13 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਤੇ ਔਰਤ ਗ੍ਰਿਫ਼ਤਾਰ
ਖੰਨਾ, 6 ਜੂਨ (ਮਨਜੀਤ ਸਿੰਘ ਧੀਮਾਨ) --ਸਥਾਨਕ ਪੁਲੀਸ ਨੇ ਇਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਰੇਲਵੇ ਰੋਡ ਖੰਨਾ ਤੋਂ ਖੰਡਰ ਹੋਏ ਐਫ਼ ਸੀ ਆਈ ਗੁਦਾਮਾਂ ਵੱਲ ਗਸ਼ਤ ’ਤੇ ਸਨ ਤਾਂ ਰੇਲਵੇ ਸਟੇਸ਼ਨ ਤੋਂ ਪੈਦਲ ਆਉਂਦੇ ਨੌਜਵਾਨ ਨੇ ਪੁਲੀਸ ਨੂੰ ਦੇਖ ਕੇ ਹੱਥ ਵਿਚ ਫਡ਼ਿਆ ਮੋਮੀ ਲਿਫਾਫਾ ਸੁੱਟ ਦਿੱਤਾ। ਪੁਲੀਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਲਿਫਾਫਾ ਚੈਕ ਕੀਤਾ ਤਾਂ ਉਸ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਏ ਐੱਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਖੰਨਾ ਇਲਾਕੇ ਵਿਚ ਗਸ਼ਤ ਦੌਰਾਨ ਸ਼ੱਕ ਦੇ ਅਧਾਰ ’ਤੇ ਔਰਤ ਪਾਲੋ ਵਾਸੀ ਮਲੌਦ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਉਪਰੋਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਅਰੰਭ ਦਿੱਤੀ ਗਈ ਹੈ।