ਭਾਰਤ ਅਤੇ ਓਮਾਨ ਦੁਆਰਾ ਇੱਕ ਨਵੇਂ ਆਰਥਿਕ ਗਲਿਆਰੇ ਨੂੰ ਗਤੀ .


-ਸ਼੍ਰੀ ਰਾਜੇਸ਼ ਅਗਰਵਾਲ

ਭਾਰਤ ਅਤੇ ਓਮਾਨ ਦੇ ਦਰਮਿਆਨ ਵਣਜ ਰਿਸ਼ਤੇ ਸਦੀਆਂ ਤੋਂ ਚੱਲਦੇ ਆ ਰਹੇ ਹਨ। ਦੋਵੇਂ ਦੇਸ਼ਾਂ ਦਾ ਇੱਕ ਸਾਂਝਾ ਇਤਿਹਾਸ ਪ੍ਰਾਚੀਨ ਜਹਾਜ਼ਾਂ ਦੇ ਬਾਦਬਾਨਾਂ 'ਤੇ ਸਵਾਰ ਹੋ ਕੇ ਅੱਗੇ ਵਧਦਾ ਰਿਹਾ ਹੈ ਅਤੇ ਪੀੜ੍ਹੀਆਂ ਤੋਂ ਚਲੇ ਆ ਰਹੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਜ਼ਰੀਏ ਕਾਇਮ ਰਿਹਾ ਹੈ। ਭਾਰਤ-ਓਮਾਨ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ (ਸੀਈਪੀਏ) ਇਸ ਸੱਭਿਅਤਾਗਤ ਬੰਧਨ ਨੂੰ ਹੋਰ ਮਜ਼ਬੂਤ ਕਰਦਾ ਹੈ। ਇੱਕ ਅਜਿਹੇ ਦੌਰ ਵਿੱਚ ਜਦੋਂ ਆਲਮੀ ਵਪਾਰ ਭੂ-ਰਾਜਨੀਤਕ ਮੁਕਾਬਲੇਬਾਜ਼ੀਆਂ, ਸਪਲਾਈ ਚੇਨ ਵਿੱਚ ਵਿਘਨ ਅਤੇ ਵਧ ਰਹੇ ਸੁਰੱਖਿਆਵਾਦ ਨਾਲ ਜੂਝ ਰਿਹਾ ਹੈ, ਇਹ ਸਮਝੌਤਾ ਭਰੋਸੇਯੋਗ ਸਾਂਝੇਦਾਰਾਂ ਨਾਲ ਆਰਥਿਕ ਜੁੜਾਅ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। ਵਰ੍ਹੇ 2022 ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਲ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ, ਇਹ ਸੀਈਪੀਏ ਖਾੜੀ ਦੇਸ਼ਾਂ ਦੇ ਨਾਲ ਭਾਰਤ ਦੀ ਵਧਦੀ ਆਰਥਿਕ ਭਾਗੀਦਾਰੀ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਦਾ ਹੈ। 

ਦੁਵੱਲੇ ਵਪਾਰ ਵਿੱਚ ਨਿਰੰਤਰ ਵਿਸਤਾਰ ਹੋਇਆ ਹੈ ਅਤੇ ਵਿੱਤੀ ਵਰ੍ਹੇ 2025-26 ਵਿੱਚ ਇਹ 11.18 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਜਦਕਿ, ਸੇਵਾਵਾਂ ਦਾ ਵਪਾਰ 2024 ਵਿੱਚ 863 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ। ਆਰਥਿਕ ਰਿਸ਼ਤਿਆਂ ਵਿੱਚ ਵਿਭਿੰਨਤਾ ਆਈ ਹੈ ਅਤੇ ਇਸ ਵਿੱਚ ਰਵਾਇਤੀ ਵਸਤਾਂ ਤੋਂ ਪਰ੍ਹੇ ਇੰਜੀਨੀਅਰਿੰਗ ਸਮਾਨ, ਫਾਰਮਾਸਿਊਟੀਕਲਸ  ਅਤੇ ਆਈਟੀ ਸੇਵਾਵਾਂ ਦਾ ਸਮਾਵੇਸ਼ ਹੋਇਆ ਹੈ। ਫਿਰ ਵੀ, ਕਾਫੀ ਅਣਛੋਹੀਆਂ ਸੰਭਾਵਨਾਵਾਂ ਹਾਲੇ ਵੀ ਬਾਕੀ ਹਨ। ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਨਿਵੇਸ਼, ਪੇਸ਼ੇਵਰ ਆਵਾਜਾਈ ਅਤੇ ਰੈਗੂਲੇਟਰੀ ਸਹਿਯੋਗ ਨੂੰ ਸ਼ਾਮਲ ਕਰਕੇ, ਇਹ ਸੀਈਪੀਏ ਵਧੇਰੇ ਮਜ਼ਬੂਤ, ਤਾਲਮੇਲ ਵਾਲੀ ਅਤੇ ਵਿਆਪਕ ਆਰਥਿਕ ਸਾਂਝੇਦਾਰੀ ਦਾ ਇੱਕ ਵਿਆਪਕ ਢਾਂਚਾ ਤਿਆਰ ਕਰਦਾ ਹੈ। 

ਭਾਰਤੀ ਨਿਰਯਾਤ ਦੇ ਵਿਕਾਸ ਦਾ ਪ੍ਰਵੇਸ਼ ਦੁਆਰ
ਇਸ ਸੀਈਪੀਏ ਦੇ ਤਹਿਤ ਓਮਾਨ ਦੀ 98.08 ਪ੍ਰਤੀਸ਼ਤ ਟੈਰਿਫ ਲਾਈਨਾਂ ‘ਤੇ ਭਾਰਤੀ ਨਿਰਯਾਤ ਨੂੰ ਡਿਊਟੀ –ਮੁਕਤ ਬਜ਼ਾਰ ਪਹੁੰਚ ਹਾਸਲ ਹੈ। ਇਸ ਸਮਝੌਤੇ ਤੋਂ ਪਹਿਲਾਂ, ਭਾਰਤ ਦੇ ਨਿਰਯਾਤ ਦਾ ਸਿਰਫ਼ ਲਗਭਗ 15% ਹਿੱਸਾ ਹੀ ਸਭ ਤੋਂ ਵੱਧ ਤਰਜੀਹੀ ਦੇਸ਼ (ਮੋਸਟ ਫੇਵਰਡ ਨੇਸ਼ਨ) ਦੀ ਵਿਵਸਥਾ ਦੇ ਤਹਿਤ ਓਮਾਨ ਵਿੱਚ ਡਿਊਟੀ-ਮੁਕਤ ਪ੍ਰਵੇਸ਼ ਕਰਦਾ ਸੀ, ਜਦਕਿ ਬਾਕੀ ‘ਤੇ 5 ਪ੍ਰਤੀਸ਼ਤ ਤੱਕ ਦੀ ਡਿਊਟੀ ਲੱਗਦੀ ਸੀ। ਇਸ ਸੀਈਪੀਏ ਅਧੀਨ, ਭਾਰਤ ਦੇ ਵਰਤਮਾਨ ਨਿਰਯਾਤ ਦੀ 99.38 ਪ੍ਰਤੀਸ਼ਤ ਮਾਤਰਾ ਹੁਣ ਡਿਊਟੀ-ਮੁਕਤ ਪ੍ਰਵੇਸ਼ ਦਾ ਲਾਭ ਪ੍ਰਾਪਤ ਕਰੇਗੀ।

ਭਾਰਤੀ ਨਿਰਯਾਤਕਾਂ ਦੀ ਦ੍ਰਿਸ਼ਟੀ ਪੱਖੋਂ, ਇਹ ਲਾਭ ਕਾਫੀ ਮਹੱਤਵਪੂਰਨ ਹਨ। ਓਮਾਨ ਦੇ ਵਿਜ਼ਨ 2040’ ਤਹਿਤ ਬੁਨਿਆਦੀ ਢਾਂਚੇ, ਲੌਜਿਸਟਿਕਸ ਅਤੇ ਉਦਯੋਗਿਕ ਵਿਭਿੰਨਤਾ ਵਿੱਚ ਉਸ ਦੁਆਰਾ ਕੀਤੇ ਜਾ ਰਹੇ ਨਿਵੇਸ਼ ਨਾਲ ਮੰਗ ਵਿੱਚ ਵਾਧਾ ਹੋਵੇਗਾ। ਵਿੱਤੀ ਵਰ੍ਹੇ 2024-25 ਵਿੱਚ 875.83 ਮਿਲੀਅਨ ਅਮਰੀਕੀ ਡਾਲਰ ਕੀਮਤ ਦੀਆਂ ਇੰਜੀਨੀਅਰਿੰਗ ਵਸਤੂਆਂ ਦੇ ਨਿਰਯਾਤ ਦੇ 2030 ਤੱਕ ਵਧ ਕੇ 1.3 ਤੋਂ 1.6 ਬਿਲੀਅਨ ਅਮਰੀਕੀ ਡਾਲਰ ਦੇ ਦਰਮਿਆਨ ਹੋਣ ਦਾ ਅਨੁਮਾਨ ਹੈ। ਜ਼ੀਰੋ ਫੀਸ ਦੀ ਸੁਵਿਧਾ ਰਾਹੀਂ ਟੈਕਸਟਾਈਲ ਅਤੇ ਅਪੈਰਲ ਸੈਕਟਰ ਨੂੰ ਖੇਤਰੀ ਮੁਕਾਬਲੇਬਾਜ਼ੀਆਂ ‘ਤੇ ਮਹੱਤਵਪੂਰਨ ਵਾਧਾ ਮਿਲੇਗਾ। ਇਸ ਨਾਲ ਤਿਰੂਪੁਰ, ਸੂਰਤ, ਲੁਧਿਆਣਾ ਅਤੇ ਕੋਇੰਬਟੂਰ ਵਰਗੇ ਕਿਰਤ-ਪ੍ਰਧਾਨ ਖੇਤਰਾਂ ਨੂੰ ਪੁਨਰ-ਸੁਰਜੀਤ ਕਰਨ ਵਿੱਚ ਮਦਦ ਮਿਲੇਗੀ ਅਤੇ ਨਾਲ ਹੀ ਰੁਜ਼ਗਾਰ ਵੀ ਪੈਦਾ ਹੋਵੇਗਾ।

ਮੌਕੇ ਵਿਆਪਕ ਅਤੇ ਵਿਭਿੰਨ ਹਨ। ਆਯਾਤ-ਨਿਰਭਰ ਓਮਾਨ ਦੀ ਫਾਰਮਾਸਿਊਟੀਕਲ ਮਾਰਕਿਟ ਭਾਰਤੀ ਕੰਪਨੀਆਂ ਲਈ ਮਜ਼ਬੂਤ ​​ਸੰਭਾਵਨਾਵਾਂ ਪੇਸ਼ ਕਰਦੀ ਹੈ। ਰੈਗੂਲੇਟਰੀ ਪ੍ਰਵਾਨਗੀਆਂ ਵਿੱਚ ਤੇਜ਼ੀ, ਗੁਣਵੱਤਾ ਪ੍ਰਮਾਣੀਕਰਣਾਂ ਦੀ ਮਾਨਤਾ ਅਤੇ ਮੁੱਖ ਉਤਪਾਦਾਂ ਲਈ ਡਿਊਟੀ-ਮੁਕਤ ਪਹੁੰਚ ਨਾਲ ਪਾਲਣਾ ਸਬੰਧੀ ਲਾਗਤਾਂ ਵਿੱਚ ਕਮੀ ਆਵੇਗੀ ਅਤੇ ਬਜ਼ਾਰ ਵਿੱਚ ਪ੍ਰਵੇਸ਼ ਵਧੇਗਾ। ਚੌਲ, ਪ੍ਰੋਸੈੱਸਡ ਫੂਡ ਪ੍ਰੋਡਕਟਸ, ਮਸਾਲੇ ਅਤੇ ਕਨਫੈਕਸ਼ਨਰੀ ਸਮੇਤ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ 'ਤੇ ਅਧਾਰਿਤ ਨਿਰਯਾਤ ਨੂੰ ਵੀ ਲਾਭ ਹੋਵੇਗਾ।

ਖੁੱਲ੍ਹਦੇ ਬਜ਼ਾਰ, ਹਿਤਾਂ ਦੀ ਰੱਖਿਆ ਕਰਨਾ
ਭਾਰਤ ਦੇ ਹਾਲੀਆ ਵਪਾਰ ਸਮਝੌਤਿਆਂ ਦੇ ਅਨੁਸਾਰ, ਇਸ CEPA ਇੱਕ ਸੰਤੁਲਿਤ ਅਤੇ ਚੰਗੀ ਤਰ੍ਹਾਂ ਵਿਚਾਰਿਆ ਗਿਆ ਦ੍ਰਿਸ਼ਟੀਕੋਣ ਸ਼ਾਮਲ ਹੈ। ਜਿੱਥੇ ਇੱਕ ਪਾਸੇ, ਭਾਰਤ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨ ਅਤੇ ਗਲੋਬਲ ਸਪਲਾਈ ਚੇਨਾਂ ਵਿੱਚ ਸ਼ਾਮਲ ਹੋਣ ਲਈ ਬਜ਼ਾਰ ਖੋਲ੍ਹ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਰਿਹਾ ਹੈ। ਡੇਅਰੀ ਅਤੇ ਅਨਾਜ ਵਰਗੇ ਮੁੱਖ ਖੇਤੀਬਾੜੀ ਉਤਪਾਦਾਂ ਦੇ ਨਾਲ -ਨਾਲ ਰਬੜ, ਟੈਕਸਟਾਈਲ ਅਤੇ ਜੁੱਤੀ ਵਰਗੇ ਉਦਯੋਗ ਸੁਰੱਖਿਅਤ ਬਣੇ ਹੋਏ ਹਨ। ਇਹ ਦ੍ਰਿਸ਼ਟੀਕੋਣ ਬਾਹਰੀ ਬਜ਼ਾਰਾਂ ਤੱਕ ਪਹੁੰਚ ਅਤੇ ਘਰੇਲੂ ਕਮਜ਼ੋਰੀਆਂ ਤੋਂ ਬਚਾਅ ਨੂੰ ਏਕੀਕ੍ਰਿਤ ਕਰਦਾ ਹੈ।

ਭਾਰਤ ਨੇ ਓਮਾਨ ਤੋਂ ਆਯਾਤ ਹੋਣ ਵਾਲੇ ਲਗਭਗ 95 ਪ੍ਰਤੀਸ਼ਤ ਉਤਪਾਦਾਂ ‘ਤੇ ਲਾਗੂ ਹੋਣ ਵਾਲੀ ਆਪਣੀ 77 ਪ੍ਰਤੀਸ਼ਤ ਤੋਂ ਵੱਧ ਟੈਰਿਫ ਲਾਈਨਾਂ ਨੂੰ ਉਦਾਰ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਨਾਲ ਓਮਾਨ ਦੇ ਪ੍ਰਮੁੱਖ ਨਿਰਯਾਤਾਂ, ਖਾਸ ਕਰਕੇ ਮੀਥੇਨੌਲ ਅਤੇ ਐਨਹਾਈਡ੍ਰਸ ਅਮੋਨੀਆ ਵਰਗੇ ਉਦਯੋਗਿਕ ਇਨਪੁਟਸ ਨੂੰ ਮੁਕਾਬਲੇ ਵਾਲਾ ਲਾਭ ਮਿਲੇਗਾ। ਓਮਾਨ ਨੂੰ ਧਾਤਾਂ ਅਤੇ ਮਿਸ਼ਰ ਧਾਤਾਂ ਦੀ ਇੱਕ ਵਿਸਤ੍ਰਿਤ ਲੜੀ ਵਿੱਚ ਤਰਜੀਹੀ ਬਜ਼ਾਰ ਪਹੁੰਚ ਹਾਸਲ ਹੋਵੇਗੀ। ਇਸ ਨਾਲ ਸਾਡੇ ਦੋਵੇਂ ਦੇਸ਼ਾਂ ਨੂੰ ਘੱਟ ਉਤਪਾਦਨ ਲਾਗਤ ਦਾ ਲਾਭ ਲੈਣ ਵਿੱਚ ਮਦਦ ਮਿਲੇਗੀ। 

ਜਿਨ੍ਹਾਂ ਖੇਤਰਾਂ ਵਿੱਚ ਭਾਰਤ ਦੇ ਰੱਖਿਆਤਮਕ ਹਿਤ ਹਨ, ਉਨ੍ਹਾਂ ਖੇਤਰਾਂ ਵਿੱਚ ਟੈਰਿਫ ਦਰ ਕੋਟਾ (ਟੀਆਰਕਿਊ) ਰਾਹੀਂ ਓਮਾਨ ਨੂੰ ਪਹੁੰਚ ਪ੍ਰਦਾਨ ਕੀਤੀ ਗਈ ਹੈ। ਇਹ ਵਿਵਸਥਾ ਦਰਸਾਈ ਗਈ ਮਾਤਰਾ ਦੀ ਸੀਮਾ ਅੰਦਰ ਖਜੂਰ, ਸੰਗਮਰਮਰ ਅਤੇ ਚੁਣੇ ਹੋਏ ਪੈਟਰੋਕੈਮੀਕਲ ਵਰਗੇ ਉਤਪਾਦਾਂ ਦੇ ਤਰਜੀਹੀ ਨਿਰਯਾਤ ਦੀ ਪ੍ਰਵਾਨਗੀ ਦਿੰਦੀ ਹੈ। ਬਹੁਤ ਸਾਵਧਾਨੀ ਨਾਲ ਤਿਆਰ ਕੀਤੀ ਗਿਆ ਜੁੜਾਅ ਦਾ ਇਹ ਢੰਗ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੰਕ੍ਰਮਣ ਕਾਲ ਦੌਰਾਨ ਕਮਜ਼ੋਰ ਖੇਤਰਾਂ ਨੂੰ ਸਹਾਇਤਾ ਵੀ ਪ੍ਰਦਾਨ ਕਰਦਾ ਹੈ। 

ਵਪਾਰ, ਪ੍ਰਤਿਭਾ ਅਤੇ ਭਰੋਸਾ
ਇਹ ਸੀਈਪੀਏ ਭਾਰਤੀ ਸਰਵਿਸ ਪ੍ਰੋਵਾਈਡਰਾਂ ਨੂੰ ਉਨ੍ਹਾਂ ਸਾਰੇ ਖੇਤਰਾਂ ਵਿੱਚ ਰੁਕਾਵਟੀ ਵਚਨਬੱਧਤਾਵਾਂ ਪ੍ਰਦਾਨ ਕਰਦਾ ਹੈ, ਜਿੱਥੇ ਭਾਰਤ ਦੀ ਸਥਿਤੀ ਸਪਸ਼ਟ ਤੌਰ ‘ਤੇ ਮਜ਼ਬੂਤ ਹੈ। ਇਨ੍ਹਾਂ ਵਿੱਚ ਆਈਟੀ, ਪੇਸ਼ੇਵਰ ਸੇਵਾਵਾਂ ਅਤੇ ਨਿਰਮਾਣ ਖੇਤਰ ਸ਼ਾਮਲ ਹਨ। ਵਿਭਿੰਨ ਖੇਤਰਾਂ ਵਿੱਚ ਸੌ ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇਣ ਵਾਲੇ ਪ੍ਰਬੰਧਾਂ ਨਾਲ, ਭਾਰਤੀ ਕੰਪਨੀਆਂ ਨੂੰ ਓਮਾਨ ਵਿੱਚ ਆਪਸੀ ਮੌਜੂਦਗੀ ਦਾ ਵਿਸਤਾਰ ਕਰਨ ਦੇ ਵਧੇਰੇ ਮੌਕੇ ਮਿਲਣਗੇ। 

ਹੁਨਰਾਂ ਪੱਖੋਂ ਵੀ, ਇਹ ਸਮਝੌਤਾ ਇੱਕ ਵੱਡੀ ਪ੍ਰਾਪਤੀ ਹੈ। ਕੰਪਨੀ ਅੰਦਰ ਤਬਾਦਲੇ ਕੀਤੇ ਕਰਮਚਾਰੀਆਂ ਦੀ ਸੀਮਾ ਨੂੰ 50% ਤੱਕ ਵਧਾ ਕੇ, ਭਾਰਤੀ ਕੰਪਨੀਆਂ ਨੂੰ ਹੁਣ ਵਿਸ਼ੇਸ਼ਤਾ ਪ੍ਰਾਪਤ ਕਰਮਚਾਰੀਆਂ ਨੂੰ ਅਸਾਨੀ ਨਾਲ ਤੈਨਾਤ ਕਰਨ ਅਤੇ ਬਜ਼ਾਰ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਸੁਵਿਧਾ ਮਿਲ ਗਈ ਹੈ। ਇਸ ਤੋਂ ਇਲਾਵਾ, ਕਿਸੇ ਵੀ ਮੁਕਤ ਵਪਾਰ ਸਮਝੌਤੇ (ਐੱਫਟੀਏ) ਵਿੱਚ ਪਹਿਲੀ ਵਾਰ, ਓਮਾਨ ਨੇ ਸੁਤੰਤਰ ਪੇਸ਼ੇਵਰਾਂ ਲਈ ਇੱਕ ਸਮਰਪਿਤ ਆਵਾਜਾਈ ਦੀ ਵਿਵਸਥਾ ਸਥਾਪਿਤ ਕੀਤੀ ਹੈ। ਹੁਣ ਜਦਕਿ ਆਲਮੀ ਪੱਧਰ ‘ਤੇ ਜਨਸੰਖਿਆ ਤਬਦੀਲੀਆਂ ਕਾਰਨ ਫੈਕਟਰੀਆਂ ਵਿੱਚ ਵਰਕਰਾਂ ਦੀ ਘਾਟ ਹੋ ਰਹੀ ਹੈ ਅਤੇ ਆਧੁਨਿਕ ਮੈਨੂਫੈਕਚਰਿੰਗ ਸੈਕਟਰ ਏਆਈ ਅਤੇ ਰੋਬੋਟਿਕਸ ਨਾਲ ਜੁੜ ਰਿਹਾ ਹੈ, ਅਜਿਹੇ ਵਿੱਚ ਇਹ ਪ੍ਰਬੰਧ ਭਾਰਤੀ ਪ੍ਰਤਿਭਾਵਾਂ  ਲਈ ਦੁਨੀਆ ਭਰ ਵਿੱਚ ਇੱਕ ਸਸ਼ਕਤ ਮਿਸਾਲ ਕਾਇਮ ਕਰਦਾ ਹੈ। 

ਇਸ ਸੀਈਪੀਏ ਵਿੱਚ ਸਮਰਪਿਤ ਸਿਹਤ ਸੇਵਾ ਦੀ ਇੱਕ ਅੰਤਿਕਾ (ਅਪੈਂਡਿਕਸ) ਵੀ ਸ਼ਾਮਲ ਹੈ, ਜੋ ਕਿ ਆਯੁਰਵੇਦ ਵਰਗੀਆਂ ਰਵਾਇਤੀ ਪ੍ਰਣਾਲੀਆਂ ਨੂੰ ਮੁੱਖ ਧਾਰਾ ਦੀ ਸਿਹਤ ਸੇਵਾ ਵਿੱਚ ਸ਼ਾਮਲ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਦਾ ਹੈ। ਨਾਲ ਹੀ, ਇਹ ਮੈਡੀਕਲ ਪ੍ਰੋਫੈਸ਼ਨਲਜ਼ ਲਈ ਲਾਈਸੈਂਸਿੰਗ ਪ੍ਰਕਿਰਿਆਵਾਂ ਨੂੰ ਵੀ ਯੋਜਨਾਬੱਧ ਕਰਦਾ ਹੈ। ਇਸ ਤੋਂ ਇਲਾਵਾ, ਇੱਕ ਲਾਜਮੀ ਸਮਾਜਿਕ ਸੁਰੱਖਿਆ ਸਮਝੌਤੇ ਨਾਲ ਸਬੰਧਿਤ ਗੱਲਬਾਤ ਨਾਲ ਭਵਿੱਖ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਦੋਹਰੇ ਯੋਗਦਾਨ ਦੇ ਬੋਝ ਤੋਂ ਬਚਾਇਆ ਜਾ ਸਕੇਗਾ।

ਖੇਤਰੀ ਸਪਲਾਈ ਚੇਨਾਂ ਦਾ ਨਿਰਮਾਣ
ਭਾਰਤ-ਓਮਾਨ ਸੀਈਪੀਏ ਰੈਗੂਰੇਟਰੀ ਸਹਿਯੋਗ, ਤਾਲਮੇਲ ਵਾਲੇ ਮਿਆਰਾਂ ਅਤੇ ਅਨੁਕੂਲਤਾ ਮੁਲਾਂਕਣ ਪ੍ਰਕਿਰਿਆਵਾਂ ਰਾਹੀਂ ਨੌਨ-ਟੈਰਿਫ ਰੁਕਾਵਟਾਂ ਨੂੰ ਦੂਰ ਕਰਕੇ ਟੈਰਿਫ ਤੋਂ ਪਰ੍ਹੇ ਜਾਂਦਾ ਹੈ। ਇਹ ਭਾਰਤ ਦੇ ਆਧੁਨਿਕ ਵਪਾਰ ਸਮਝੌਤਿਆਂ ਨਾਲ ਜੁੜੇ ਉੱਚ ਮਿਆਰਾਂ ਨੂੰ ਦਰਸਾਉਂਦਾ ਹੈ ਅਤੇ ਸੀਮਾ ਅੰਦਰ ਮੌਜੂਦ ਵਣਜ ਵਿੱਚ ਰੁਕਾਵਟ ਪਾਉਣ ਵਾਲੀਆਂ ਵੱਖ-ਵੱਖ ਰੁਕਾਵਟਾਂ ਨੂੰ ਦੂਰ ਕਰਦਾ ਹੈ। 

ਭਾਰਤ ਇੱਕ ਬਹੁਤ ਹੀ ਏਕੀਕ੍ਰਿਤ ਖੇਤਰੀ ਵਪਾਰ ਢਾਂਚੇ ਦੀ ਨੀਂਹ ਰੱਖ ਰਿਹਾ ਹੈ। ਭਾਰਤ ਦੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਨਾਲ ਜੁੜੇ ਸਾਰੇ ਸਾਂਝੇਦਾਰ ਮਿਲ ਕੇ ਹੁਣ ਆਲਮੀ ਜੀਡੀਪੀ ਦਾ ਲਗਭਗ 67 ਪ੍ਰਤੀਸ਼ਤ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਆਲਮੀ ਆਯਾਤ ਦਾ ਲਗਭਗ 75% ਹਿੱਸਾ ਹਨ। ਖਾੜ੍ਹੀ, ਪੂਰਵੀ ਅਫਰੀਕਾ ਅਤੇ ਵਿਆਪਕ ਹਿੰਦ ਮਹਾਸਾਗਰ ਖੇਤਰ ਦੇ ਮਿਲਾਨ ਬਿੰਦੂ ‘ਤੇ ਸਥਿਤ, ਓਮਾਨ ਨੂੰ ਇੱਕ ਅਨੋਖੀ ਭੂਗੋਲਿਕ ਹੈਸੀਅਤ ਹਾਸਲ ਹੈ। ਸੋਹਾਰ, ਦੁੱਕਮ ਅਤੇ ਸਲਾਲਾਹ ਵਰਗੇ ਓਮਾਨ ਦੇ ਲੌਜਿਸਟਿਕਸ ਅਤੇ ਉਦਯੋਗਿਕ ਕੇਂਦਰ ਭਾਰਤ ਦੀਆਂ ਮੈਨੂਫੈਕਚਰਿੰਗ ਸਬੰਧੀ ਮੁਹਾਰਤ ਅਤੇ ਪ੍ਰਤਿਭਾਵਾਂ ਨੂੰ ਵਿਆਪਕ ਮੱਧ ਪੂਰਵ ਅਤੇ ਅਫਰੀਕਾ ਨਾਲ ਜੋੜ ਕੇ ਵੈਲਿਊ ਚੇਨਾਂ ਨੂੰ ਏਕੀਕ੍ਰਿਤ ਕਰ ਸਕਦੇ ਹਨ। ਇਸ ਦਾ ਨਤੀਜਾ ਖੇਤਰੀ ਸੰਪਰਕ ਅਤੇ ਵਿਕਾਸ ਲਈ ਤਿਆਰ ਇੱਕ ਸਾਂਝੇਦਾਰੀ ਵਜੋਂ ਸਾਹਮਣੇ ਹੋਵੇਗਾ।  

ਵਪਾਰ ਸਮਝੌਤੇ ਤਾਂ ਹੀ ਸਫਲ ਹੁੰਦੇ ਹਨ ਜਦੋਂ ਉਹ ਭਰੋਸਾ ਪੈਦਾ ਕਰਦੇ ਹਨ, ਕਾਰੋਬਾਰਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੇ ਹਨ, ਕਾਮਿਆਂ ਨੂੰ ਨਵੇਂ ਹੁਨਰ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਅਰਥਵਿਵਸਥਾਵਾਂ ਨੂੰ ਸਥਾਈ ਸਾਂਝੇਦਾਰੀ ਬਣਾਉਣ ਲਈ ਅੱਗੇ ਵਧਾਉਂਦੇ ਹਨ। ਇਹ ਸੀਈਪੀਏ ਸਹੀ ਕੰਮ ਕਰ ਰਿਹਾ ਹੈ। ਇਹ ਸਦੀਆਂ ਪੁਰਾਣੇ ਰਿਸ਼ਤੇ ਨੂੰ 21ਵੀਂ ਸਦੀ ਦੀਆਂ ਹਕੀਕਤਾਂ ਦੇ ਅਨੁਸਾਰ ਇੱਕ ਰਣਨੀਤਕ ਆਰਥਿਕ ਸਾਂਝੇਦਾਰੀ ਵਿੱਚ ਤਬਦੀਲ ਕਰ ਰਿਹਾ ਹੈ। 

 (ਲੇਖਕ ਵਣਜ ਵਿਭਾਗ ਦੇ ਸਕੱਤਰ ਹਨ)