ਵਿਸ਼ਵ ਦੁੱਧ ਦਿਹਾੜਾ .
ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ‘ਵਿਸ਼ਵ ਦੁੱਧ ਦਿਹਾੜਾ’
ਲੁਧਿਆਣਾ, 2 ਜੂਨ (ਇੰਦਰਜੀਤ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਾਨਲੋਜੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਰਗਰਮ ਸ਼ਮੂਲੀਅਤ ਨਾਲ ‘ਵਿਸ਼ਵ ਦੁੱਧ ਦਿਵਸ 2026’ ਬਹੁਤ ਉਤਸ਼ਾਹ ਭਰਪੂਰ ਢੰਗ ਨਾਲ ਮਨਾਇਆ। ਇਹ ਸਮਾਗਮ ਦੁੱਧ ਅਤੇ ਡੇਅਰੀ ਉਤਪਾਦਾਂ ਦੇ ਪੌਸ਼ਟਿਕ, ਆਰਥਿਕ ਅਤੇ ਸਮਾਜਿਕ ਮਹੱਤਵ ਨੂੰ ਉਜਾਗਰ ਕਰਨ ਅਤੇ ਡੇਅਰੀ ਵਿਗਿਆਨ, ਭੋਜਨ ਸੁਰੱਖਿਆ ਅਤੇ ਤੰਦਰੁਸਤ ਜੀਵਨ ਬਾਰੇ ਜਾਗਰੂਕਤਾ ਦੇਣ ਲਈ ਆਯੋਜਿਤ ਕੀਤਾ ਗਿਆ ਸੀ।
ਪ੍ਰੋਗਰਾਮ ਦੀ ਸ਼ੁਰੂਆਤ ‘ਵਿਸ਼ਵ ਦੁੱਧ ਦਿਵਸ ਸਹੁੰ’ ਚੁੱਕਣ ਦੀ ਰਸਮ ਨਾਲ ਹੋਈ। ਪ੍ਰਤੀਭਾਗੀਆਂ ਨੇ ਦੁੱਧ ਦੀ ਵਰਤੋਂ, ਡੇਅਰੀ ਸਫਾਈ ਅਤੇ ਭੋਜਨ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਨਾਲ ਡੇਅਰੀ ਕਿਸਾਨਾਂ ਦੇ ਸਹਿਯੋਗ ਲਈ ਵਚਬੱਧਤਾ ਪ੍ਰਗਟਾਈ। ਵਿਦਿਆਰਥੀਆਂ ਨੇ ਇਕ ਨਵੀਨਕਾਰੀ ਮਨੁੱਖੀ ਲੜੀ ਗਤੀਵਿਧੀ ਰਾਹੀਂ ਦੁੱਧ ਦੀ ਬੂੰਦ ਦੇ ਸਫਰ ਦਾ ਬਿਰਤਾਂਤ ਵੀ ਪੇਸ਼ ਕੀਤਾ। ਜਿਸ ਰਾਹੀਂ ਇਹ ਦੱਸਿਆ ਗਿਆ ਕਿ ਦੁੱਧ, ਉਤਪਾਦਨ ਤੋਂ ਲੈ ਕੇ ਵਰਤੋਂਕਾਰ ਤੱਕ ਕਿਹੜੇ ਪੜਾਵਾਂ ਰਾਹੀਂ ਪਹੁੰਚਦਾ ਹੈ। ਇਸ ਦੇ ਨਾਲ ‘ਮਿਲਕ ਕਵਿਜ਼ ਮੁਕਾਬਲਾ’, ‘60 ਸਕਿੰਟ ਡੇਅਰੀ ਸਾਇੰਸ ਚੁਣੌਤੀ’, ‘ਸੁੰਘਣ ਸ਼ਕਤੀ ਨਾਲ ਡੇਅਰੀ ਉਤਪਾਦ ਦੀ ਪਛਾਣ’, ‘ਨਿਵੇਕਲੀ ਡੇਅਰੀ ਗਿਫਟ ਪੈਕਿੰਗ’, ‘ਪੋਸਟਰ ਪ੍ਰਦਰਸ਼ਨੀ’ ਦੇ ਨਾਲ ‘ਵਰਲਡ ਮਿਲਕ ਡੇਅ ਮਿਲਕ ਟੋਸਟ 2026’ ਦੇ ਮੁਕਾਬਲਿਆਂ ਦੀ ਲੜੀ ਆਯੋਜਿਤ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਗਿਆਨ, ਰਚਨਾਤਮਕਤਾ ਅਤੇ ਸੰਚਾਰ ਹੁਨਰ ਦਾ ਬਹੁਤ ਸੁਚੱਜਾ ਪ੍ਰਦਰਸ਼ਨ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਿਹਤ, ਭੋਜਨ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੁੱਧ ਅਤੇ ਡੇਅਰੀ ਉਤਪਾਦਾਂ ਲਈ ਮਹੱਤਤਾ ਨੂੰ ਉਜਾਗਰ ਕੀਤਾ।
ਇਸ ਦਿਵਸ ਦੇ ਹਿੱਸੇ ਵਜੋਂ ਕਾਲਜ ਵੱਲੋਂ ਆਪਣੇ ਲੁਧਿਆਣਾ ਕੈਂਪਸ ਵਿਖੇ 04 ਜੂਨ ਤੋਂ 03 ਜੁਲਾਈ 2026 ਤਕ ਦੁੱਧ ਦੀ ਮਿਲਾਵਟ ਜਾਂਚਣ ਸੰਬੰਧੀ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਕੱਚੇ ਦੁੱਧ ਦੇ ਨਮੂਨਿਆਂ ਦੀ ਜਾਂਚ ਕਰਕੇ ਉਸ ਵਿੱਚੋਂ ਮਿਲਾਵਟੀ ਤੱਤਾਂ ਦਾ ਪਤਾ ਲਗਾਇਆ ਜਾਏਗਾ। ਇਸ ਕਾਰਜ ਦਾ ਉਦੇਸ਼ ਦੁੱਧ ਦੀ ਗੁਣਵੱਤਾ ਬਿਹਤਰ ਕਰਨਾ ਅਤੇ ਖਪਤਕਾਰਾਂ ਦੀ ਜਾਗਰੂਕਤਾ ਨੂੰ ਵਧਾਉਣਾ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਪੌਸ਼ਟਿਕ ਸੁਰੱਖਿਆ ਅਤੇ ਪੇਂਡੂ ਵਿਕਾਸ ਵਿੱਚ ਡੇਅਰੀ ਖੇਤਰ ਦੀ ਭੂਮਿਕਾ ਨੂੰ ਹੋਰ ਅੱਗੇ ਵਧਾਉਣ ਲਈ ਜ਼ੋਰ ਦਿੱਤਾ।
