ਟਰੈਫਿਕ ਵਿਚ ਰੁਕਾਵਟ ਪਾਉਣ ਵਾਲਿਆਂ ਨੂੰ ਦਿੱਤੀ ਸਖ਼ਤ ਕਾਰਵਾਈ ਦੀ ਚੇਤਾਵਨੀ.

ਵਪਾਰੀਆਂ ਦੀ ਮੰਗ ਅਨੁਸਾਰ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਦਿੱਤੇ ਟਰੈਫਿਕ ਸੁਧਾਰ ਦੇ ਹੁਕਮ 

ਟਰੈਫਿਕ ਜਾਮ ਦਾ ਮੁੱਦਾ ਚੁੱਕਦੇ ਹੀ ਹਰਕਤ ਵਿੱਚ ਆਇਆ ਪ੍ਰਸ਼ਾਸਨ,  ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ 

ਖੰਨਾ,, 2 ਜੂਨ: (ਮਨਜੀਤ ਸਿੰਘ ਧੀਮਾਨ )---ਖੰਨਾ ਦੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ) ਡਾ. ਦਰਪਣ ਆਹਲੂਵਾਲੀਆ ਇੱਕ ਵਾਰ ਫਿਰ ਐਕਸ਼ਨ ਮੋਡ ਵਿੱਚ ਨਜ਼ਰ ਆਏ। ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦਾ ਦੌਰਾ ਕਰਕੇ ਵਪਾਰਕ ਸੰਗਠਨਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਜਿਵੇਂ ਹੀ ਟਰੈਫਿਕ ਜਾਮ ਅਤੇ ਸਰਵਿਸ ਲੇਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਸਾਹਮਣੇ ਆਇਆ, ਉਸ ਤੋਂ ਤੁਰੰਤ ਬਾਅਦ ਪੁਲਿਸ ਅਤੇ ਨਗਰ ਕੌਂਸਲ ਦੀਆਂ ਟੀਮਾਂ ਮੈਦਾਨ ਵਿੱਚ ਉਤਰ ਗਈਆਂ। ਕੁਝ ਹੀ ਸਮੇਂ ਵਿੱਚ ਸ਼ਹਿਰ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਵਿੱਚ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।ਮੀਟਿੰਗ ਦੌਰਾਨ ਵਪਾਰੀਆਂ ਨੇ ਐੱਸ.ਐੱਸ.ਪੀ ਨੂੰ ਦੱਸਿਆ ਸੀ ਕਿ ਸਰਵਿਸ ਲੇਨਾਂ ’ਤੇ ਕੀਤੇ ਗਏ ਕਬਜ਼ੇ, ਸੜਕਾਂ ’ਤੇ ਖੜ੍ਹੀਆਂ ਰੇਹੜੀਆਂ ਅਤੇ ਬੇਤਰਤੀਬ ਪਾਰਕਿੰਗ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਐਮਰਜੈਂਸੀ ਵਾਹਨ ਵੀ ਜਾਮ ਵਿੱਚ ਫਸ ਜਾਂਦੇ ਹਨ, ਜਿਸ ਨਾਲ ਗੰਭੀਰ ਹਾਲਾਤ ਪੈਦਾ ਹੋ ਸਕਦੇ ਹਨ।
ਵਪਾਰੀਆਂ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਟਰੈਫਿਕ ਸੁਧਾਰ ਲਈ ਨਿਰਦੇਸ਼ ਜਾਰੀ ਕਰ ਦਿੱਤੇ। ਉਨ੍ਹਾਂ ਦੇ ਹੁਕਮਾਂ ’ਤੇ ਡੀਐੱਸਪੀ ਟਰੈਫਿਕ ਕਰਮਵੀਰ ਤੂਰ ਅਤੇ ਟਰੈਫਿਕ ਇੰਚਾਰਜ ਕੁਲਜੀਤ ਸਿੰਘ ਨੇ ਨਗਰ ਕੌਂਸਲ ਦੀ ਟੀਮ ਨਾਲ ਸਾਂਝੀ ਮੁਹਿੰਮ ਚਲਾਈ।ਟੀਮ ਨੇ ਡਾਕਘਰ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੱਕ ਸਰਵਿਸ ਲੇਨਾਂ ਅਤੇ ਸੜਕ ਕਿਨਾਰਿਆਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ। ਇਸ ਦੌਰਾਨ ਕਈ ਰੇਹੜੀਆਂ ਨੂੰ ਵੀ ਉਥੋਂ ਹਟਾਇਆ ਗਿਆ, ਜਿਨ੍ਹਾਂ ਕਾਰਨ ਟਰੈਫਿਕ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਕਾਰਵਾਈ ਦੌਰਾਨ ਕਈ ਲੋਕਾਂ ਨੂੰ ਮੌਕੇ ’ਤੇ ਹੀ ਚੇਤਾਵਨੀ ਦਿੱਤੀ ਗਈ ਕਿ ਉਹ ਭਵਿੱਖ ਵਿੱਚ ਸੜਕਾਂ ਅਤੇ ਸਰਵਿਸ ਲੇਨਾਂ ’ਤੇ ਕਬਜ਼ੇ ਨਾ ਕਰਨ।ਡੀ.ਐੱਸ.ਪੀ ਕਰਮਵੀਰ ਤੂਰ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਬਣਾਉਣਾ ਪੁਲਿਸ ਦੀ ਪਹਿਲ ਹੈ। ਜੇਕਰ ਕੋਈ ਵੀ ਵਿਅਕਤੀ ਜਾਂ ਵਪਾਰੀ ਟਰੈਫਿਕ ਵਿੱਚ ਵਿਘਨ ਪਾਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸ ਦਾ ਮਕਸਦ ਲੋਕਾਂ ਨੂੰ ਬਿਹਤਰ ਅਤੇ ਸੁਚਾਰੂ ਟਰੈਫਿਕ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਟਰੈਫਿਕ ਸਮੱਸਿਆ ਦਾ ਪੱਕਾ ਹੱਲ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।ਵਪਾਰਕ ਸੰਗਠਨਾਂ ਨੇ ਵੀ ਐੱਸ.ਐੱਸ.ਪੀ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਮੱਸਿਆ ਨੂੰ ਇੰਨੀ ਗੰਭੀਰਤਾ ਨਾਲ ਸੁਣ ਕੇ ਫੌਰੀ ਹੱਲ ਲਈ ਕਦਮ ਚੁੱਕੇ ਗਏ ਹਨ। ਵਪਾਰੀਆਂ ਨੇ ਉਮੀਦ ਜਤਾਈ ਕਿ ਇਸ ਕਾਰਵਾਈ ਨਾਲ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟੇਗੀ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ।