ਸੇਵਾ ਮੁਕਤੀ 'ਤੇ ਵਿਸ਼ੇਸ਼.
ਸੇਵਾ ਨੂੰ ਸਮਰਪਿਤ, ਪ੍ਰਭਾਵਸ਼ਾਲੀ ਅਤੇ ਦਮਦਾਰ ਸ਼ਖ਼ਸੀਅਤ ਦੀ ਮਾਲਕ ਸਟਾਫ਼ ਨਰਸ ਬੀਬਾ ਗੁਰਪ੍ਰੀਤ ਕੌਰ ਭੁੱਲਰ
ਲੁਧਿਆਣਾ: ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ, ਪ੍ਰਭਾਵਸ਼ਾਲੀ ਅਤੇ ਦਮਦਾਰ ਸ਼ਖ਼ਸੀਅਤ ਦੀ ਮਾਲਕ ਬੀਬਾ ਗੁਰਪ੍ਰੀਤ ਕੌਰ ਭੁੱਲਰ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਪੂਰੀਆਂ ਕਰਕੇ ਅੱਜ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਮਾਨਦਾਰੀ, ਮਿਹਨਤ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀ ਭਲਾਈ ਲਈ ਸਮਰਪਿਤ ਰੱਖੀ।
ਬੀਬਾ ਗੁਰਪ੍ਰੀਤ ਕੌਰ ਭੁੱਲਰ ਦਾ ਜਨਮ 5 ਮਈ 1968 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਗਲੋਟੀ ਵਿਖੇ ਇਕ ਸਧਾਰਨ ਪਰਿਵਾਰ ਵਿੱਚ ਹੋਇਆ। ਸਰਕਾਰੀ ਸਕੂਲ ਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ ਤੋਂ ਨਰਸਿੰਗ ਦੀ ਪੜ੍ਹਾਈ ਪੂਰੀ ਕੀਤੀ ਅਤੇ ਮਨੁੱਖਤਾ ਦੀ ਸੇਵਾ ਦਾ ਰਾਹ ਚੁਣਿਆ। 1992 ਵਿਚ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਘਰਿਆਲਾ (ਪੱਟੀ) ਦੇ ਵਸਨੀਕ ਸ. ਮੋਹਨ ਸਿੰਘ ਭੁੱਲਰ ਨਾਲ ਹੋਇਆ, ਜੋ 2023 ਚ ਪੰਜਾਬ ਪੁਲਿਸ ਲੁਧਿਆਣਾ ਤੋਂ ਇੰਸਪੈਕਟਰ ਵਜੋਂ ਸੇਵਾ ਮੁਕਤ ਹੋਏ। ਪਰਿਵਾਰਕ ਜੀਵਨ ਵਿਚ ਵੀ ਬੀਬਾ ਭੁੱਲਰ ਨੇ ਇਕ ਸੁਚੱਜੀ ਮਾਤਾ ਅਤੇ ਸਹਿਯੋਗੀ ਜੀਵਨ ਸਾਥੀ ਦੀ ਭੂਮਿਕਾ ਬਾਖੂਬੀ ਨਿਭਾਈ।
ਉਨ੍ਹਾਂ ਦੇ ਦੋ ਬੇਟੀਆਂ ਅਮਾਨਤਪ੍ਰੀਤ ਕੌਰ, ਨਵਕਿਰਨਪ੍ਰੀਤ ਕੌਰ ਅਤੇ ਬੇਟਾ ਅਨਮੋਲਵੀਰ ਸਿੰਘ ਭੁੱਲਰ ਹੋਏ, ਅਮਾਨਤਪ੍ਰੀਤ ਪਰਿਵਾਰ ਸਮੇਤ ਨਿਊਜ਼ੀਲੈਂਡ ਅਤੇ ਨਵਕਿਰਨਪ੍ਰੀਤ ਕੌਰ ਤੇ ਬੇਟਾ ਅਨਮੋਲਵੀਰ ਸਿੰਘ ਭੁੱਲਰ ਕੈਨੇਡਾ ਚ ਘੁੱਗ ਵੱਸਦੇ ਹਨ।
ਉਨ੍ਹਾਂ ਨੇ ਲਗਾਤਾਰ 38 ਸਾਲ ਡੀਐਮਸੀ ਹਸਪਤਾਲ ਲੁਧਿਆਣਾ 'ਚ ਬਤੌਰ ਸਟਾਫ਼ ਨਰਸ ਸੇਵਾ ਨਿਭਾਈ, ਜਿਨ੍ਹਾਂ ਵਿੱਚੋਂ 26 ਸਾਲ ਅਰਬਨ ਹੈਲਥ ਸੈਂਟਰ ਸ਼ਿਮਲਾਪੁਰੀ ਵਿਖੇ ਅਣਥੱਕ ਡਿਊਟੀ ਕੀਤੀ। ਮਰੀਜ਼ਾਂ ਨਾਲ ਨਿਮਰਤਾ, ਸਾਥੀਆਂ ਨਾਲ ਪਿਆਰ ਅਤੇ ਸੀਨੀਅਰਜ਼ ਪ੍ਰਤੀ ਆਦਰ ਨੇ ਉਨ੍ਹਾਂ ਨੂੰ ਹਰ ਦਿਲ ਅਜ਼ੀਜ਼ ਬਣਾ ਦਿੱਤਾ।
ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਮੂਹ ਸਟਾਫ਼ ਵੱਲੋਂ ਭਾਵਭਿੰਨੀ ਵਿਦਾਇਗੀ ਦਿੱਤੀ ਗਈ। ਸਾਰੇ ਸਹਿਕਰਮੀਆਂ ਨੇ ਕਿਹਾ ਕਿ ਬੀਬਾ ਗੁਰਪ੍ਰੀਤ ਕੌਰ ਭੁੱਲਰ ਦੀਆਂ ਮਨੁੱਖਤਾ ਪ੍ਰਤੀ ਨਿਭਾਈਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।
