ਉਰਦੂ ਆਮੋਜ਼ ਕੋਰਸ ਜੁਲਾਈ ਤੋਂ .

*ਭਾਸ਼ਾ ਵਿਭਾਗ ਵੱਲੋਂ ਉਰਦੂ ਆਮੋਜ਼ ਕੋਰਸ ਜੁਲਾਈ ਤੋਂ ਸ਼ੁਰੂ*

ਲੁਧਿਆਣਾ, 5 ਜੂਨ (ਇੰਦਰਜੀਤ) - ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ ਦਾ ਅਗਲਾ  ਸ਼ੈਸ਼ਨ  ਜੁਲਾਈ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੀਆਂ ਕਲਾਸਾਂ  ਜ਼ਿਲ੍ਹਾ ਭਾਸ਼ਾ ਦਫ਼ਤਰ, ਪੰਜਾਬੀ ਭਵਨ, ਲੁਧਿਆਣਾ ਵਿਖੇ ਲੱਗਣਗੀਆਂ।

ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਡਾ. ਸੰਦੀਪ ਸ਼ਰਮਾ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਅਦਾਰਾ ਭਾਸ਼ਾ ਵਿਭਾਗ, ਪੰਜਾਬ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ  ਅਤੇ ਪ੍ਰਸਾਰ ਲਈ ਅਨੇਕ ਉਪਰਾਲੇ ਕਰ ਰਿਹਾ ਹੈ, ਉੱਥੇ ਹੀ ਹੋਰ ਭਾਸ਼ਾਵਾਂ ਦੇ ਕਲਾਸਕੀ ਸਾਹਿਤ ਦੇ ਪੰਜਾਬੀ ਅਨੁਵਾਦ ਰਾਹੀਂ ਪੰਜਾਬੀ ਪਾਠਕਾਂ ਦੀ ਸਾਂਝ ਵਿਸ਼ਵ ਸਾਹਿਤ ਨਾਲ ਵੀ ਪਵਾਉਂਦਾ ਹੈ। ਭਾਸ਼ਾ ਵਿਭਾਗ ਦੁਆਰਾ ਪੰਜਾਬ ਵਿੱਚ ਸਾਹਿਤਿਕ ਅਤੇ ਦਫ਼ਤਰੀ ਲੋੜਾਂ ਲਈ ਉਰਦੂ ਭਾਸ਼ਾ ਦੇ ਗਿਆਨ ਦੇ  ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਉਰਦੂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।

ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ ਦਾ ਅਗਲਾ  ਸ਼ੈਸ਼ਨ  ਜੁਲਾਈ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਕੋਰਸ ਲਈ ਕੇਵਲ 500 ਰੁਪਏ ਪ੍ਰੀਖਿਆ ਫੀਸ ਤੋਂ ਬਿਨਾਂ ਹੋਰ ਕੋਈ ਫੀਸ ਨਹੀਂ ਲਈ ਜਾਂਦੀ।  ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਮਿਆਦ 6 ਮਹੀਨੇ ਹੈ ਜਿਸ ਲਈ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। 

ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਲੁਧਿਆਣਾ ਕੇਂਦਰ ਦੇ ਅਨੇਕ ਸਿਖਿਆਰਥੀਆਂ ਨੇ ਰਾਜ ਪੱਧਰੀ ਪ੍ਰੀਖਿਆ ਵਿੱਚੋਂ ਪੁਜੀਸ਼ਨਾਂ ਵੀ ਹਾਸਲ ਕੀਤੀਆਂ ਹਨ। ਉਰਦੂ ਕਲਾਸ ਲਈ ਵਿਭਾਗ ਵੱਲੋਂ ਕਾਬਿਲ ਉਰਦੂ ਅਧਿਆਪਕ ਦਾ ਪ੍ਰਬੰਧ ਕੀਤਾ ਗਿਆ ਹੈ। ਕਲਾਸ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਛੇ ਵਜੇ ਦਾ ਹੈ ਜਿਸ ਕਾਰਨ ਕੰਮ-ਕਾਜ ਅਤੇ ਨੌਕਰੀ ਵਾਲੇ ਲੋਕ ਵੀ ਇਸ ਦਾ ਲਾਭ ਉਠਾ ਸਕਦੇ ਹਨ। 

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸ਼ਰਮਾ ਨੇ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 77650-00367 ਅਤੇ 96462-57743 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।