ਕੋਰਟਸ਼ਿਪ.
ਕੋਰਟਸ਼ਿਪ
ਆਸਥਾ ਦੀ ਮਨੋਵਿਗਿਆਨ ਦੀ ਪੜ੍ਹਾਈ ਖਤਮ ਹੋਈ ਹੀ ਸੀ ਕਿ ਘਰ ਵਿਚ ਉਸ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਏਨੀ ਸੁਨੱਖੀ ਕੁੜੀ ਨੂੰ ਕੋਈ ਵੀ ਦੇਖ ਕੇ ਨਾਂਹ ਨਹੀਂ ਸੀ ਕਰ ਸਕਦਾ।
ਇਕ ਦਿਨ ਉਸ ਦੀ ਸਹੇਲੀ ਸੋਨਾਕਸ਼ੀ ਉਨ੍ਹਾਂ ਦੇ ਘਰ ਆਈ ਤਾਂ ਉਸ ਨੇ ਆਸਥਾ ਦੀ ਮੰਮੀ ਨੂੰ ਕਿਹਾ,
‘ਆਂਟੀ ਜੀ, ਅਸੀਂ ਸ਼ੁਰੂ ਤੋਂ ਲੈ ਕੇ ਯੂਨੀਵਰਸਿਟੀ ਤੱਕ ਇਕੱਠੀਆਂ ਪੜ੍ਹੀਆਂ ਹਾਂ। ਹੁਣ ਜਦੋਂ ਵਿਆਹ ਦੀ ਗੱਲ ਤੁਰਦੀ ਹੈ ਤਾਂ ਇਸ ਤੋਂ ਵਿਛੜਨ ਦਾ ਡਰ ਲੱਗਾ ਰਹਿੰਦਾ ਹੈ। ਕਿੰਨਾਂ ਚੰਗਾ ਹੋਵੇ ਜੇ ਆਸਥਾ ਨੂੰ ਮੇਰੀ ਭਾਬੀ ਬਣਾ ਦੇਵੋ।’
‘‘ਸੋਨਾਕਸ਼ੀ, ਤੂੰ ਇਹ ਕੀ ਕਹਿ ਰਹੀ ਏਂ? ਦਿਨੇ ਸੁਫ਼ਨੇ ਲੈਣੇ ਛੱਡ ਦੇ।’’ ਆਸਥਾ ਨੇ ਕਿਹਾ।
‘‘ਐਵੇਂ ਗੁੱਸਾ ਨਾ ਕਰ। ਤੂੰ ਕਿਤੇ ਤਾਂ ਵਿਆਹ ਕਰਵਾਏਂਗੀ ਹੀ। ਜੇ ਮੇਰਾ ਭਰਾ ਤੈਨੂੰ ਪਸੰਦ ਆ ਜਾਵੇ ਤਾਂ ਹਰਜ਼ ਵੀ ਕੀ ਹੈ?’’
ਅਜੇ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਆਸਥਾ ਦੀ ਦਾਦੀ ਕ੍ਰਿਸ਼ਨਾ ਜੀ ਵੀ ਉਨ੍ਹਾਂ ਕੋਲ ਆ ਕੇ ਬੈਠ ਗਏ।
‘‘ਪੁੱਤ ਮੈਨੂੰ ਵੀ ਤਾਂ ਦੱਸੋ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ?’’
‘‘ਕੁਝ ਵੀ ਨਹੀਂ ਦਾਦੀ ਜੀ। ਮੈਂ ਤਾਂ ਆਸਥਾ ਨੂੰ ਭਾਬੀ ਬਣਾਉਣ ਬਾਰੇ ਗੱਲ ਕਰ ਰਹੀ ਸੀ। ਤੁਸੀਂ ਦੱਸੋ ਮੈਂ ਕੀ ਗ਼ਲਤ ਕਹਿ ਦਿੱਤਾ?’’
‘‘ਇਹ ਤਾਂ ਚੰਗੀ ਗੱਲ ਹੈ। ਸਹੇਲੀਆਂ ਫਿਰ ਇਕੱਠੀਆਂ ਹੋ ਜਾਣਗੀਆਂ।’’ ਦਾਦੀ ਨੇ ਮੁਸਕਾਉਦੇ ਹੋਏ ਆਖਿਆ।
‘‘ਦਾਦੀ ਜੀ ਨੂੰ ਵੀ ਮਜ਼ਾਕ ਸੁਝਦੇ ਨੇ।’’ ਆਸਥਾ ਨੇ ਮੂੰਹ ਬਣਾਉਦਿਆਂ ਕਿਹਾ।
‘‘ਸੋਨਾਕਸ਼ੀ ਪੁੱਤ, ਇਸ ਨੂੰ ਮਜ਼ਾਕ ਲੱਗਦਾ ਹੈ। ਪਰ ਮੈਂ ਤਾਂ ਦਿਲੋਂ ਖੁਸ਼ ਹਾਂ। ਤੂੰ ਆਪਣੇ ਘਰ ਗੱਲ ਕਰ, ਇਸ ਨੂੰ ਮੈਂ ਆਪੇ ਸਮਝਾ ਲਵਾਂਗੀ।’’
ਅਗਲੇ ਦਿਨ ਹੀ ਸੋਨਾਕਸ਼ੀ ਦੇ ਘਰੋਂ ਆਸਥਾ ਦੇ ਰਿਸ਼ਤੇ ਲਈ ਸੁਨੇਹਾ ਆਇਆ ਤਾਂ ਦੋਹਾਂ ਪਰਿਵਾਰਾਂ ਨੇ ਮਿਲਣ ਲਈ ਦਿਨ ਨੀਯਤ ਕਰ ਲਿਆ।
ਸੋਨਾਕਸ਼ੀ ਬੜੀ ਖੁਸ਼ ਸੀ ਕਿ ਉਸ ਦੇ ਭਰਾ ਅਨਮੋਲ ਨੂੰ ਵੀ ਆਸਥਾ ਪਸੰਦ ਹੈ। ਜਦੋਂ ਆਸਥਾ ਦੀ ਸਹਿਮਤੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਮੈਂ ਕੋਰਟਸ਼ਿਪ ਤੋਂ ਬਾਅਦ ਹੀ ਕੋਈ ਫ਼ੈਸਲਾ ਕਰਾਂਗੀ।’’
ਲੇਖਿਕਾ
- ਸੁਰਿੰਦਰ ਦੀਪ
