ਖਰਚਾ .

 

ਸੁਬਹ  ਦਾ ਵਕਤ ਸੀ।ਸੋਚਾਂ 'ਚ ਡੁੱਬਾ ਸੋਚ ਰਿਹਾ ਸਾਂ ਕਿ ਭਾਈ ਜ਼ਿੰਦਗੀ ਵੀ ਅਜੀਬ ਮੋੜਾਂ ਦੀ ਦਾਸਤਾਨ ਐ। ਹਾਲੇ ਪਿਛਲੇ ਖਰਚੇ ਚੱਜ ਨਾਲ ਮੁਕੇ ਵੀ ਨੀ ਤੇ ਆਹ ਸਵੇਰੇ-ਸਵੇਰੇ ਹੀ ਰਾਜੂ ਨਵਾਂ ਈ ਯੱਬ ਪਾ ਗਿਆ।ਓ ਬੰਦਾ ਘੱਟੋ-ਘੱਟ ਹਫਤਾ,ਓ ਚੱਲ ਪੰਜ ਕੁ ਦਿਨ ਤਾਂ ਉਡੀਕ ਕਰਦਾ।ਅਖੇ ਸਰ, ਐਤਕੀਂ ਭਾਈ ਦੇ ਵਿਆਹ ਤੇ ਜਾਣਾ, ਸੋ ਪੈਸੇ ਕਲ-ਪਰਸੋ ਤਕ ਦੇ ਦੇਣਾ। ਨਾਲੇ ਸਰ, ਇਸ ਸ਼ੁਕਰਵਾਰ ਬੇਟੀ ਨੂੰ ਸਕੂਲੋਂ ਲੈ ਆਉਣਾ, ਛੱਡ ਮੈਂ ਆਪੇ ਆਉਂਗਾ। ਨਾ ਭਲਾ ਬੰਦਾ ਪੁਛੇ ਭਾਈ ਤੇਰੇ ਦਾ ਵਿਆਹ, ਟੱਪੀ ਤੂੰ ਜਾਂਦੈ।ਮੰਨਿਆ ਕਿ ਸੋ ਕੰਮ ਹੁੰਦੇ ਬੰਦੇ ਨੂੰ, ਪਰ ਆਹ ਮੇਰਾ ਖਰਚਾ ਤਾ ਵਧਾ ਤਾ। ਪਤਾ ਨਹੀ ਕੀਦਾ ਮੂੰਹ ਵੇਖਿਆ ਸਵੇਰੇ-ਸਵੇਰੇ। ਹਾਂ-ਹਾਂ, ਸੁਰੇਖਾ ਨੂੰ ਹੀ ਦੇਖਿਆ ਸੀ।ਇਕ ਤਾਂ ਬੰਦੇ ਦੀ ਬੀਵੀ ਐਸੀ ਨਹੀ ਹੋਣੀ ਚਾਹੀਦੀ।ਜਦ ਦੇਖੋ ਘਰੇ ਆਹ ਖਤਮ ਆ, ਕਦੇ ਚੀਨੀ ਮੁੱਕ ਜਾਂਦੀ ਆ, ਕਦੇ ਪੱਤੀ। ਸਾਰਾ ਦਿਨ ਦਗੜ ਦਗੜ ਵਾਹੀ ਜਾਓ ਘਰਆਲੇ ਨੂੰ।ਕਦੇ ਆਹ ਲਿਆ ਦੇ,ਕਦੇ ਉਹ।ਹਾਲੇ ਕਲ ਤਾਂ ਬਿਜਲੀ ਦਾ ਬਿੱਲ ਜਮਾ ਕੀਤਾ।ਆਹ ਰੋਜ਼ ਦਾ ਖਰਚਾ। ਜੂਨ ਨਰਕ ਹੋਈ ਪਈ ਆ। ਆਖਰ ਕਲਰਕ ਰੈਂਕ ਦੀ ਤਨਖਾਹ ਤੇ ਮਹੀਨੇ ਦਾ ਗੁਜ਼ਾਰਾ ਕਰਨਾ ਵੀ ਤਾਂ ਔਖਾ।ਇਨਾਂ ਹੀ ਕੁੱਝ ਖਿਆਲਾਂ ਦੀ ਲੋਰ 'ਚ ਮੈਂ ਘਰ ਵਲ ਵਧ ਰਿਹਾ ਸੀ।ਬੇਟੀ ਨੂੰ ਬਸ ਤਕ ਛੱਡਣ ਲਈ ਨਾਲਦੀ ਗਲੀ 'ਚ ਜਾਣਾ ਪੈਂਦੈ।ਦੋ ਹੋਰ ਬੱਚਿਆਂ ਦੇ ਘਰ ਆ ਓਥੇ।ਰਾਜੂ ਉਧਰ ਹੀ ਆਉਂਦਾ। 

               ਖ਼ੈਰ ਕੁਝ ਪੈਰ ਪੁੱਟੇ ਹੀ ਸਨ ਕਿ ਪਿਛੋਂ ਆਵਾਜ਼ ਆਈ "ਭਗਤਾਂ ਦੀ ਰੱਖਦੇ, ਬਾਬੇ ਭਗਤਾਂ ਦੀ ਰੱਖਦੇ"।ਮੈਂ ਮੁੜ ਕੇ ਦੇਖਿਆ ਤਾਂ ਗੇਰੂਆ ਰੰਗ ਦੇ ਕਪੜੇ ਪਾਕੇ ਇਕ ਬਾਬਾ ਜੀ ਖੜੇ ਸਨ।ਉਹਨਾਂ ਦੇ ਮੂੰਹੋਂ ਹੀ ਇਹ ਆਵਾਜ਼ ਆ ਰਹੀ ਸੀ।ਬਾਬਾ ਜੀ ਨੇ ਮੇਰੇ ਵਲ ਦੇਖਿਆ ਤਾਂ ਮੈ ਥੋੜ੍ਹਾ ਹੈਰਾਨ ਹੋਇਆ।ਉਨ੍ਹਾਂ ਨੇ ਮੇਰੇ ਵਲ ਇਸ਼ਾਰਾ ਕਰਕੇ ਕਿਹਾ"ਬੇਟਾ, ਤੇਰੇ ਮੱਥੇ ਦੀਆਂ ਲੀਕਾਂ ਦੱਸਦੀਆਂ ਨੇ ਕਿ ਪਰੇਸ਼ਾਨੀ ਹੈ, ਹੁਣੇ ਹੁਣੇ ਕਿਸੇ ਚਿੰਤਾ ਨੇ ਤੈਨੂੰ ਆ ਘੇਰੇਆ ਹੈ"।ਇਕ ਵਾਰ ਤਾਂ ਮੇਰਾ ਮੂੰਹ ਖੁੱਲਾ  ਹੀ ਰਹਿ ਗਿਆ।ਬਈ ਅਜ ਦੇ ਸਮੇਂ ਵੀ ਅਜਿਹੇ ਕਰਣੀ ਆਲੇ ਮਹਾਤਮਾ ਨੇ।ਮੈਂ ਹੱਥ ਜੋੜ ਲਏ ਅਤੇ ਕਿਹਾ "ਬਾਬਾ ਜੀ, ਤੁਸੀਂ ਤਾ ਮੇਰੇ ਮਨ ਦੀ ਗੱਲ ਬੁੱਝ ਲਈ।ਹੁਣ ਜੇਕਰ ਤੁਹਾਡੀ ਮਿਹਰ ਹੋਈ ਹੀ ਹੈ ਤਾਂ ਇਤਨਾ ਵੀ ਦੱਸ ਦਿਓ ਕਿ ਇਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਕਿੰਝ ਪਾਵਾਂ।"ਬਾਬਾ ਜੀ ਨੇ ਮੇਰੇ ਮੱਥੇ ਵਲ ਗੌਰ ਨਾਲ ਵੇਖਿਆ।ਫਿਰ ਕੁੱਝ ਚਿਰ ਮੋਨ ਰਹਿਣ ਬਾਅਦ ਬੋਲੇ "ਤੁਸੀਂ  ਹਰ ਬੁੱਧਵਾਰ ਨੂੰ ਸ਼ਾਮ ਸਮੇਂ ਵਗਦੇ ਪਾਣੀ,... ਨਹਿਰ ; ਨਦੀ 'ਚ ਸੋ ਗ੍ਰਾਮ ਆਟਾ , ਸੋ ਗ੍ਰਾਮ ਚੋਲ ਡੁੱਬਦੇ ਸੂਰਜ ਦੀ ਦਿਸ਼ਾ ਵਲ ਪਾਓਣੇ।ਨਾਲ ਸਵੇਰੇ ਕਾਲੇ ਰੰਗ ਦੇ ਕੂੱਤੇ ਨੂੰ ਰੋਟੀ ਪਾਉਣੀ। ਤੇਰੇ ਪੈਸੇ-ਧੇਲੇ ਦੇ ਸਾਰੇ ਔਖ ਮੁੱਕ ਜਾਣਗੇ। ਇਹ  ਸਾਰੇ ਕਾਰਜ ਅਗਲੀ ਪੁੰਨਿਆ ਤਕ ਕਰਨੇ।" ਮੈਂ ਤਾਂ ਮਨੋ ਮਨੀ ਨੱਚ ਉਠਿਆ ਕਿ ਭਾਈ ਹੁਣ ਬਣ ਜੂ ਗੱਲ। ਮੈਂ ਖੁਸ਼ੀ ਨਾਲ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ" ਤੁਸੀਂ ਤਾਂ ਰੱਬ ਅਵਤਾਰ ਹੋ। ਮੈਂ ਸੱਚਮੁੱਚ ਹੀ ਪੈਸਿਆਂ ਪੱਖੋ ਬਹੁਤ ਪਰੇਸ਼ਾਨ ਸੀ।ਤੁਸੀ ਤਾਂ ਮੇਰੀ ਤਕਲੀਫ ਦਾ ਹਲ ਕਰਤਾ।" ਮੈਂ ਕੁੜਤੇ ਦੀ ਜੇਬ ਵਿਚ ਹੱਥ ਪਾਇਆ ਤਾਂ ਸੋ ਦਾ ਨੋਟ ਹੱਥ ਆਇਆ। ਖੌਰੇ ਕਲ ਰਾਤੀ ਜੇਬ 'ਚ ਹੀ ਰਹਿ ਗਿਆ ਹੋਣਾ।ਮੈਂ ਬਾਬਾ ਜੀ ਦੇ ਮਨਾ ਕਰਨ ਤੇ ਵੀ ਉਨ੍ਹਾ ਦੇ ਕਮੰਡਲ 'ਚ,ਉਹ ਇਕਲੋਤਾ ਸੋ ਦਾ ਨੋਟ ਜੋ ਮੇਰੇ ਕੋਲ ਸੀ,ਪਾਤਾ।ਫਿਰ ਉਨਾਂ ਦੇ ਪੈਰੀਂ ਹੱਥ ਲਾਏ ਤੇ ਚਾਅ ਨਾਲੀ ਕਾਲੀ-ਕਾਲੀ ਘਰੇ ਪਰਤਿਆ। ਸੁਰੇਖਾ ਨੂੰ ਰੋਟੀ ਬਣਾਉਣ ਨੂੰ ਕਿਹਾ ਤੇ ਆਪ ਨਹਾ ਕੇ ਦਫਤਰ ਜਾਣ ਨੂੰ ਤਿਆਰ ਹੋ ਗਿਆ। ਰੋਟੀ ਖਾ ਮੈਂ ਘਰੋਂ ਨਿਕਲ ਕੇ ਪਹਿਲਾਂ ਲਾਲੇ ਦੀ ਹੱਟੀ ਗਿਆ।ਲਾਲੇ ਨੂੰ ਆਟਾ ਤੇ ਚੋਲ ਸੋ-ਸੋ ਗ੍ਰਾਮ ਅੱਡ-ਅੱਡ 12 ਥਾਈਂ ਤੋਲਣ ਨੂੰ ਕਿਹਾ।ਲਾਲੇ ਤੋਂ ਸਮਾਨ ਲੈਕੇ ਮੈਂ ਘਰ ਸਮਾਨ ਛੱਡਣ ਲਈ ਪਰਤ ਹੀ ਰਿਹਾ ਸੀ ਕਿ ਅਚਾਨਕ ਘਰ ਦੇ ਬੂਹੇ ਤੇ ਪਹੁੰਚਦਿਆਂ ਪੁਲਸ ਦੇ ਹੂਟਰ ਦੀ ਆਵਾਜ ਆਈ।ਉਸ ਆਵਾਜ ਨੂੰ ਸੁਣਕੇ ਮੇਰੀ ਘਰਆਲੀ ਵੀ ਬਾਹਰ ਆ ਗਈ।ਜਦੋਂ ਜੀਪ ਮੇਰੇ ਮੂਹਰੋਂ ਲੰਘੀ ਤਾਂ ਮੈਂ ਇਹ ਦੇਖਕੇ ਹੈਰਾਨ ਰਹਿ ਗਿਆ ਕਿ ਜੀਪ ਵਿੱਚ ਉਹੀ ਬਾਬਾ ਬੈਠਾ ਹੱਥਾਂ 'ਚ ਹੱਥਕੜੀ ਲੱਗੀ ਬੈਠਾ ਸੀ।ਇਹ ਸੁਣ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਜੀਪ ਦੇ ਜਾਂਦਿਆ ਹੀ ਦੋ ਪੁਲਸੀਏ ਮੋਟਰਸਾਈਕਲ ਤੇ ਮਗਰ ਆ ਰਹੇ ਸਨ। ਉਨਾਂ ਨੂੰ ਰੋਕ ਕੇ ਮੈਂ ਪੁੱਛਿਆ "ਜਨਾਬ! ਕੀ ਗੱਲ ਹੋ ਗਈ? ਸਵੇਰੇ-ਸਵੇਰੇ ਹੀ ਇਹ ਕਿਨੂੰ ਫੱੜ ਕੇ ਲੈਕੇ ਜਾ ਰਹੇ ਹੋ।"ਉਨਾਂ ਵਿਚੋਂ ਇਕ ਬੋਲਿਆ "ਸਾਨੂੰ ਸੂਹ ਮਿਲੀ ਸੀ ਕਿ ਪਰਸੋਂ ਸ਼ਹਿਰ ਹੋਏ ਤਿੰਨ ਕਤਲਾਂ ਦਾ ਦੋਸ਼ੀ ਇਧਰ ਲੁੱਕਦਾ ਫਿਰਦਾ ਸੀ।ਆਹੀ ਲੈਕੇ ਚੱਲੇਂ ਆਂ।" ਇਹ ਕਹਿਕੇ ਉਹ ਤਾਂ ਤੁਰ ਗਿਆ ਪਰ ਮੇਰਾ ਸਰੀਰ ਉਸਦੀ ਗੱਲ ਸੁਣ ਸੁੰਨ ਰਹਿ ਗਿਆ। ਇਹਨੇ ਨੂੰ ਸੁਰੇਖਾ ਨੇ ਮੇਰੇ ਹੱਥੋਂ ਥੈਲਾ ਫੜਿਆ ਤੇ ਅੰਦਰ ਸਮਾਨ ਦੇਖਕੇ ਕਹਿਣ ਲੱਗੀ," ਜੀ ਆਟਾ ਤਾਂ ਪਹਿਲਾਂ ਈ ਸੀ ਘਰ।ਆਹ ਤੁਸੀਂ ਸਮਾਨ ਇਕੋ ਥਾਂਏ ਪਾ ਲੈਂਦੇ।ਨਾਲੇ ਜੇ ਪਹਿਲਾਂ ਦਸਦੇ ਤਾਂ ਮੈਂ ਚੀਨੀ ਵੀ ਮੰਗਾਂ ਲੈਂਦੀ।" ਉਹਦੀ ਗੱਲ ਸੁਣਕੇ ਮੈਂ ਉਹਨੂੰ ਬਸ ਦੇਖਦਾ ਹੀ ਰਹਿ ਗਿਆ।

                                                                                                          -ਗੁੰਗੜੀ