ਆਲ੍ਹਣੇ ਦਾ ਨਿੱਘ .
ਹਾਲੇ ਨਿੱਘ ਆਲ੍ਹਣੇ ਦਾ ਸੇਕ ਲੈਣ ਦਿਉ
ਉੱਚਿਆਂ ਅਸਮਾਨਾਂ ਵੱਲ ਵੇਖ ਲੈਣ ਦਿਉ
ਖੰਭ ਇਹਨਾਂ ਵਿੱਚ ਹੀ ਲਹਿਰਾਵਾਂ ਗਾ
ਹਾਣੀ ਹਵਾ ਦਾ ਮੈਂ ਹੋ ਜਾਵਾਂ ਗਾ।
ਕਿਸੇ ਦੇ ਬਾਗੀਂ ਜਾ ਕੇ ਚਹਿਕਾਂ ਗੇ
ਕਿਸੇ ਦੇ ਜਾ ਬਨੇਰੇ ਬੈਠਾਂ ਗੇ
ਕੋਈ ਪਾ ਪਿੰਜਰੇ ਵਿੱਚ ਲਿਆਵੇ ਗਾ
ਕੋਈ ਵਿੱਚੋਂ ਖੇਤਾਂ ਉਡਾਵੇ ਗਾ
ਕੋਈ ਰੱਖੇ ਦਾਣੇ ਮੇਰੇ ਲਈ
ਕੋਈ ਚੂਰੀ ਕੁੱਟ ਕੇ ਲਿਆਵੇ ਗਾ
ਕਈਆਂ ਲਈ ਖੁਸ਼ੀ ਦੀ ਖ਼ਬਰ ਲਿਆਵੇ
ਕੋਈ ਪੈਗਾਮ ਇਸ਼ਕ ਦਾ ਬਣਾਵੇ ਗਾ
ਵਕਤ ਐਸਾ ਵੀ ਆਉਣਾ ਏ
ਮੈਂ ਵੀ ਨਾਲ ਕਿਸੇ ਦੇ ਪ੍ਰੀਤ ਪਾਵਾਂ ਗਾ
ਕੋਈ ਭਾਲ ਕੇ ਰੁੱਖ ਉੱਚਾ
ਇੱਕ ਨਿੱਘਾ ਜਿਹਾ ਆਲ੍ਹਣਾ ਬਣਾਵਾਂ ਗਾ।
ਇੱਕ ਵਾਰੀ ਫਿਰ ਆਲ੍ਹਣਾ ਛੱਡਾਂ ਗਾ
ਉੱਚੇ ਅਸਮਾਨਾਂ ਦਾ ਗੇੜਾ ਇੱਕ ਕੱਢਾਂਗਾ
ਫਿਰ ਵਿੱਚ ਬੱਦਲਾਂ ਦੇ ਚੱਕਰ ਮੈਂ ਖਾ ਜਾਣਾ
ਆਖਰੀ ਸਾਹਾਂ ਦੇ ਉੱਤੇ ਜ਼ਮੀਨ ਦੇ ਆ ਜਾਣਾ।
ਖੰਭਾਂ ਮੇਰੇ ਨਾਲ ਸਿਆਹੀ ਮਿਲਨਾ ਏੰ
ਵਿੱਚ ਕਿਤਾਬਾਂ ਕੋਈ ਅੱਖਰ ਸੁੱਚਾ ਪਾ ਜਾਣਾ
ਛੱਡ ਕੇ ਖੁੱਲ੍ਹੇ ਅਸਮਾਨਾਂ ਨੂੰ
ਮੈਂ ਵਿੱਚ ਕਿਤਾਬ ਦੇ ਉੱਤਰ ਕੇ ਆ ਜਾਣਾ
ਹੱਥਾਂ ਵਿੱਚ ਹੋਵਾਂਗਾ ਥੋਡੇ ਬਾਲਾਂ ਦੇ
ਤੁਸੀਂ ਵੀ ਕਿਤਾਬਾਂ ਪੜ੍ਹ ਲੈਣਾ
ਸੈਰ ਹੋਣੀ ਜਿੱਥੇ ਵੀ ਘੁਮ ਆਇਆ ਸੀ
ਫੜ੍ਹ ਖਿਆਲਾਂ ਨੂੰ ਬੱਦਲਾਂ 'ਤੇ ਚੜ੍ਹ ਲੈਣਾ
ਤੁਸੀਂ ਵੀ ਕਿਤਾਬਾਂ ਪੜ੍ਹ ਲੈਣਾ।
-ਗੁਰਦੀਪ ਸਿੰਘ