ਕੀ ਦੱਸਾਂਗੇ .
ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੁਦਰਤ ਕਿਵੇਂ ਦਿਖਾਵਾਂਗੇ,
ਹੁਣ ਦੀ ਕੀਤੀ ਅਣਗਹਿਲੀ 'ਤੇ ਸਾਰੀ ਉਮਰ ਪਛਤਾਵਾਂਗੇ ।
ਕੀ ਦੱਸਾਂਗੇ ਚੱਲਦੀ ਸੀਤ ਤੇ ਸਾਫ਼ ਹਵਾ ਕੀ ਹੁੰਦੀ ਸੀ,
ਕੀ ਦੱਸਾਂਗੇ ਪਿੱਪਲ , ਬੋਹੜ ਦੀ ਠੰਢੀ ਛਾਂ ਕੀ ਹੁੰਦੀ ਸੀ ।
ਕੀ ਦੱਸਾਂਗੇ ਖਿੜੇ ਹੋਏ ਫੁੱਲਾਂ ਦਾ ਚਾਅ ਕੀ ਹੁੰਦਾ ਸੀ,
ਕੀ ਦੱਸਾਂਗੇ ਹਰਿਆ ਭਰਿਆ ਕੋਮਲ ਘਾਹ ਕੀ ਹੁੰਦਾ ਸੀ ।
ਕੀ ਦੱਸਾਂਗੇ ਪੰਛੀ ਕਿੱਦਾਂ ਆਲੵਣਿਆਂ ਵਿੱਚ ਰਹਿੰਦੇ ਸੀ,
ਕੀ ਦੱਸਾਂਗੇ ਛੱਪੜ , ਝਰਨੇ , ਨਹਿਰਾਂ ਕੀਹਨੂੰ ਕਹਿੰਦੇ ਸੀ।
ਕੀ ਦੱਸਾਂਗੇ ਬਾਗਾਂ ਵਿੱਚ ਕਿੰਝ ਤਿਤਲੀ ਗਿੱਧਾ ਪਾਉਂਦੀ ਸੀ,
ਕੀ ਦੱਸਾਂਗੇ ਫ਼ਸਲ ਕਿਵੇਂ ਖੇਤਾਂ ਵਿੱਚ ਲਹਿਰਾਉਂਦੀ ਸੀ ।
ਕੀ ਦੱਸਾਂਗੇ ਰੁੱਤ ਬਦਲਦੀ ਰਾਣੀ ਕੀਹਨੂੰ ਕਹਿੰਦੇ ਸੀ,
ਕੀ ਦੱਸਾਂਗੇ ਧਰਤ ਹੇਠਲਾ ਪਾਣੀ ਕੀਹਨੂੰ ਕਹਿੰਦੇ ਸੀ ।
ਕੀ ਦੱਸਾਂਗੇ ਕਿੰਨੀਆਂ ਨਸਲਾਂ ਆਪਣੇ ਹੱਥੀਂ ਮਾਰੀਆਂ ਨੇ,
ਥੋਡੇ ਵੇਖਣ ਨੂੰ ਤਾਂ ਬੱਸ ਤਸਵੀਰਾਂ ਬਣੀਆਂ ਸਾਰੀਆਂ ਨੇ ।
ਪਵਣੁ ਗੁਰੂ ਤੇ ਪਾਣੀ ਪਿਤਾ ਜਿਹੇ ਸ਼ਬਦ ਜਦੋਂ ਦੁਹਰਾਉਂਗੇ,
ਕਿਹੜੇ ਮੂੰਹ ਨਾਲ ਬੱਚਿਆਂ ਨੂੰ ਇਸ ਦਾ ਮਤਲਬ ਸਮਝਾਉਂਗੇ ।
ਕੀ ਹੁੰਦੀ ਸੀ ਕੁਦਰਤ ਕਿੱਦਾਂ ਬੱਚਿਆਂ ਨੂੰ ਸਮਝਾਉਂਗੇ,
ਆਉਣ ਵਾਲੀਆਂ ਨਸਲਾਂ ਨੂੰ ਤੁਸੀਂ ਕੀਕਣ ਸਭ ਸਮਝਾਉਂਗੇ ।
- ਸਿੰਮੀ ਧੀਮਾਨ