ਪ੍ਰਦੂਸ਼ਣ ਨਾਲੋਂ ਕਿਧਰੇ ਦੂਸ਼ਿਤ ਮੇਰਾ ਮਨ.

 

ਪ੍ਰਦੂਸ਼ਣ ਨਾਲੋਂ ਕਿਧਰੇ ਦੂਸ਼ਿਤ ਮੇਰਾ ਮਨ,

ਜੋ ਪਾਕ ਨਾ ਛੱਡਿਆ ਕੁਦਰਤ ਦਾ ਇੱਕ ਵੀ ਕਣ 

ਲਾਹਨਤ ਪਾਉ ਲੋਕੋ ਤੁਸੀੰ ਸਮੇਂ ਹਾਲਾਤਾਂ 'ਤੇ,

ਮੈਂ ਆਪ ਹੀ ਟੋਆ ਪੁੱਟਿਆ ਹੈ ਆਪਣੀਆਂ ਵਾਟਾਂ 'ਤੇ।


ਮੈਂ ਇਨਸਾਨ ਜੀਵਨ-ਚੱਕਰ ਵਿੱਚ ਸਭ ਤੋਂ ਉੱਪਰ,

ਬੇਜ਼ੁਬਾਨ ਜੀਵ-ਜੰਤੂ ਹੁਣ ਮੇਰੇ ਤੋਂ  ਉੱਤਰ।

ਕੀ ਖੱਟਿਆ ਕਰਕੇ ਤਰੱਕੀਆਂ ਮੈਂ  ਇਨਸਾਨ,

ਅੱਜ ਬਚਾ ਨਾ ਸਕਦਾ ਖੁਦ ਨੂੰ ਮੈਂ ਬੇਬਸ ਬੇਜਾਨ।


ਹਵਾ ਹੈ ਦੂਸ਼ਿਤ,ਪਾਣੀ ਦੂਸ਼ਿਤ, ਧਰਤ ਗੁਰਾਂ ਦੀ ਕਰ 'ਤੀ ਦੂਸ਼ਿਤ,

ਆਬਰੂ ਜਿਸਦੀ ਮੈਂ ਹੀ ਲੁੱਟੀ, ਕੁਦਰਤ ਕੀਤੀ ਮੈਂ ਹੀ ਸ਼ੋਸ਼ਿਤ।

ਖੁਦ ਨੂੰ ਮੈਂ ਵਿਦਵਾਨ ਸਮਝਿਆ, ਪਾਗਲਪਣ ਦੀ ਹੱਦ ਕਰ ਦਿੱਤੀ

ਅਣਜਾਣੇ 'ਚ ਪਾਪ ਜੋ ਕੀਤਾ, ਬਣਨਾ ਮੈਂ ਉਸ ਪਾਪ ਦਾ ਭੋਗੀ ।।


ਮੈਂ ਇਨਸਾਨ ਅਕ੍ਰਿਤਘਣ ਬਣ ਕੇ ਰਿਹਾ,

ਧਰਤੀ ਨੇ ਬੇਚਾਰੀ ਕੀ ਕੁੱਝ ਨਾ ਸਿਹਾ।

ਮੈਂ ਅੱਤ ਮਚਾਈ ਖੁਦ ਦੀ ਸ਼ਮੂਲੀਅਤ ਕਰਕੇ,

ਬਖ਼ਸ਼ਦੀ ਰਹੀ ਜੋ ਮੈਨੂੰ ਮੇਰੀ ਸਹੂਲਤ ਕਰਕੇ।।


ਹੁਣ ਮੇਰੇ 'ਤੇ ਆਈ ਮੁਸੀਬਤ, ਮੈਨੂੰ ਰਾਹ ਨਹੀਂ ਲੱਭਦਾ,

ਦਮ ਘੁੱਟੇ ਮਾਹੌਲ ਹੈ ਐਸਾ ਕਿ ਸਾਹ ਨਹੀਂ ਲੱਭਦਾ।।

ਤ੍ਰਿਸ਼ਨਾ ਨਾਲ ਭਰੀਆਂ ਅੱਖਾਂ ਅੱਜ ਆਸ ਨਾਲ ਲੱਦੀਆਂ ਨੇ,

ਕੁੱਝ ਨੀ ਪੱਲੇ ਮੇਰੇ ਬੱਸ ਹੁਣ ਤਾਂ ਡੋਰਾਂ ਉਸ ਰੱਬ ਤੇ ਛੱਡੀਆਂ ਨੇ।।

                                                                      -- ਸਿਧਾਰਥ