਦਾ ਡਿਜੀਟਲ ਰੂਪ ਵਿੱਚ ਨਕਸ਼ਾ ਤਿਆਰ ਕਰੇਗਾ, ਜਿਸ ਨਾਲ ਬ੍ਰਾਂਡਿੰਗ, ਬਾਜ਼ਾਰ ਤੱਕ ਪਹੁੰਚ ਅਤੇ ਕਬਾਇਲੀ ਬੌਧਿਕ ਵਿਰਾਸਤ ਦੀ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਪਾਇਲਟ ਅਧਾਰ ’ਤੇ ਪੰਜ ਰਾਜਾਂ ਦੇ ਕਬਾਇਲੀ ਖੋਜ ਸੰਸਥਾਵਾਂ ਵਿੱਚ 'ਇਨੋਵੇਸ਼ਨ ਹੱਬ' ਦੀ ਯੋਜਨਾ ਬਣਾਈ ਗਈ ਹੈ, ਜੋ ਨਵੀਨਤਾ ਦੀ ਅਗਵਾਈ ਵਾਲੇ ਕਬਾਇਲੀ ਉੱਦਮੀਆਂ ਅਤੇ ਸਟਾਰਟਅੱਪਸ ਦੇ ਲਈ ਡਿਜ਼ਾਈਨ ਅਤੇ ਉਤਪਾਦ ਵਿਕਾਸ ਸਹਾਇਤਾ, ਜੀਆਈਐੱਸ-ਅਧਾਰਿਤ ਯੋਜਨਾ ਡੈਸ਼ਬੋਰਡ ਅਤੇ ਇਨਕਿਊਬੇਸ਼ਨ ਇਨਫ੍ਰਾਸਟ੍ਰਕਚਰ ਨੂੰ ਜੋੜ ਕੇ ਹੋਰ ਅੱਗੇ ਵਧਣਗੇ।
ਤਕਨਾਲੋਜੀ ਕਬਾਇਲੀ ਭਾਈਚਾਰਿਆਂ ਤੱਕ ਸ਼ਾਸਨ ਦੇ ਤਰੀਕੇ ਨੂੰ ਬਰਾਬਰ ਰੂਪ ਵਿੱਚ ਬਦਲ ਰਹੀ ਹੈ। ਪੀਵੀਟੀਜੀ ਘਰੇਲੂ ਸਰਵੇਖਣਾਂ ਦੇ ਲਈ ਪੀਐੱਮ-ਜਨਮਨ ਦੇ ਤਹਿਤ 'ਸਰਵੇਖਣ ਸੇਤੂ' ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਭਲਾਈ ਵੰਡ ਦੀ ਤੁਰੰਤ, ਜੀਓ-ਟੈਗ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ। 18 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੰਚਾਲਿਤ, ਇਸ ਪਲੈਟਫਾਰਮ ਨੇ 8,552 ਸਰਵੇਖਣ ਕਰਨ ਵਾਲਿਆਂ ਦੇ ਸਮਰਥਨ ਦੇ ਨਾਲ ਪਹਿਲਾਂ ਹੀ 3.43 ਲੱਖ ਘਰੇਲੂ ਐਂਟਰੀਆਂ ਦਰਜ ਕੀਤੀਆਂ ਹਨ। ਇਸ ਤਰ੍ਹਾਂ ਦੀਆਂ ਡੇਟਾ-ਅਧਾਰਿਤ ਪ੍ਰਣਾਲੀਆਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀਆਂ ਹਨ ਕਿ ਹਰੇਕ ਯੋਗ ਪਰਿਵਾਰ ਦੀ ਪਛਾਣ ਕੀਤੀ ਜਾਵੇ ਅਤੇ ਉਸ ਨੂੰ ਜ਼ਰੂਰੀ ਸੇਵਾਵਾਂ ਨਾਲ ਜੋੜਿਆ ਜਾਵੇ। ਇਸ ਦੇ ਨਾਲ ਹੀ ਮੰਤਰਾਲਾ ਦਾਅਵਾ ਪ੍ਰਸਤੁਤੀਕਰਨ, ਜੀਆਈਐੱਸ-ਅਧਾਰਿਤ ਮੈਪਿੰਗ, ਵਰਕਫਲੋ ਦੀ ਨਿਗਰਾਨੀ ਅਤੇ ਸ਼ਿਕਾਇਤ ਨਿਵਾਰਨ ਨੂੰ ਸੁਚਾਰੂ ਬਣਾਉਣ ਦੇ ਲਈ ਇੱਕ ਏਆਈ-ਸਮਰੱਥ 'ਜੰਗਲ ਅਧਿਕਾਰ ਐਕਟ ਸ਼ਾਸਨ ਪਲੈਟਫਾਰਮ' ਵਿਕਸਿਤ ਕਰ ਰਿਹਾ ਹੈ। ਨਾਲ ਹੀ, ਇਹ ਪਹਿਲਕਦਮੀਆਂ ਕਬਾਇਲੀ ਨਾਗਰਿਕਾਂ ਦੇ ਲਈ ਸ਼ਾਸਨ ਨੂੰ ਵਧੇਰੇ ਪਾਰਦਰਸ਼ੀ, ਜਵਾਬਦੇਹ ਅਤੇ ਸੁਲਭ ਬਣਾ ਰਹੀਆਂ ਹਨ।
ਕਬਾਇਲੀ ਭਾਈਚਾਰੇ: ਵਿਕਸਿਤ ਭਾਰਤ ਦੇ ਵਾਹਕ
ਇੱਕ ਪਲ ਅਜਿਹਾ ਹੁੰਦਾ ਹੈ, ਜੋ ਉਸ ਤੱਤ ਨੂੰ ਫੜ ਲੈਂਦਾ ਹੈ, ਜਿਸ ਦੇ ਲਈ ਅਸੀਂ ਕੰਮ ਕਰ ਰਹੇ ਹੁੰਦੇ ਹਾਂ। ਇਹ ਕਿਸੇ ਨੀਤੀਗਤ ਦਸਤਾਵੇਜ਼ ਜਾਂ ਮੰਤਰਾਲੇ ਪੱਧਰ ਦੀ ਸਮੀਖਿਆ ਵਿੱਚ ਨਹੀਂ ਪਾਇਆ ਜਾਂਦਾ। ਇਹ ਉਦੋਂ ਪਾਇਆ ਜਾਂਦਾ ਹੈ ਜਦੋਂ ਕਿਸੇ ਦੂਰ-ਦੁਰਾਡੇ ਦੀ ਬਸਤੀ ਦੀ ਇੱਕ ਕਬਾਇਲੀ ਮਹਿਲਾ, ਤਕਨੀਕ ਨਾਲ, ਭਾਸ਼ਾ ਨਾਲ ਸਸ਼ਕਤ ਹੁੰਦੀ ਹੈ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਦੀ ਗੱਲ ਨੂੰ ਰਾਸ਼ਟਰ ਸੁਣ ਰਿਹਾ ਹੈ। ਅਜਿਹੇ ਵਿੱਚ ਉਹ ਆਪਣੀਆਂ ਸ਼ਰਤਾਂ ’ਤੇ ਸਰਕਾਰੀ ਸੇਵਾਵਾਂ ਨਾਲ ਜੁੜਦੀ ਹੈ ਅਤੇ ਪੂਰੇ ਮਾਣ ਦੇ ਨਾਲ ਜਵਾਬ ਪ੍ਰਾਪਤ ਕਰਦੀ ਹੈ। ਉਹ ਪਲ ਕਿਸੇ ਯਾਤਰਾ ਦਾ ਅੰਤ ਨਹੀਂ ਹੈ। ਇਹ ਭਾਰਤ ਦੀ ਰਾਸ਼ਟਰੀ ਗਾਥਾ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।
ਜਨਜਾਤੀਯ ਗਰਿਮਾ ਉਤਸਵ ਇਸ ਸੰਦੇਸ਼ ਨੂੰ ਮਾਣ ਦੇ ਨਾਲ ਲੈ ਕੇ ਜਾਂਦਾ ਹੈ। ਕਬਾਇਲੀ ਭਾਈਚਾਰੇ, ਆਪਣੀ ਦ੍ਰਿੜ੍ਹਤਾ, ਆਪਣੇ ਪਾਰਿਸਥਿਤਿਕ ਗਿਆਨ, ਆਪਣੀਆਂ ਕਲਾਤਮਕ ਪਰੰਪਰਾਵਾਂ ਅਤੇ ਇਸ ਧਰਤੀ ਵਿੱਚ ਆਪਣੀਆਂ ਡੂੰਘੀਆਂ ਜੜ੍ਹਾਂ ਦੇ ਨਾਲ, ਵਿਕਸਿਤ ਭਾਰਤ ਦੀ ਦਹਿਲੀਜ਼ ’ਤੇ ਉਡੀਕ ਨਹੀਂ ਕਰ ਰਹੇ ਹਨ, ਸਗੋਂ ਉਹ ਇਸ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰੇਰਨਾਦਾਇਕ ਵਾਹਕਾਂ ਵਿੱਚ ਸ਼ਾਮਲ ਹਨ। ਜਿਵੇਂ-ਜਿਵੇਂ ਤਕਨਾਲੋਜੀ ਦੂਰੀਆਂ ਨੂੰ ਮਿਟਾਉਂਦੀ ਹੈ, ਜਿਵੇਂ-ਜਿਵੇਂ ਵਿਗਿਆਨ ਇਲਾਜ ਪ੍ਰਦਾਨ ਕਰਦਾ ਹੈ, ਜਿਵੇਂ ਕਿ ਏਆਈ ਜੰਗਲਾਂ ਅਤੇ ਪਹਾੜੀਆਂ ਦੀਆਂ ਭਾਸ਼ਾਵਾਂ ਵਿੱਚ ਬੋਲਦਾ ਹੈ, ਅਤੇ ਜਿਵੇਂ-ਜਿਵੇਂ ਸ਼ਾਸਨ ਸਭ ਤੋਂ ਦੂਰ ਦੇ ਪਿੰਡ ਦੇ ਆਖਰੀ ਪਰਿਵਾਰ ਤੱਕ ਪਹੁੰਚਦਾ ਹੈ, ਅਸੀਂ ਹਰ ਦਿਨ ਉਸ ਭਾਰਤ ਦੇ ਨੇੜੇ ਆਉਂਦੇ ਹਾਂ ਜੋ ਨਾ ਸਿਰਫ ਵਿਆਪਕਤਾ ਦੇ ਰੂਪ ਵਿੱਚ ਵਿਕਸਿਤ ਹੈ, ਸਗੋਂ ਆਪਣੀ ਮਨੁੱਖਤਾ ਵਿੱਚ ਸੰਪੂਰਨ ਹੈ। ਇਹ ਉਹ ਵਿਕਸਿਤ ਭਾਰਤ ਹੈ ਜਿਸ ਨੂੰ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਇੱਕਠੇ ਮਿਲ ਕੇ ਬਣਾ ਰਹੇ ਹਾਂ।
(ਲੇਖਿਕਾ ਭਾਰਤ ਸਰਕਾਰ ਦੇ ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਹਨ)
*****
