ਮੈਡੀਕਲ ਕੈਂਪ ਲਗਾਇਆ .
*ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ*
ਲੁਧਿਆਣਾ : ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿਰਪਾਲ ਆਸ਼ਰਮ ਵਿੱਖੇ 7 ਜੂਨ, 2026 ਨੂੰ ਕ੍ਰਿਸ਼ਨਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸਵਾਤੀ ਖੁਰਾਣਾ ਅਤੇ ਉਨ੍ਹਾਂ ਦੀ ਟੀਮ ਨੇ ਕੈਂਪ ਵਿੱਚ ਆਏ ਸੈਂਕੜੇ ਭੈਣਾਂ-ਭਰਾਵਾਂ ਦੀ ਜਾਂਚ ਕੀਤੀ ਅਤੇ ਮਿਸ਼ਨ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਸੀਟੀ ਯੂਨੀਵਰਸਿਟੀ ਦੇ ਫਿਜ਼ਿਓਥੈਰੇਪੀ ਵਿਭਾਗ ਦੀ ਡਾ. ਸ਼ਮਿੰਦਰ ਕੌਰ ਅਤੇ ਡਾ. ਨੇਹਾ ਵੱਲੋਂ
ਹੱਡੀਆਂ, ਜੋੜਾਂ, ਗਰਦਨ, ਕਮਰ ਦਰਦ, ਨਿਊਰੋਲੋਜੀਕਲ ਅਤੇ ਹੋਰ ਸਰੀਰਕ ਸਮੱਸਿਆਵਾਂ ਨਾਲ ਪੀੜਤ ਮਰੀਜਾਂ ਦੀ ਜਾਂਚ ਅਤੇ ਇਲਾਜ ਵੀ ਕੀਤਾ ਗਿਆ। ਮਰੀਜ਼ਾਂ ਨੂੰ ਕਸਰਤ, ਸਹੀ ਬੈਠਣ-ਉੱਠਣ ਦੇ ਤਰੀਕਿਆਂ ਅਤੇ ਦਰਦ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ, ਇਸ ਕੈਂਪ ਵਿੱਚ ਆਏ ਮਰੀਜ਼ਾਂ ਦੇ ਬੀ.ਪੀ. (BP) ਅਤੇ ਬਲੱਡ ਸ਼ੂਗਰ ਦੇ ਸਾਰੇ ਟੈਸਟ ਵੀ ਮੁਫ਼ਤ ਕੀਤੇ ਗਏ। ਕੈਂਪ ਵਿੱਚ ਆਏ ਡਾਕਟਰਾਂ ਨੇ ਮਰੀਜ਼ਾਂ ਨੂੰ ਆਧੁਨਿਕ ਜੀਵਨ ਵਿੱਚ ਸਿਹਤ ਦੇ ਸਹੀ ਰੱਖ-ਰਖਾਅ ਲਈ ਖਾਣ-ਪੀਣ ਸਬੰਧੀ ਮਹੱਤਵਪੂਰਨ ਹਦਾਇਤਾਂ ਅਤੇ ਪਰਹੇਜ਼ ਆਦਿ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਸਿਹਤ ਦੀ ਰੱਖਿਆ ਕਰ ਸਕਦੇ ਹਾਂ।
ਡਾਕਟਰਾਂ ਨੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਉਹ ਫਾਸਟ-ਫੂਡ ਅਤੇ ਜੰਕ-ਫੂਡ ਦਾ ਬਿਲਕੁਲ ਵੀ ਸੇਵਨ ਨਾ ਕਰਨ ਅਤੇ ਘਰ ਦਾ ਬਣਿਆ ਖਾਣਾ ਹੀ ਖਾਣ ਕਿਉਂਕਿ ਇਸ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਕਸਰਤ ਜਾਂ ਵਿਆਯਾਮ ਜ਼ਰੂਰ ਕਰੋ। ਇਸ ਤੋਂ ਇਲਾਵਾ ਭੱਜ-ਦੌੜ ਅਤੇ ਚਿੰਤਾ ਨੂੰ ਘਟਾਓ, ਤਾਂ ਹੀ ਤੁਸੀਂ ਇੱਕ ਸਿਹਤਮੰਦ ਜੀਵਨ ਜੀ ਸਕਦੇ ਹੋ। ਕੈਂਪ ਦੇ ਅੰਤ ਵਿੱਚ ਸਾਰੇ ਭੈਣਾਂ-ਭਰਾਵਾਂ ਨੂੰ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ।
ਕਿਰਪਾਲ ਆਸ਼ਰਮ ਲੁਧਿਆਣਾ ਦੇ ਸਕੱਤਰ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਮਿਸ਼ਨ ਦੀ 64-ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ ਵੱਲੋਂ ਕਈ ਪ੍ਰਕਾਰ ਦੇ ਮਾਨਵ-ਕਲਿਆਣ ਕਾਰਜ ਕੀਤੇ ਜਾ ਰਹੇ ਹਨ, ਜਿਵੇਂ ਕਿ 6 ਅਪ੍ਰੈਲ, 2025 ਨੂੰ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਅਤੇ 30 ਮਾਰਚ, 2025 ਨੂੰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਨਾਲ-ਨਾਲ 5 ਜਨਵਰੀ, 2025 ਨੂੰ ਜਲੰਧਰ-ਬਾਈਪਾਸ ਰੋਡ 'ਤੇ ਭਗਤ ਸਿੰਘ ਕਲੋਨੀ ਵਿੱਚ ਸਥਿਤ ਮਦਰ ਟੈਰੇਸਾ ਹੋਮ ਵੱਲੋਂ ਸੰਚਾਲਿਤ 'ਸ਼ਾਂਤੀ ਨਿਵਾਸ' ਵਿੱਚ ਬੇਸਹਾਰਾ ਬੱਚਿਆਂ ਨੂੰ ਸਰਦੀਆਂ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤੂਆਂ ਦੀ ਮੁਫ਼ਤ ਵੰਡ ਕੀਤੀ ਗਈ। 12 ਮਈ, 2024 ਨੂੰ ਵੀ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ 21 ਜਨਵਰੀ, 2024 ਨੂੰ 130 ਪੌਦਿਆਂ ਦੀ ਵੀ ਮੁਫ਼ਤ ਵੰਡ ਕੀਤੀ ਗਈ ਸੀ।
ਕਿਰਪਾਲ ਆਸ਼ਰਮ ਲੁਧਿਆਣਾ ਦੇ ਪ੍ਰਧਾਨ ਸ੍ਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਖੂਨਦਾਨ ਕੈਂਪ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਅਤੇ ਸਿਹਤ ਜਾਂਚ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸਰੀਰਕ ਤੌਰ 'ਤੇ ਅਪੰਗ ਭੈਣਾਂ-ਭਰਾਵਾਂ ਨੂੰ ਸਹਾਇਤਾ ਲਈ ਉਪਕਰਣ ਵੀ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਜਿਵੇਂ ਕਿ ਤਾਮਿਲਨਾਡੂ ਵਿੱਚ ਆਈ ਸੁਨਾਮੀ, ਉੱਤਰਾਖੰਡ ਦੀ ਕੁਦਰਤੀ ਆਫ਼ਤ, ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹ ਅਤੇ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਸਮੇਂ ਵੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਜੀਵਨ ਨਾਲ ਸਬੰਧਤ ਜ਼ਰੂਰੀ ਵਸਤੂਆਂ ਦੇ ਨਾਲ-ਨਾਲ ਗਰਮ ਕੱਪੜੇ ਜਿਵੇਂ ਕਿ ਕੰਬਲ, ਸਵੈਟਰ ਅਤੇ ਫੋਮ ਦੇ ਗੱਦਿਆਂ ਤੋਂ ਇਲਾਵਾ ਦਵਾਈਆਂ ਆਦਿ ਦੀ ਵੀ ਵੰਡ ਕੀਤੀ ਗਈ।
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਵਿਸ਼ਵ ਭਰ ਵਿੱਚ ਅਨੇਕਾਂ ਯਾਤਰਾਵਾਂ ਕਰਕੇ ਲੱਖਾਂ ਲੋਕਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾ ਰਹੇ ਹਨ, ਜਿਸ ਨਾਲ ਅਸੀਂ ਆਪਣੇ ਮਨੁੱਖੀ ਜੀਵਨ ਦੇ ਉਦੇਸ਼ ਜੋ ਕਿ ਆਪਣੇ ਆਪ ਨੂੰ ਜਾਣਨਾ ਅਤੇ ਪਿਤਾ-ਪਰਮੇਸ਼ਵਰ ਵਿੱਚ ਲੀਨ ਹੋਣਾ ਹੈ, ਨੂੰ ਇਸੇ ਜੀਵਨ ਵਿੱਚ ਪੂਰਾ ਕਰ ਸਕਦੇ ਹਾਂ।
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਸੰਪੂਰਨ ਵਿਸ਼ਵ ਵਿੱਚ ਧਿਆਨ-ਅਭਿਆਸ ਦੁਆਰਾ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਪ੍ਰਸਾਰਿਤ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੁਆਰਾ ਕਈ ਸ਼ਾਂਤੀ ਪੁਰਸਕਾਰਾਂ ਅਤੇ ਸਨਮਾਨਾਂ ਦੇ ਨਾਲ-ਨਾਲ ਪੰਜ ਡਾਕਟਰੇਟ ਦੀਆਂ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਸੰਪੂਰਨ ਵਿਸ਼ਵ ਵਿੱਚ ਲਗਭਗ 3400 ਤੋਂ ਵੱਧ ਕੇਂਦਰ ਸਥਾਪਿਤ ਹਨ ਅਤੇ ਮਿਸ਼ਨ ਦਾ ਸਾਹਿਤ ਵਿਸ਼ਵ ਦੀਆਂ 55 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
