ਅਪ੍ਰੈਂਟਿਸ ਨੌਜਵਾਨਾਂ ਤੇ ਲਾਠੀਚਾਰਜ ਦੀ ਨਿੰਦਾ .

ਸ਼ਾਂਤਮਈ ਢੰਗ ਨਾਲ ਹੱਕ ਮੰਗਦੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਮਾਨ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਲਈ ਸ਼ਰਮਨਾਕ : ਸ਼ਿਮਲਾਪੁਰੀ


ਕਿਹਾ ! ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ

ਲੁਧਿਆਣਾ, 6 ਜੂਨ (ਵਰਿੰਦਰ) ਪੰਜਾਬ ਸਰਕਾਰ ਵਲੋ ਕੀਤੇ ਵਾਅਦੇ ਅਨੁਸਾਰ ਆਪਣਾ ਹੱਕ ਲੈਣ ਲਈ ਪਟਿਆਲਾ ਦੇ ਪੀਐਸਪੀਸੀਐਲ ਦਫਤਰ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕਰਦੇ 2600 ਅਪ੍ਰੇਂਟਿਸ ਯੂਨੀਅਨ ਦੇ ਪੜ੍ਹੇ ਲਿਖੇ ਨੌਜਵਾਨਾਂ ਤੇ ਸਰਕਾਰ ਦੇ ਆਦੇਸ਼ਾਂ ਤੇ ਪੁਲਿਸ ਵਲੋਂ ਅੰਨੇਵਾਹ ਲਾਠੀਚਾਰਜ ਕਰਨਾ ਮਾਨ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਲਈ ਬਹੁਤ ਹੀ ਸ਼ਰਮਨਾਕ ਕਾਰਾ ਹੈ। ਇਹ ਬਿਆਨ ਜਾਰੀ ਕਰਦੇ ਹੋਏ ਸਾਬਕਾ ਡਿਪਟੀ ਮੇਅਰ ਪਤੀ, ਜਿਲ੍ਹਾ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸੰਭਾਵੀ ਉਮੀਦਵਾਰ ਸ. ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਭਾਸ਼ਨਾਂ ਵਿੱਚ ਕਹਿੰਦੇ ਹੁੰਦੇ ਸਨ ਕਿ ਆਪ ਸਰਕਾਰ ਆਉਣ ਤੇ ਨਾਂ ਕੋਈ ਧਰਨਾ ਲਵੇਗਾ, ਨਾਂ ਕੋਈ ਹੜਤਾਲ ਕਰੇਗਾ, ਨਾਂ ਕੋਈ ਟੈਂਕੀਆਂ ਤੇ ਚੜ੍ਹੇਗਾ ਅਤੇ ਨਾਂ ਹੀ ਕੋਈ ਸੜਕਾਂ ਰੋਕੇਗਾ। ਕਿਉ ਕਿ ਇਨ੍ਹਾਂ ਦੀ ਥਾਂ ਇਨ੍ਹਾਂ ਦੇ ਦਫਤਰਾਂ ਵਿੱਚ ਹੈ। ਪਰ ਹੁਣ ਥਾਂ ਥਾਂ ਹੁੰਦੇ ਧਰਨੇ ਮੁਜਾਹਰੇ ਸਾਬਤ ਕਰਦੇ ਹਨ ਕਿ ਇਹ ਕਿ ਇਸ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਨ੍ਹਾਂ ਹੋਰ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਰੀਲਾਂ ਤੋਂ ਸਾਫ ਦਿੱਖ ਰਿਹਾ ਹੈ ਕਿ ਕਿਸ ਤਰਾਂ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਨਿਹੱਥੇ ਨੌਜਵਾਨਾਂ ਨੂੰ ਬੁੱਚੜਾਂ ਵਾਂਗ ਕੁੱਟ ਰਹੇ ਹਨ ਅਤੇ ਡਾਂਗਾਂ ਨਾਲ ਉਨ੍ਹਾਂ ਦੇ ਪੇਟ ਵਿੱਚ ਹੁੱਜਾ ਮਾਰ ਰਹੇ ਹਨ। ਜਿਵੇਂ ਉਹ ਕੋਈ ਅੱਤਵਾਦੀ ਜਾਂ ਵੱਖਵਾਦੀ ਹੋਣ। ਸ. ਸ਼ਿਮਲਾਪੁਰੀ ਨੇ ਅੱਗੇ ਕਿਹਾ ਕਿ ਪਟਿਆਲਾ ਦੇ ਡੀਐਸਪੀ ਨੂੰ ਫੌਰੀ ਤੌਰ ਤੇ ਡਿਸਮਿਸ ਕਰਕੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਗ੍ਰਹਿ ਮੰਤਰੀ ਹੁੰਦੇ ਹੋਏ ਭਗਵੰਤ ਮਾਨ ਨੂੰ ਇਸ ਦੀ ਜੁੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ।