ਚੋਣਾਂ ਮਿਥੇ ਸਮੇਂ ਤੇ ਹੀ.
ਪੰਜਾਬ ਸਣੇ ਪੰਜ ਰਾਜਾਂ ਵਿੱਚ 2027 ਦੇ ਪਹਿਲੇ 6 ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮਿਥੇ ਸਮੇਂ ’ਤੇ ਹੀ ਹੋਣਗੀਆਂ। ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਵਿੱਚ ਟਕਰਾਅ ਤੋਂ ਬਚਣ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ ਅਗੇਤੀਆਂ ਕਰਵਾਉਣ ਦੀ ਹਾਲ ਦੀ ਘੜੀ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ’ਤੇ ਹੀ ਹੋਣਗੀਆਂ ਅਤੇ ਸਿਆਸੀ ਪਾਰਟੀਆਂ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਲਈ ਕਾਫ਼ੀ ਸਮਾਂ ਹੋਵੇਗਾ।
ਗ਼ੌਰਤਲਬ ਹੈ ਕਿ ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ-ਮਾਰਚ 2027 ਦੌਰਾਨ ਹੋਣੀਆਂ ਹਨ। ਮਰਦਮਸ਼ੁਮਾਰੀ ਦਾ ਦੂਜਾ ਗੇੜ-ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ, ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਵਿੱਚ ਹੋਣਾ ਹੈ। ਇਸ ਦੌਰਾਨ ਅਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਸਮਾਜਿਕ, ਆਰਥਿਕ, ਸੱਭਿਆਚਾਰਕ, ਪਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ।
ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਵਿੱਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ- ਅਪਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤਕ ਚੱਲੇਗਾ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ ਤੇ ਉਸ ਨੇ ਕੇਵਲ ਸਿੰਘ ਢਿਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ’ਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹਨ।
ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਵਿੱਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕਾਂ ਦੀ ਪਾਰਟੀ ਹੈ ਤੇ ਉਸ ਨੇ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਹਨ। ਉਧਰ, ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸ ਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ’ਤੇ ਕਾਬਜ਼ ਹੋਵੇਗੀ।
