ਉਡਾਣਾਂ ਵਿਚ ਨਹੀਂ ਮਿਲੇਗਾ ਹੁਣ ਫ੍ਰੀ ਖਾਣਾ.

ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਇੱਕ ਨਵੀਂ ‘ਬੇਸਿਕ ਫੇਅਰ’ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਨੂੰ ਫ੍ਰੀ ਖਾਣੇ ਦੀ ਸਹੂਲਤ ਨਹੀਂ ਮਿਲੇਗੀ।

ਇਹ ਕਦਮ ਵਧ ਰਹੀਆਂ ਲਾਗਤਾਂ ਦੇ ਅਤੇ ਘਾਟੇ ਦੇ ਮੱਦੇਨਜ਼ਰ ਚੁੱਕਿਆ ਹੈ।

ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਬੇਸਿਕ ਫੇਅਰ ਪੂਰੀ ਤਰ੍ਹਾਂ ਵਿਕਲਪਿਕ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਪਹਿਲਾਂ ਵਾਂਗ ਵੈਲਿਊ, ਕਲਾਸਿਕ ਅਤੇ ਫਲੈਕਸ ਫੇਅਰ ਸ਼੍ਰੇਣੀਆਂ ਵੀ ਉਪਲਬਧ ਰਹਿਣਗੀਆਂ।

ਵੈਲਿਊ, ਕਲਾਸਿਕ ਅਤੇ ਫਲੈਕਸ ਸ਼੍ਰੇਣੀਆਂ ਵਿੱਚ ਮੁਫ਼ਤ ਖਾਣਾ ਅਤੇ ਹੋਰ ਕਈ ਵਾਧੂ ਸਹੂਲਤਾਂ ਸ਼ਾਮਲ ਹਨ। ਇਨ੍ਹਾਂ ਸ਼੍ਰੇਣੀਆਂ ਦੀ ਕੀਮਤ ਸਹੂਲਤਾਂ ਦੇ ਅਨੁਸਾਰ ਵੱਧਦੀ ਜਾਂਦੀ ਹੈ।

ਏਅਰ ਇੰਡੀਆ ਨੇ ਕਿਹਾ ਕਿ ਬੇਸਿਕ ਫੇਅਰ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਇੱਕ ਹੋਰ ਚੋਣ ਮਿਲੇਗੀ, ਖ਼ਾਸ ਕਰਕੇ ਉਹਨਾਂ ਯਾਤਰੀਆਂ ਨੂੰ ਜੋ ਘੱਟ ਕੀਮਤ ‘ਤੇ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਵਾਧੂ ਸਹੂਲਤਾਂ ਦੀ ਲੋੜ ਮਹਿਸੂਸ ਨਹੀਂ ਕਰਦੇ।ਏਅਰਲਾਈਨ ਮੁਤਾਬਕ ਬੇਸਿਕ ਫੇਅਰ ਇਸ ਵੇਲੇ ਚੁਣਿੰਦੇ ਘਰੇਲੂ ਰੂਟਾਂ ‘ਤੇ ਪਾਇਲਟ ਪ੍ਰਾਜੈਕਟ ਤਹਿਤ ਉਪਲਬਧ ਕਰਵਾਇਆ ਗਿਆ ਹੈ।

ਏਅਰ ਇੰਡੀਆ ਨੇ ਦੱਸਿਆ ਕਿ ਇਹ ਫੇਅਰ ਇਕੋਨੋਮੀ ਕਲਾਸ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ। ਇਸ ਵਿੱਚ 15 ਕਿਲੋਗ੍ਰਾਮ ਚੈਕ-ਇਨ ਸਾਮਾਨ ਅਤੇ 7 ਕਿਲੋਗ੍ਰਾਮ ਕੈਬਿਨ ਸਾਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਚਾਹ ਜਾਂ ਕੌਫੀ ਵਰਗੀ ਮੁਫ਼ਤ ਪੀਣ ਵਾਲੀ ਸੇਵਾ ਮਿਲੇਗੀ, ਪਰ ਮੁਫ਼ਤ ਖਾਣਾ ਸ਼ਾਮਲ ਨਹੀਂ ਹੋਵੇਗੀ।

ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਇਲਟ ਪ੍ਰਾਜੈਕਟ ਦੌਰਾਨ ਯਾਤਰੀਆਂ ਦੇ ਫੀਡਬੈਕ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਬੇਸਿਕ ਫੇਅਰ ਨੂੰ ਸਥਾਈ ਤੌਰ ’ਤੇ ਜਾਰੀ ਰੱਖਣਾ ਹੈ ਜਾਂ ਨਹੀਂ।