ਖੇਤੀਬਾੜੀ ਯੂਨੀਵਰਸਿਟੀ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ 'ਤੇ ਰੱਖਣ ਦੀ ਮੰਗ .
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 740 ਸਿੰਘਾਂ (ਸਾਥੀਆਂ) ਸਮੇਤ ਲਾਸਾਨੀ ਸ਼ਹਾਦਤ ਸਾਨੂੰ ਹੱਕ, ਸੱਚ ਅਤੇ ਇਨਸਾਫ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ- ਬਾਵਾ
ਮੁੱਲਾਂਪੁਰ ਦਾਖਾ, 9 ਜੂਨ (ਇੰਦਰਜੀਤ)- ਮਹਾਨ ਯੋਧੇ ਜਰਨੈਲ, ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸੰਤ ਬਾਬਾ ਸਰਬਜੋਤ ਸਿੰਘ ਨੇ "ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ" ਸ਼ਬਦ ਪੜਿਆ। ਇਸ ਸਮੇਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਬਾਬਾ ਰਣਜੀਤ ਸਿੰਘ, ਜਗਸੀਰ ਸਿੰਘ ਸਿਆਸੀ ਸਕੱਤਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ, ਜਗੀਰ ਸਿੰਘ ਡਾਇਰੈਕਟਰ ਹਲਵਾਰਾ ਏਅਰਪੋਰਟ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਜਗਜੀਵਨ ਸਿੰਘ ਗਰੀਬ, ਕਰਮਜੀਤ ਕੌਰ ਛੰਦੜਾਂ ਸੂਬਾ ਪ੍ਰਧਾਨ ਮਹਿਲਾ ਵਿੰਗ, ਸੋਨੀਆ ਅਰੋੜਾ ਪ੍ਰਧਾਨ ਮਹਿਲਾ ਵਿੰਗ ਦਿਹਾਤੀ ਮੁੱਖ ਤੌਰ 'ਤੇ ਹਾਜ਼ਰ ਹੋਏ।
ਇਸ ਸਮੇਂ ਤੇਜਾ ਸਿੰਘ ਹੰਬੜਾਂ, ਚਰਨਜੀਤ ਸਿੰਘ ਬਾਵਾ, ਗੁਰਬਖਸ਼ ਸਿੰਘ ਬਾਠ, ਤੋਤਾ ਦਾਸ ਬਾਵਾ, ਕੰਚਨ ਬਾਵਾ, ਜਗੀਰ ਸਿੰਘ ਡਾਇਰੈਕਟਰ ਏਅਰਪੋਰਟ, ਬਾਬਾ ਸਰਬਜੋਤ ਸਿੰਘ, ਜਗਸੀਰ ਸਿੰਘ, ਤਨਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਜਗੀਰ ਸਿੰਘ ਡਾਇਰੈਕਟਰ ਹਲਵਾਰਾ ਏਅਰਪੋਰਟ ਨਾਲ ਬਾਵਾ ਨੇ ਹਲਵਾਰਾ ਹਵਾਈ ਅੱਡੇ ਵਿਚ ਸੁਧਾਰਾਂ ਸਬੰਧੀ ਵਿਚਾਰਾਂ ਕੀਤੀਆਂ। ਬਾਵਾ ਨੇ ਕਿਹਾ ਕਿ ਪੇਂਡੂ ਖੇਤਰ ਲਈ ਹਲਵਾਰਾ ਏਅਰਪੋਰਟ ਘਰੇਲੂ ਉਡਾਣਾਂ ਲਈ ਬਹੁਤ ਉਤਮ ਵਿਕਲਪ ਹੈ। ਬਾਵਾ ਨੇ ਹਵਾਈ ਅੱਡੇ ਨੂੰ ਜਾਣ ਵਾਲੇ ਰਸਤੇ 'ਤੇ ਲੱਗਣ ਵਾਲੇ ਬੋਰਡ, ਦੂਰੀ ਅਤੇ ਫਲਾਈਟਾਂ ਦੇ ਸਮੇਂ ਵਿਚ ਤਬਦੀਲੀ ਸਬੰਧੀ ਉਨ੍ਹਾਂ ਨੂੰ ਸੁਝਾਅ ਵੀ ਦਿੱਤੇ।
ਇਸ ਸਮੇਂ ਬੋਲਦਿਆਂ ਦਾਖਾ, ਬਾਵਾ ਤੇ ਛਾਪਾ ਨੇ ਕਿਹਾ ਕਿ ਮਹਾਨ ਯੋਧੇ ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦਾ ਨਾਮ ਰੱਖਿਆ ਜਾਵੇ। ਉਹਨਾਂ ਕਿਹਾ ਕਿ ਬਾਬਾ ਜੀ ਦੀ 740 ਸਿੰਘਾਂ (ਸਾਥੀਆਂ) ਸਮੇਤ ਅਤੇ ਉਨ੍ਹਾਂ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਉਣਾ ਇਸ ਅਦਭੁਤ ਸ਼ਹਾਦਤ ਦੀ ਕਿਧਰੇ ਮਿਸਾਲ ਨਹੀਂ। ਉਹਨਾਂ ਕਿਹਾ ਕਿ ਬਾਬਾ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ
"ਦੇਗ ਤੇਗ ਫਤਹਿ, ਨੁਸਰਤ ਬੇਦਰੰਗ
ਯਾਵਤ ਅਜ ਗੁਰੂ ਗੋਬਿੰਦ ਸਿੰਘ।"
ਇਸ ਸਮੇਂ ਤੇਜਾ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੱਕ ਅਤੇ ਸੱਚ ਅਤੇ ਇਨਸਾਫ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਕਿਹਾ ਕਿ ਲੋੜ ਹੈ ਬਾਬਾ ਜੀ ਦਾ ਜੀਵਨ ਪੰਜਾਬ ਸਰਕਾਰ ਪਾਠ ਪੁਸਤਕਾਂ ਵਿੱਚ ਸ਼ਾਮਿਲ ਕਰੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਗਿਆਨ ਹੋਵੇ। ਇਸ ਸਮੇਂ ਬਾਵਾ ਨੇ ਦੱਸਿਆ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਜੈਨ (ਮੱਧ ਪ੍ਰਦੇਸ਼) ਵਿਖੇ ਮਨੋਹਰ ਬੈਰਾਗੀ ਅਤੇ ਸੰਢੌਰਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਇੰਦਰਜੀਤ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ।
ਇਸ ਸਮੇਂ ਸੰਤੋਸ਼ ਰਾਣੀ, ਮਨਜੀਤ ਕੌਰ ਦਾਖਾ, ਅੰਮ੍ਰਿਤਪਾਲ ਕੌਰ, ਤਜਿੰਦਰ ਸਿੰਘ, ਸੁਰਜੀਤ ਕੌਰ, ਬਲਦੇਵ ਸਿੰਘ ਰਕਬਾ, ਅਮਨਦੀਪ ਬਾਵਾ, ਅਰਜੁਨ ਬਾਵਾ ਸ਼ਾਮਿਲ ਹੋਏ।
